ਬਲਿਹਾਰੀ ਗੁਰ ਆਪਨੇ ਚਰਨਨ੍ਹ ਬਲਿ ਜਾਉ ॥
ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਬਿਲਾਵਲੁ  ਅੰਗ ੮੧੮ (818)

ਹੇ ਭਾਈ! ਮੈਂ ਆਪਣੇ ਗਿਆਨ ਰੂਪ ਗੁਰੂ ਤੋਂ ਕੁਰਬਾਨ, ਬਲਿਹਾਰੇ ਜਾਂਦਾ ਹਾਂ, ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ ।

ਗੁਰੂ ਦੀ ਬਾਣੀ ਦਾ ਦਰਸਨ ਤੇ ਵੀਚਾਰ ਕਰ ਕੇ ਮੈਂ ਸੱਚ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ, ਤੇ ਮੇਰੇ ਅੰਦਰ ਸਾਰੇ ਆਤਮਿਕ ਆਨੰਦ, ਸਾਰੇ ਸੁਖ, ਸਾਰੇ ਚਾਉ-ਹੁਲਾਰੇ ਬਣੇ ਰਹਿੰਦੇ ਹਨ ।


31 ਅਕਤੂਬਰ, 1984 : ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ

ਜੂਨ ਚੁਰਾਸੀ ਵਿਚ ਦਰਬਾਰ ਸਾਹਿਬ, ਅਮ੍ਰਿਤਸਰ ਅਤੇ ਆਕਾਲ ਤਖਤ ਵਿਖੇ ਫੌਜਾਂ ਨੂੰ ਭੇਜਣ ਦਾ ਹੁਕਮ ਜਾਰੀ ਕਰਨ ਵਾਲੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਕਾਰੇ ਦੀ ਕੀਮਤ ਦੇਣੀ ਪਈ ਜਦੋਂ 31 ਅਕਤੂਬਰ, 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਦੋ ਸਿੱਖ ਸੁਰੱਖਿਆ ਕਰਮੀਆਂ ਨੇ ਗੋਲੀਆਂ ਮਾਰ ਕੇ ਕਤਲ ਦਿੱਤਾ।

ਸ਼ਾਮ ਹੁੰਦੇ-ਹੁੰਦੇ ਪੂਰੀ ਦਿੱਲੀ ਸਮੇਤ ਉੱਤਰ ਭਾਰਤ ਵਿੱਚ ਸਿੱਖਾਂ ਖਿਲਾਫ਼ ਹਿੰਸਾ ਸ਼ੁਰੂ ਹੋ ਗਈ। ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਵਿੱਚ ਸਿੱਖਾਂ ਖਿਲਾਫ ਭਿਆਨਕ ਹਿੰਸਾ ਤੋਂ ਇੱਕ ਵੱਡੀ ਅਣਹੋਣੀ ਦੀ ਸ਼ੁਰੂਆਤ ਹੋਈ।

ਅਗਲੇ ਪੂਰੇ ਹਫ਼ਤੇ ਸਾਰੇ ਦੇਸ਼ ਦਾ ਪ੍ਰਬੰਧਕੀ, ਕਾਨੂੰਨੀ ਵਿਵਸਥਾ ਅਤੇ ਨਿਆਂ-ਤੰਤਰ ਠੱਪ ਪਿਆ ਰਿਹਾ । ਹਿੰਸਾ ਦਾ ਦੌਰ ਬੇ-ਰੋਕਟੋਕ ਚੱਲਦਾ ਰਿਹਾ। ਦੇਸ਼ ਦੇ ਹੋਰ ਰਾਜਾਂ ਦੇ ਛੋਟੇ-ਵੱਡੇ ਸ਼ਹਿਰਾਂ ਵਿਚ ਵੀ ਸੋਚੀ-ਸਮਝੀ ਸਾਜਿਸ਼ ਅਧੀਨ ਹਿੰਸਾ ਤੇ ਕਤਲੇਆਮ ਕੀਤੇ ਗਏ।