ਮਃ ੩ ॥

ਹਰਿ ਗੁਰਮੁਖਿ ਤਿਨ੍ਹੀ ਅਰਾਧਿਆ ਜਿਨ੍ਹ ਕਰਮਿ ਪਰਾਪਤਿ ਹੋਇ ॥
ਨਾਨਕ ਹਉ ਬਲਿਹਾਰੀ ਤਿਨ੍ਹ ਕਉ ਜਿਨ੍ਹ ਹਰਿ ਮਨਿ ਵਸਿਆ ਸੋਇ ॥੨॥

 ਮਹਲਾ ੩ – ਗੁਰੂ ਅਮਰਦਾਸ ਜੀ
 ਰਾਗ ਸਾਰੰਗ  ਅੰਗ ੧੨੪੮ (1248)

ਗੁਰੂ ਦੇ ਸਨਮੁਖ ਰਹਿ ਕੇ ਉਹਨਾਂ ਮਨੁੱਖਾਂ ਨੇ ਸੱਚੇ ਮਾਲਕ ਨੂੰ ਸਿਮਰਿਆ ਹੈ ਜਿਨ੍ਹਾਂ ਦੇ ਭਾਗਾਂ ਵਿਚ ਉਸ ਦੀ ਮਿਹਰ ਨਾਲ ‘ਸਿਮਰਨ’ ਲਿਖਿਆ ਹੋਇਆ ਹੈ । ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ ਕਿ ਮੈਂ ਆਪ ਹੀ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਦੇ ਮਨ ਵਿਚ ਉਹ ਮਾਲਕ ਵੱਸਦਾ ਹੈ ।


30 ਮਈ, 1746 : ਛੋਟਾ ਘੱਲੂਘਾਰਾ (ਕਾਹਨੂੰਵਾਨ ਛੰਭ) ਦਾ ਆਖਰੀ ਖੂਨੀ ਦਿਨ

ਛੋਟਾ ਘੱਲੂਘਾਰਾ ਸਿੱਖਾਂ ਅਤੇ ਮੁਗਲਾਂ ਦਰਮਿਆਨ, 16 ਮਈ ਤੋਂ 30 ਮਈ, 1746 ਵਿਚ, ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ‘ਚ ਵਾਪਰਿਆ। ਇਹ ਇਕ ਅਜਿਹਾ ਖੂਨੀ ਦੁਖਾਂਤ ਜੋ ਕਿ ਸਿੱਖ ਇਤਿਹਾਸ ਵਿੱਚ ਛੋਟੇ ਘੱਲੂਘਾਰੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।

ਯਾਹੀਆ ਖ਼ਾਨ ਦੇ ਵਧਦੇ ਜ਼ੁਲਮਾਂ ਨੂੰ ਵੇਖਦਿਆਂ ਨਵਾਬ ਕਪੂਰ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖਾਂ ਨੂੰ ਕਾਹਨੂੰਵਾਨ ’ਚ ਇਕੱਠੇ ਹੋਣ ਦਾ ਹੁਕਮ ਕੀਤਾ ਤਾਂ ਸਿੱਖਾਂ ਨੇ ਕਾਹਨੂੰਵਾਨ ਛੰਭ ’ਚ ਜਾ ਟਿਕਾਣਾ ਕਰ ਲਿਆ। ਜਦੋਂ ਹਜ਼ਾਰਾਂ ਦੀ ਗਿਣਤੀ ’ਚ ਸਿੰਘ ਇਕੱਠੇ ਹੋਣ ਦੀ ਸੂਹ ਮਿਲੀ ਤਾਂ ਯਾਹੀਆ ਖ਼ਾਨ ਤੇ ਲਖਪਤ ਰਾਏ ਨੇ ਘੇਰਾ ਪਾ ਲਿਆ। ਬਹੁਤ ਭਿਆਨਕ ਜੰਗ ਹੋਈ, ਜਿਸ ਵਿਚ ਯਾਹੀਆ ਖ਼ਾਨ ਤੇ ਲਖਪਤ ਦੇ ਪੁੱਤਰ ਮਾਰੇ ਗਏ।

ਘਬਰਾਏ ਹੋਏ ਮੁਗ਼ਲਾਂ ਨੇ ਆਖ਼ਰ 30 ਮਈ, 1746 ਨੂੰ ਛੰਭ ਦੇ ਜੰਗਲ ਨੂੰ ਅੱਗ ਲਾ ਦਿੱਤੀ। ਇਸ ਭਿਆਨਕ ਅੱਗ ਵਿਚ 15 ਹਜ਼ਾਰ ਤੋਂ ਵੱਧ ਸਿੰਘ, ਸਿੰਘਣੀਆਂ ਤੇ ਬੱਚੇ ਸ਼ਹੀਦ ਹੋ ਗਏ। ਇਹ ਆਖਰੀ ਖੂਨੀ ਦਿਹਾੜਾ ਸੀ ਜੋ ਕਿ ਇਤਿਹਾਸ ਵਿਚ ਮੁਗਲਾਂ ਦੇ ਜ਼ੁਲਮ ਦੀ ਅਭੁੱਲ ਦਾਸਤਾਨ ਦੇ ਤੌਰ ਤੇ ਦਰਜ਼ ਹੋ ਨਿੱਬੜੀ। ਅੱਜ ਇਸ ਇਤਿਹਾਸਕ ਅਸਥਾਨ ’ਤੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਸੁਸ਼ੋਭਿਤ ਹੈ ।