ਸਲੋਕ ਮਃ ੫ ॥
ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥
ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗੂਜਰੀ ਅੰਗ ੫੧੯ (519)
ਸਾਨੂੰ ਕਾਮ, ਕ੍ਰੋਧ ਅਤੇ ਲੋਭ ਜਿਹੇ ਵਿਕਾਰ ਛੱਡ ਦੇਣੇ ਚਾਹੀਦੇ ਹਨ। ਇਹਨਾਂ ਵਿਕਾਰਾਂ ਨੂੰ ਜਿਵੇਂ ਕਿਸੇ ਅੱਗ ਵਿਚ ਹੀ ਸਾੜ ਦੇਈਏ। ਅਸੀਂ ਜਦੋਂ ਤਕ ਜੀਊਂਦੇ ਹਾਂ ਮਾਲਕ ਦਾ ਸੱਚਾ ਨਾਮ ਸਦਾ ਹੀ ਸਿਮਰਦੇ ਰਹੀਏ ।
31 ਅਗਸਤ, 1922 : ਗੁਰੂ ਕਾ ਬਾਗ਼ ਮੋਰਚੇ ਵਿਚ ਸੌ ਸਿਘਾਂ ਦਾ ਫੌਜੀ ਜਥਾ ਸੂਬੇਦਾਰ ਅਮਰ ਸਿੰਘ ਦੀ ਅਗਵਾਈ ਵਿਚ ਸ਼ਾਮਿਲ
ਗੁਰੂ ਕਾ ਬਾਗ਼ ਦੇ ਮੋਰਚੇ ਵਿਚ 31 ਅਗਸਤ, 1922 ਨੂੰ ਜਦੋਂ ਸੌ ਸਿਘਾਂ ਦਾ ਫੌਜੀ ਜਥਾ ਸੂਬੇਦਾਰ ਅਮਰ ਸਿੰਘ ਦੀ ਜਥੇਦਾਰੀ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਕੇ ਬਾਗ਼ ਨੂੰ ਚਲਿਆ ਤਾਂ ਲੋਕ ਫੌਜੀਆਂ ਨੂੰ ਮੋਰਚੇ ਵਿਚ ਸ਼ਾਮਿਲ ਹੁੰਦੇ ਦੇਖ ਕੇ ਹੈਰਾਨ ਹੋ ਰਹੇ ਸ਼ਨ।
ਕਚਹਿਰੀ ਪਾਸ ਸੂਬੇਦਾਰ ਅਮਰ ਸਿੰਘ ਨਾਲ ਡਿਪਟੀ ਕਮਿਸ਼ਨਰ ਨੇ ਗਲਬਾਤ ਕੀਤੀ ਕਿ ਸਾਡੀ ਸਿੱਖਾਂ ਨਾਲ ਸੱਤਰ ਸਾਲ ਦੀ ਦੋਸਤੀ ਕਾਇਮ ਰਹਿਣੀ ਚਾਹੀਦੀ ਹੈ। ਸੂਬੇਦਾਰ ਅਮਰ ਸਿੰਘ ਨੇ ਕਿਹਾ ਕਿ ਇਹ ਸਾਡੇ ਧਰਮ ਦਾ ਸਵਾਲ ਹੈ। ਇਸ ਲਈ ਤੁਹਾਨੂੰ, ਮੇਰੇ ਨਾਲ ਨਹੀਂ, ਸ਼ਰੋਮਣੀ ਕਮੇਟੀ ਨਾਲ ਗਲਬਾਤ ਕਰਨੀ ਚਾਹੀਦੀ ਹੈ।
ਇਹ ਜਥਾ ਕੇਵਲ ਗ੍ਰਿਫ਼ਤਾਰ ਕੀਤਾ ਗਿਆ। ਪਰ ਇਸ ਪਿੱਛੋਂ ਬਾਕੀ ਜਥਿਆਂ ਉਤੇ ਬੜੀ ਬੇਰਹਿਮੀ ਨਾਲ ਮਾਰ ਕੁਟਾਈ ਸ਼ੁਰੂ ਹੋ ਗਈ। ਇਥੋਂ ਤੀਕ ਕਿ ਫੱਟੜ ਸਿੰਘਾਂ ਦੀ ਗਿਣਤੀ ਤੇਰਾਂ ਸੌ ਤਕ ਪਹੁੰਚ ਗਈ।
ਗੁਰੂ ਕੇ ਬਾਗ ਮੋਰਚੇ ਦੇ ਇਹ ਸਾਰੇ ਕੈਦੀ ਅੰਗਰੇਜ਼ ਸਰਕਾਰ ਨੇ ਮਈ, 1923 ਵਿਚ ਹੀ ਰਿਹਾਅ ਕੀਤੇ।