ਗਉੜੀ ਮਹਲਾ ੫ ॥
ਓਹੁ ਅਬਿਨਾਸੀ ਰਾਇਆ ॥
ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ ॥
…ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੨੦੬ (206)
ਉਹ, ਸਾਡਾ ਮਾਲਕ ਪਰਮਾਤਮਾ, ਇਕ ਐਸਾ ਮਹਾਨ ਰਾਜਾ ਹੈ ਜੋ ਕਦੇ ਨਾਸ ਹੋਣ ਵਾਲਾ ਨਹੀਂ । ਜੇਹੜੇ ਲੋਕ ਉਸਦੀ ਸੰਗਤ ਵਿਚ ਟਿਕੇ ਰਹਿੰਦੇ ਹਨ, ਅਰਥਾਤ ਗੁਰਬਾਣੀ ਅਨੁਸਾਰ ਗੁਰਮਤਿ ਵਾਲਾ ਜੀਵਨ ਜਿਉਂਦੇ ਹਨ, ਉਹ ਨਿਡਰ ਹੋ ਜਾਂਦੇ ਹਨ, ਉਹਨਾਂ ਨੂੰ ਕਿਤੋਂ ਵੀ ਕੋਈ ਬਾਹਰੀ ਡਰ-ਖ਼ੌਫ਼ ਨਹੀਂ ਆਉਂਦਾ ।
29 ਸਤੰਬਰ, 1914 : ਕਾਮਾਗਾਟਾਮਾਰੂ ਜਹਾਜ਼ ਕਲਕੱਤਾ ਦੇ ਬਜਬਜ ਘਾਟ ਪਹੁੰਚਿਆ
ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ ਹੇਠ ਗੁਰੂ ਨਾਨਕ ਜਾਹਜ਼ (ਕਾਮਾ ਗਾਟਾ ਮਾਰੂ), 376 ਮੁਸਾਫ਼ਿਰ ਲੈ ਕੇ, ਹਾਂਗਕਾਂਗ ਤੋਂ ਕਨੈਡਾ ਦੇ ਲਈ 4 ਅਪ੍ਰੈਲ, 1914 ਨੂੰ ਰਵਾਨਾ ਹੋਇਆ ਸੀ। ਕੇਵਲ 24 ਮੁਸਾਫਰਾਂ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਜਦਕਿ ਬਾਕੀ 352 ਮੁਸਾਫ਼ਰਾਂ ਨੂੰ ਵੈਨਕੂਵਰ ਕੈਨੇਡਾ ਦੀ ਧਰਤੀ ਉੱਤੇ ਉੱਤਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ ਅਤੇ ਜਹਾਜ਼ ਨੂੰ ਭਾਰਤ ਵਾਪਸ ਪਰਤਣ ਲਈ ਮਜ਼ਬੂਰ ਕੀਤਾ ਗਿਆ ਸੀ। ਅਖ਼ੀਰ 23 ਜੁਲਾਈ, 1914 ਨੂੰ ਜਹਾਜ਼ ਕਲਕੱਤੇ ਦੇ ਲਈ ਵਾਪਸ ਪਰਤ ਪਿਆ।
29 ਸਤੰਬਰ, 1914 ਨੂੰ ਜਦੋਂ ਕਾਮਾਗਾਟਾਮਾਰੂ ਜਹਾਜ਼ ਕਲਕਤੇ ਦੇ ਬਜਬਜ ਘਾਟ ਪਹੁੰਚਿਆ ਤਾਂ ਇੱਥੇ ਇੱਕ ਸਪੈਸ਼ਲ ਗੱਡੀ ਮੁਸਾਫ਼ਰਾਂ ਨੂੰ ਪੰਜਾਬ ਲਿਜਾਣ ਵਾਸਤੇ ਤਿਆਰ ਖੜੀ ਸੀ। ਮੁਸਾਫ਼ਰਾਂ ਨੇ ਇਸ ਵਿੱਚ ਬੈਠਣ ਤੋਂ ਨਾਂਹ ਕਰ ਦਿਤੀ, ਗਲ ਵਿਗੜਦੀ ਵੇਖ ਕੇ, ਬ੍ਰਿਟਿਸ਼ ਵਲੋਂ ਕਲਕੱਤਾ ਦੇ ਇਸ ‘ਬਾਜਬਾਜ ਘਾਟ’ ਤੇ ਖੜੇ ਜਹਾਜ਼ ਉੱਤੇ ਫਾਇਰਿੰਗ ਕੀਤੀ ਗਈ ਜਿਸ ਕਾਰਣ 18 ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਜ਼ਖਮੀ ਵੀ ਹੋਏ।
ਇੰਜ ਕਾਮਾਗਾਟਾਮਾਰੂ ਜਹਾਜ ਦੀ ਦਾਸਤਾਨ ਉਸ ਵਕਤ ਦੀ ਕੈਨੇਡੀਅਨ ਸਰਕਾਰ ਦੇ ਸਖਤ ਅਤੇ ਅਣਮਨੁੱਖੀ ਰਵੱਈਏ ਤੋਂ ਇਲਾਵਾ ਕੈਨੇਡੀਅਨ ਸਰਕਾਰ ਦੀ ਨਸਲੀ ਨੀਤੀ ਅਤੇ ਨਸਲੀ ਕਾਨੂੰਨ ਦੀ ਵੀ ਕਹਾਣੀ ਹੈ।