ਮਃ ੫ ॥

ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥
ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਮਾਰੂ  ਅੰਗ ੧੧੦੧ (1101)

ਗੁਰਮੁਖਿ-ਸੰਤ ਜਨਾਂ ਦੇ ਉਪਦੇਸ਼-ਮਈ ਬਚਨ ਸੁਖੀ ਰਹਿਣ ਦਾ ਢੰਗ ਵਿਖਾਲਣ ਵਾਲਾ ਰਸਤਾ ਹਨ; ਪਰ ਇਹਨਾਂ ਗਿਆਨ ਦੇ ਬਚਨਾਂ ਦੀ ਸੋਝੀ ਉਹਨਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਮੱਥੇ ਉਤੇ ਬੁਧਿ-ਬਿਬੇਕ ਵਾਲੇ ਚੰਗੇ ਕਰਮ ਕਰਨ ਦਾ ਭਾਗ ਉੱਘੜਦਾ ਹੈ ।


31 ਜੁਲਾਈ, 1940 : ਸ਼ਹੀਦ ਊਧਮ ਸਿੰਘ ਨੂੰ ਪੈਟੋਨਵਿਲੇ ਜੇਲ੍ਹ, ਲੰਡਨ ਵਿੱਚ ਫ਼ਾਂਸੀ

13 ਅਪਰੈਲ, 1919 ਦੇ ਜਲਿਆਂਵਾਲੇ ਬਾਗ ਸਾਕੇ ਦਾ ਬਦਲਾ ਸਰਦਾਰ ਉਧਮ ਸਿੰਘ ਨੇ 13 ਮਾਰਚ, 1940 ਨੂੰ ਲੰਡਨ ਵਿਚ ਜਨਰਲ ਓਡਵਾਇਰ ਨੂੰ ਗੋਲੀ ਮਾਰ ਕੇ ਲਇਆ ਸੀ ।

5 ਜੂਨ, 1940 ਨੂੰ ਮਿਸਟਰ ਜਸਟਿਸ ਐਟਕਿਨਸਨ ਦੀ ਅਦਾਲਤ ਵਿੱਚ ਕੇਸ ਪੇਸ਼ ਹੋਇਆ। ਸਜ਼ਾ ਸੁਨਾਉਣ ਤੋਂ ਪਹਿਲਾਂ ਤਕਰੀਬਨ 15-ਕੁ ਮਿੰਟ ਊਧਮ ਸਿੰਘ ਬਿਆਨ ਦਿੰਦਾ ਰਿਹਾ, ਜਿਸਨੂੰ ਪ੍ਰਕਾਸ਼ਿਤ ਕਰਨ ਤੇ ਜੱਜ ਨੇ ਰੋਕ ਲਾ ਦਿੱਤੀ।

ਜਦੋਂ ਜੱਜ ਨੇ ਉਸ ਨੂੰ ਮਾਈਕਲ ਉਡਵਾਇਰ ਨੂੰ ਮਾਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਸੀ ਕਿ “ਉਹ ਸਾਡਾ ਪੁਰਾਣਾ ਦੁਸ਼ਮਣ ਸੀ ਅਤੇ ਉਹ ਇਸ ਸਜ਼ਾ ਦਾ ਹੱਕਦਾਰ ਸੀ।” ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ।

31 ਜੁਲਾਈ, 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ। ਇੰਗਲੈਂਡ ਸਰਕਾਰ ਨੇ ਚੌਂਤੀ ਸਾਲ ਬਾਅਦ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪੀਆਂ ਤਾਂ 31 ਜੁਲਾਈ, 1974 ਨੂੰ ਉਨ੍ਹਾਂ ਦਾ ਸਸਕਾਰ ਸੁਨਾਮ ਵਿਖੇ ਕੀਤਾ ਗਿਆ।