ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨਾ ॥
ਬੰਧਨ ਕਾਟਿ ਮੁਕਤਿ ਗੁਰਿ ਕੀਨਾ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਬਿਲਾਵਲੁ ਅੰਗ ੮੦੪ (804)
ਇਨਸਾਨ ਦਾ ਮਨ ਸਦਾ ਹੀ ਪੰਜ-ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ) ਵਿਚ ਫਸਿਆ ਰਹਿੰਦਾ ਹੈ । ਸੱਚੇ ਗੁਰੂ ਦੇ ਗਿਆਨ ਨੇ ਉਸ ਦੇ ਇਹ ਸਾਰੇ ਬੰਧਨ ਕੱਟ ਕੇ ਉਸ ਨੂੰ ਇਹਨਾਂ ਵਿਕਾਰਾਂ ਤੋਂ ਛੁਟਕਾਰਾ, ਭਾਵ ਆਤਮਕ ਮੁਕਤੀ ਦੇ ਦੇਣੀ ਹੈ।
30 ਨਵੰਬਰ, 1710 : ਮੁਗ਼ਲ ਫੌਜ ਦਾ ਲੋਹਗੜ੍ਹ ਕਿਲ੍ਹੇ ਉਤੇ ਹਮਲਾ
ਬਹਾਦੁਰ ਸ਼ਾਹ ਦੇ ਹੁਕਮਾਂ ਦੇ ਮੁਤਾਬਿਕ ਮੋਇਨ ਖਾਨ ਅਤੇ ਮਹਾਬਤ ਖ਼ਾਨ ਨੇ 30 ਨਵੰਬਰ, 1710 ਵਾਲੇ ਦਿਨ ਬਾਬਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੋਰਚਿਆਂ ਦਾ ਜਾਇਜ਼ਾ ਲੈਣ ਮਗਰੋਂ ਬਾਦਸ਼ਾਹ ਨੂੰ ਆਪਣੀ ਰਿਪੋਰਟ ਸੋਂਪ ਦਿੱਤੀ, ਅਤੇ ਹੁਕਮ ਅਨੁਸਾਰ ਲੋਹਗੜ੍ਹ ਦੇ ਕਿਲ੍ਹੇ ਤੇ ਹਮਲਾ ਬੋਲ ਦਿੱਤਾ।
ਮੁਗਲ ਫੌਜਾਂ ਨੱਬੇ ਹਜ਼ਾਰ ਸੀ, ਜਦਕਿ ਖ਼ਾਲਸਾ ਫੌਜ ਤਕਰੀਬਨ ਪੰਦਰਾਂ ਸੌ ਹੀ ਸੀ। ਕੋਲ ਰਾਸ਼ਨ ਅਤੇ ਹਥਿਆਰ ਵੀ ਬਹੁਤ ਥੋੜ੍ਹੇ ਸਨ। ਲੜਾਈ ਵਿਚ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਸ਼ਾਮ ਢਲਦਿਆਂ ਹੀ ਸਿੰਘ ਮੋਰਚਿਆਂ ਵਿੱਚੋਂ ਬਾਹਰ ਨਿਕਲੇ ਆਏ ਅਤੇ ਉਨ੍ਹਾਂ ਨੇ ਮੁਗ਼ਲ ਫ਼ੌਜਾਂ ਉਤੇ ਨੇਜਿਆਂ, ਭਾਲਿਆਂ ਅਤੇ ਕਿਰਪਾਨਾਂ ਦੇ ਨਾਲ ਆਹਮਣੇ ਸਾਹਮਣਿਉਂ ਦੀ ਲੜਾਈ ਸ਼ੁਰੂ ਕਰ ਦਿੱਤੀ। ਇੰਜ ਰਾਤ ਪੈਣ ਤੱਕ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ।
ਅੰਤ ਗੁਰਮਤਾ ਕਰ ਕੇ ਖ਼ਾਲਸਾ ਫੌਜ ਰਾਤ ਦੇ ਹਨੇਰੇ ਵਿੱਚ ਕਿਲ੍ਹੇ ਵਿੱਚੋਂ ਨਿੱਕਲ ਕੇ ਪਹਾੜਾਂ ਵੱਲ ਚਲੀ ਗਈ।