30 ਦਸੰਬਰ, 1920 : ਗੁਰਦੁਆਰਾ ਸੱਚਾ ਸੌਦਾ ਤੇ ਪੰਥ ਦਾ ਕਬਜ਼ਾ ਹੋਇਆ ਅਤੇ ਅਕਾਲੀ ਜਥਾ ਸ਼ੇਖ਼ੂਪੁਰਾ ਦੀ ਕਾਇਮੀ ਹੋਈ
ਪੰਜਾ ਸਾਹਿਬ ਗੁਰਦੁਆਰੇ ’ਤੇ ਕਬਜ਼ਾ ਕਰਨ ਵੇਲੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਮਹਿਸੂਸ ਕੀਤਾ ਕਿ ਗੁਰਦੁਆਰਿਆਂ ’ਤੇ ਕਬਜ਼ਾ ਕਰਨ ਤੋਂ ਮਗਰੋਂ ਇਸ ਨੂੰ ਕਾਇਮ ਰੱਖਣ ਵਾਸਤੇ ਇਕ ਪੱਕੇ ਜਥੇ ਦੀ ਜ਼ਰੂਰਤ ਹੈ। ਜਦੋਂ ਵੀ ਲੋੜ ਮਹਿਸੂਸ ਹੋਵੇ, ਇਸ ਜਥੇ ਨੂੰ ਬੁਲਾ ਲਿਆ ਜਾਵੇ। ਕਿਉਂ ਕਿ ਪੰਜਾ ਸਾਹਿਬ ’ਚ ਮਹੰਤ ਦੀ ਵਿਧਵਾ ਨੇ ਔਰਤਾਂ ਤੋਂ ਵੀ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਇਸ ਕਰ ਕੇ ਇਸ ‘ਅਕਾਲੀ ਫੌਜ’ ਵਿਚ ਕੁਝ ਬੀਬੀਆਂ ਵੀ ਸ਼ਾਮਿਲ ਕੀਤੀਆਂ ਜਾਣ। ‘ਪੰਚ’ ਅਖ਼ਬਾਰ ਮੁਤਾਬਿਕ ਮਾਸਟਰ ਮੋਤਾ ਸਿੰਘ ਨੇ ਇਹ ਸੁਝਾਅ ਦਿੱਤਾ ਸੀ ਕਿ ਅਖ਼ਬਾਰ ’ਚ ਅਪੀਲ ਛਾਪ ਕੇ ਇਕ ‘ਗੁਰਦੁਆਰਾ ਸੇਵਕ ਦਲ’ ਕਾਇਮ ਕੀਤਾ ਜਾਏ। ਇਹ ਅਪੀਲ ਇੰਞ ਸੀ: “ਗੁਰਦੁਆਰਾ ਸੇਵਕ ਦਲ ਪੰਜ ਸੌ ਸਿੰਘਾਂ ਦੀ ਲੋੜ”
175 ਮੈਂਬਰ ਬਣਨ ਤੋਂ ਬਾਅਦ ਮਾਸਟਰ ਮੋਤਾ ਸਿੰਘ ਨੇ ਇਹ ਤਜਵੀਜ਼ ਕੀਤੀ ਹੈ ਕਿ ਕਮੇਟੀ ਦੇ ਨਾਲ ਇਕ ਗੁਰਦੁਆਰਾ ਸੇਵਕ ਦਲ ਬਣਾਇਆ ਜਾਏ, ਜਿਹੜਾ ਮਹੰਤਾਂ ਤੋਂ ਇੰਤਜ਼ਾਮ ਲਵੇ। ਇਹ ਕੁਲ 500 ਸਿੰਘ ਹੋਣ। ਇਨ੍ਹਾਂ ਵਿੱਚੋਂ 100 ਤਿਆਰ-ਬਰ-ਤਿਆਰ ਤਨਖ਼ਾਹਦਾਰ ਹੋਣ ਅਤੇ 400 ਰੀਜ਼ਰਵ ਹੋਣ, ਬਗ਼ੈਰ ਤਨਖ਼ਾਹ ਤੋਂ। ਜਿੱਥੇ ਹਾਲਤ ਵਿਗੜਦੀ ਹੋਈ ਦਿਸਦੀ ਹੋਵੇ, ਉਸ ਗੁਰਦੁਆਰੇ ਲਈ ਅਕਾਲ ਤਖ਼ਤ ਸਾਹਿਬ ’ਤੇ ਸੱਦ ਕੇ ਜਥਾ ਟੋਰ ਦਿੱਤਾ ਜਾਵੇ। ਇਹ ਡਿਊਟੀ ਇਕ ਕਮੇਟੀ ਲਵੇ, ਜੋ 175 ਵਿੱਚੋਂ 25 ਮੈਂਬਰ ਚੁਣ ਕੇ ਬਣੇ। ਇਸ ਦਲ ਦੇ ਐਕਸ਼ਨ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ।’
26 ਨਵੰਬਰ ਦੇ ਦਿਨ ਪੰਜਾ ਸਾਹਿਬ ਦੇ ਇਕੱਠ ਵਿਚ ਇਸ ਦਾ ਮੁੱਢ ਵੀ ਬੰਨ੍ਹਿਆ ਗਿਆ ਸੀ। ਉਸੇ ਵੇਲੇ ਹੀ 50 ਸਿੰਘਾਂ ਨੇ ਆਪਣੇ ਆਪ ਨੂੰ ਪੇਸ਼ ਵੀ ਕੀਤਾ ਸੀ। ਇਸ ‘‘ਗੁਰਦੁਆਰਾ ਸੇਵਕ ਦਲ’’ ਜਾਂ ‘‘ਅਕਾਲੀ ਦਲ’’ ਦੀ ਸੈਂਟਰਲ ਬਾਡੀ ਦੀ ਕਾਇਮੀ ਵਾਸਤੇ ਇਕ ਇਕੱਠ 14 ਦਸੰਬਰ 1920 ਦੇ ਦਿਨ ਅਕਾਲ ਤਖ਼ਤ ਸਾਹਿਬ ’ਤੇ ਬੁਲਾ ਲਿਆ ਗਿਆ। ਇਸ ਇਕੱਠ ਵਿਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਤਜਵੀਜ਼ ਕੀਤੀ: ‘ਸਮਾਂ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਗੁਰਦੁਆਰਿਆਂ ਦਾ ਸੁਧਾਰ ਝੱਟ-ਪਟ ਕੀਤਾ ਜਾਵੇ ਅਤੇ ਇਸ ਲਈ ਹਰ ਇਕ ਦੀ ਕੁਰਬਾਨੀ ਦੀ ਲੋੜ ਹੈ। ਸੋ ਇਸ ਤਰ੍ਹਾਂ ਕੀਤਾ ਜਾਵੇ ਕਿ ਅਕਾਲੀ ਦਲ ਕਾਇਮ ਕੀਤਾ ਜਾਵੇ। ਇਸ ਦੇ ਸੇਵਕ ਘੱਟੋ-ਘੱਟ ਇਕ ਮਹੀਨਾ ਸਾਲ ਵਿਚ ਪੰਥ ਨੂੰ ਅਰਪਣ ਕਰਨ। ਕੇਂਦਰ ਅੰਮ੍ਰਿਤਸਰ ਹੋਵੇ, ਜਿਥੇ ਹਰ ਵੇਲੇ 100 ਸਿੰਘ ਹਾਜ਼ਰ ਰਹਿਣ ਅਤੇ ਜਿੱਥੇ ਜਿਤਨੇ ਸਿੰਘ ਲੋੜ ਪਵੇ ਭੇਜੇ ਜਾਣ। ਇਲਾਕਿਆਂ ਵਿਚ ਇਸ ਦੀਆਂ ਸ਼ਾਖਾ ਬਣਾਈਆਂ ਜਾਣ।’ ਇਸ ’ਤੇ ਇਕੱਠ ਨੇ ਇਕ-ਰਾਇ ਨਾਲ ਮਤਾ ਪਾਸ ਕੀਤਾ ਕਿ 23 ਜਨਵਰੀ ਨੂੰ ਸੰਗਤਾਂ ਤਖ਼ਤ ਅਕਾਲ ਬੁੰਗੇ ਹੁੰਮ-ਹੁੰਮਾ ਕੇ ਆਉਣ ਤੇ ਜਥਾ ਕਾਇਮ ਕੀਤਾ ਜਾਵੇ।
ਇਸੇ ਖ਼ਬਰ ਹੇਠਾਂ ਜ਼ਰੂਰੀ ਅਪੀਲ ’ਚ ਕਿਹਾ ਗਿਆ ਸੀ ਕਿ ‘ਜਥੇ, ਸਭਾਵਾਂ ਤੇ ਦੀਵਾਨਾਂ ਦੇ ਸੇਵਕਾਂ ਅਤੇ ਜਥੇਦਾਰਾਂ ਅੱਗੇ ਜ਼ਰੂਰੀ ਅਰਜ਼ ਹੈ ਕਿ ਉਹ ਦਰਸ਼ਨ ਦੇਣ। ਇਕ ਦਿਨ ਪਹਿਲੋਂ ਆਵਣ ਤੇ ਹੁਣ ਤਨ-ਮਨ ਤੇ ਧਨ ਦੀ ਕੁਰਬਾਨੀ ਕਰ ਕੇ ਜਨਮ ਸਫ਼ਲ ਕਰਨ।’ ਇਹ ਅਪੀਲ ਤੇਜਾ ਸਿੰਘ (ਭੁੱਚਰ) ਦੇ ਨਾਂ ਹੇਠ ਜਾਰੀ ਕੀਤੀ ਗਈ ਸੀ।
14 ਦਸੰਬਰ 1920 ਦੇ ਇਕੱਠ ਤੋਂ ਪਹਿਲਾਂ ਅਤੇ ਮਗਰੋਂ ਵੀ ਕਈ ਅਕਾਲੀ ਜਥੇ ਕਾਇਮ ਹੋਏ। ਇਨ੍ਹਾਂ ਵਿੱਚੋਂ ‘ਅਕਾਲੀ ਜਥਾ ਖਰਾ ਸੌਦਾ’ (ਜਥੇਦਾਰ ਕਰਤਾਰ ਸਿੰਘ ਝੱਬਰ), ‘ਗੜਗਜ ਅਕਾਲੀ ਜਥਾ ਤਰਨ ਤਾਰਨ’ (ਜਥੇਦਾਰ ਤੇਜਾ ਸਿੰਘ ਭੁੱਚਰ), ‘ਸ਼ਹੀਦੀ ਦੀਵਾਨ ਬਾਰ ਧਾਰੋਵਾਲੀ’ (ਜਥੇਦਾਰ ਸੰਗਤ ਸਿੰਘ) ਮੁਖ ਜਥੇ ਸਨ। ਹੋਰ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਵੀ ਅਕਾਲੀ ਜਥੇ ਕਾਇਮ ਹੋਏ ਸਨ।
14 ਦਸੰਬਰ ਦੇ ਇਕੱਠ ਵਿਚ ਇਸ ‘ਗੁਰਦੁਆਰਾ ਸੇਵਕ ਦਲ’ ਦੀ ਕਾਇਮੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਸਬੰਧ ਵਿਚ 23 ਜਨਵਰੀ 1921 ਦੇ ਦਿਨ ਅਕਾਲ ਤਖ਼ਤ ਸਾਹਿਬ ’ਤੇ ਇਕੱਠ ਬੁਲਾਇਆ ਗਿਆ ਸੀ। ਇਸ ਵਿਚ ਜਥੇਬੰਦੀ ਦਾ ਨਾਂ ਮਨਜ਼ੂਰ ਕਰਨਾ ਸੀ ਅਤੇ ਸੇਵਕ (ਅਹੁਦੇਦਾਰ) ਚੁਣੇ ਜਾਣੇ ਸਨ। ਇਹ ਮੀਟਿੰਗ ਦੋ ਦਿਨ ਚੱਲੀ।
ਇਸ ਮੀਟਿੰਗ ਵਿਚ ਭਾਈ ਅਰਜਨ ਸਿੰਘ ਧੀਰਕੇ ਨੇ ਸੁਝਾਅ ਦਿੱਤਾ ਕਿ ਜਥੇਬੰਦੀ ਦਾ ਨਾਂ “ਗੁਰਦੁਆਰਾ ਸੇਵਕ ਦਲ” ਰੱਖਿਆ ਜਾਵੇ ਪਰ ਅਖ਼ੀਰ ਇਸ ਦਾ ਨਾਂ ‘ਅਕਾਲੀ ਦਲ’ ਹੀ ਸਭ ਨੇ ਮਨਜ਼ੂਰ ਕੀਤਾ। (ਅਕਾਲੀ ਮੋਰਚੇ ਤੇ ਝੱਬਰ, ਸਫ਼ਾ 95)। ਇਸ ਦਲ ਦੇ ਪਹਿਲੇ ਜਥੇਦਾਰ ਸਰਮੁਖ ਸਿੰਘ ਝਬਾਲ ਚੁਣੇ ਗਏ। (ਮਗਰੋਂ 29 ਮਾਰਚ 1922 ਦੇ ਦਿਨ ਅਕਾਲੀ ਦਲ ਨੇ, ਆਪਣੇ ਛੇਵੇਂ ਮਤੇ ਮੁਤਾਬਿਕ, ਜਥੇਬੰਦੀ ਦਾ ਨਾਂ ‘‘ਸ਼੍ਰੋਮਣੀ ਅਕਾਲੀ ਦਲ’’ ਰੱਖ ਲਿਆ)। ਅਕਾਲੀ ਦਲ ਨੇ ਦੋ ਨੁਕਾਤੀ ਪ੍ਰੋਗਰਾਮ ਐਲਾਨਿਆ: 1. ਸਾਰੇ ਅਕਾਲੀ ਜਥਿਆਂ ਨੂੰ ਇਕੱਠੇ ਕਰ ਕੇ ਪੰਥ ਦੀ ਸੇਵਾ ਕਰਨੀ। 2. ਗੁਰਦੁਆਰਿਆਂ ਦੀ ਸੇਵਾ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਉੱਤੇ ਅਮਲ ਕਰਨਾ।
ਜਥੇਦਾਰ ਕਰਤਾਰ ਸਿੰਘ ਝੱਬਰ ਨੇ 16 ਪੋਹ ਸੰਮਤ 1977 (30 ਦਸੰਬਰ 1920) ਨੂੰ ਜਥੇਦਾਰ ਝੱਬਰ ਨੇ ਸਾਥੀਆਂ ਸਣੇ ਗੁਰਦੁਆਰਾ ਖਰਾ ਸੌਦਾ (ਸੱਚਾ ਸੌਦਾ) ਵਿਚ ਵੀ ਇਕ ਇਕੱਠ ਬੁਲਾਇਆ ਅਤੇ ਇਸ ‘ਤੇ ਕਬਜ਼ਾ ਕਰ ਲਿਆ। ਇਸ ਮਗਰੋਂ ਜ: ਝੱਬਰ ਨੇ ਮਤਾ ਪੇਸ਼ ਕੀਤਾ ਕਿ ਗੁਰਦੁਆਰਿਆਂ ਦੇ ਸੁਧਾਰ ਵਾਸਤੇ ਅਕਾਲੀ ਦਲ (ਜ਼ਿਲ੍ਹਾ ਸ਼ੇਖੂਪੁਰਾ) ਕਾਇਮ ਕੀਤਾ ਜਾਏ। ਲੱਖਾ ਸਿੰਘ ਨੇ ਇਸ ਦਾ ਤਾਈਦ ਕੀਤੀ। ਉਸੇ ਵੇਲੇ 31 ਸੱਜਣ ਭਰਤੀ ਹੋ ਗਏ। ਇਸ ਦਲ ਦਾ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਚੁਣਿਆ ਗਿਆ। ਮੀਤ ਜਥੇਦਾਰ ਲੱਖਾ ਸਿੰਘ, ਸੇਵਕ (ਸਕੱਤਰ) ਸੁੱਚਾ ਸਿੰਘ ਤੇ ਮੀਤ ਸੇਵਕ ਤੇਜਾ ਸਿੰਘ ਚੂਹੜਕਾਨਾ ਚੁਣੇ ਗਏ।