ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥

 ਮਹਲਾ ੪ – ਗੁਰੂ ਰਾਮਦਾਸ ਜੀ
 ਰਾਗ ਨਟ-ਨਾਰਾਇਣ  ਅੰਗ ੯੮੨ (982)

ਗੁਰੂ ਦੀ ਬਾਣੀ ਹੀ ਸਿੱਖ ਦਾ ਗੁਰੂ ਹੈ, ਕਿਓਂਕਿ ਗੁਰੂ ਦਾ ਸੰਪੂਰਨ ਗਿਆਨ ਇਸ ਗੁਰਬਾਣੀ ਵਿਚ ਮੌਜੂਦ ਹੈ । ਗੁਰੂ ਦੀ ਬਾਣੀ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਅੰਮ੍ਰਿਤ ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿਚ ਸਾਂਭ ਰੱਖਦਾ ਹੈ ।

ਇੱਕ ਸਿੱਖ ਜਦੋਂ ਗੁਰਬਾਣੀ ਉਚਾਰਦਾ ਹੈ, ਗੁਰੂ ਦਾ ਸੇਵਕ ਬਣ ਕੇ ਉਸ ਗੁਰਬਾਣੀ ਦੇ ਗਿਆਨ ਉਤੇ ਹੀ ਆਪਣਾ ਵਿਸ਼ਵਾਸ ਧਰਦਾ ਹੈ । ਗੁਰੂ ਦਾ ਗਿਆਨ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਦਾ ਹੈ, ਭਾਵ ਜੀਵਨ ਵਿਚ ਸਹਿਜ ਅਤੇ ਸਫ਼ਲਤਾ ਪ੍ਰਾਪਤ ਕਰਾ ਸਕਦਾ ਹੈ।


30 ਅਗਸਤ, 1706 : ਗੁਰੂ ਗ੍ਰੰਥ ਸਾਹਿਬ ਸੰਪੂਰਨਤਾ ਦਿਵਸ

ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਗੁਰਮੁਖੀ ਲਿਪੀਕਾਰ ਭਾਈ ਮਨੀ ਸਿੰਘ ਪਾਸੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕਰਵਾਈ, ਜੋ ਕਿ 30 ਅਗਸਤ, 1706 ਨੂੰ ਮੁੱਕਮਲ ਹੋਈ। ਆਦਿ ਗ੍ਰੰਥ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਵੀ ਸ਼ਾਮਿਲ ਕੀਤੀ ਗਈ।

ਗੁਰੂ ਗ੍ਰੰਥ ਸਾਹਿਬ ਇੱਕੋ-ਇੱਕ ਧਾਰਮਿਕ ਗ੍ਰੰਥ ਹਨ, ਜੋ ਸਾਰੀ ਮਨੁੱਖਤਾ ਦੇ ਸਾਂਝੇ ਹਨ ਅਤੇ ‘ਸ਼ਬਦ ਗੁਰੂ’ ਦਾ ਦਰਜਾ ਪ੍ਰਾਪਤ ਹੈ। ਇਸ ਸ਼ਬਦ ਰੂਪੀ ਬਾਣੀ-ਗੁਰੂ ਤੋਂ ਕੁੱਲ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਸੇਧ ਪ੍ਰਾਪਤ ਹੁੰਦੀ ਹੈ, ਅਤੇ ਇਸੇ ਕਰਕੇ ਬਾਣੀ-ਗੁਰੂ ਨੂੰ ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਵਜੋਂ ਸਤਿਕਾਰਿਆ ਜਾਂਦਾ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਛੇ ਗੁਰੂ ਸਹਿਬਾਨ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ, ਤਿੰਨ ਗੁਰੂ-ਘਰ ਦੇ ਗੁਰਸਿੱਖਾਂ ਦੀ ਬਾਣੀ ਦਰਜ ਹੈ। ਛੇ ਗੁਰੂ ਸਾਹਿਬਾਨਾਂ ਦੇ ਨਾਲ-ਨਾਲ ਸਤਿਕਾਰਯੋਗ ਭਗਤਾਂ ਤੇ ਭੱਟਾਂ ਦੀ ਬਾਣੀ, ਜਿੱਥੇ ਮਨੁੱਖ ਨੂੰ ਨਾਮ ਸਿਮਰਨ, ਪਰਉਪਕਾਰ ਅਤੇ ਪ੍ਰਭੂ ਪ੍ਰੇਮ ਲਈ ਪ੍ਰੇਰਦੀ ਹੈ, ਉੱਥੇ ਹੀ ਸਮਾਜਿਕ ਕੁਰੀਤੀਆਂ, ਪਖੰਡ ਤੇ ਅਡੰਬਰਾਂ ਨੂੰ ਤਿਆਗ ਕੇ ਪ੍ਰਪੱਕ ਸਮਾਜਿਕ ਮਨੁੱਖ ਬਣਨ ਦੀ ਪ੍ਰੇਰਨਾ ਵੀ ਦਿੰਦੀ ਹੈ।