ਸਲੋਕੁ ॥

ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥
ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥

 ਮਹਲਾ ੩ – ਗੁਰੂ ਅਰਜਨ ਦੇਵ ਜੀ
 ਗਉੜੀ ਰਾਗ  ਅੰਗ ੨੬੦ (260)

ਹੇ ਮੇਰੇ ਮਨ! ਤੈਨੂੰ ਸੱਚੀ ਗੱਲ ਦੱਸਦਾ ਹਾਂ, ਇਸ ਨੂੰ ਧਿਆਨ ਨਾਲ ਸੁਣ – ਸਾਰੀਆਂ ਦਲੀਲ-ਬਾਜ਼ੀਆਂ ਤੇ ਚਤੁਰਾਈਆਂ ਛੱਡ ਕੇ ਕੇਵਲ ਸੱਚੇ ਮਾਲਕ ਦੀ ਸਰਨੀ ਪੈ ਕੇ । ਗੁਰਮਤਿ ਅਨੁਸਾਰ ਬੁਧਿ-ਬਿਬੇਕ ਵਾਲੀ ਸਿਆਣਪ ਅਪਨਾ ਲੈ ਅਤੇ ਸਰਲ ਸੁਭਾਵ ਹੋ ਕੇ ਗਿਆਨ-ਗੁਰੂ ਦਾ ਆਸਰਾ ਲਏਂਗਾ, ਤਾਂ ਸਤਿਗੁਰੂ ਤੈਨੂੰ ਆਪਣੇ ਚਰਨਾਂ ਵਿਚ ਜੋੜ ਲਏਗਾ ।


29 ਅਕਤੂਬਰ, 1922 : ਪੰਜਾ ਸਾਹਿਬ ਵਿਖੇ ਰੇਲਗੱਡੀ ਰੋਕ ਕੇ ਕੈਦੀਆਂ ਨੂੰ ਲੰਗਰ ਛਕਾਉਣ ਲਈ ਸਿੰਘਾਂ ਦੀ ਸ਼ਹਾਦਤ

ਗੁਰਦੁਆਰਾ ਸੁਧਾਰ ਲਹਿਰ ਦੇ ਤਹਿਤ 8 ਅਗਸਤ, 1922 ਨੂੰ ਗੁਰੂ ਕੇ ਬਾਗ ਦਾ ਮੋਰਚਾ ਆਰੰਭ ਹੋਇਆ। ਇਸ ਮੋਰਚੇ ਵਿਚ ਸ਼ਾਮਿਲ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਪਹਿਲਾਂ ਅੰਮ੍ਰਿਤਸਰ ਦੇ ਕਿਲ੍ਹੇ ਗੋਬਿੰਦਗੜ੍ਹ ਵਿਚ ਨਜਰਬੰਦ ਰੱਖਿਆ ਜਾਂਦਾ ਅਤੇ ਜਦੋਂ ਕੈਦੀਆਂ ਦੀ ਗਿਣਤੀ ਇਕ ਰੇਲ ਗੱਡੀ ਵਿਚ ਸਵਾਰ ਹੋਣ ਲਈ ਪੂਰੀ ਹੋ ਜਾਂਦੀ ਸੀ, ਤਾਂ ਇਨ੍ਹਾਂ ਨਜਰਬੰਦ ਸਿੰਘ-ਸਿੰਘਣੀਆਂ ਨੂੰ ਦੂਰ-ਦੁਰਾਂਡੇ ਦੀਆਂ ਜੇਲ੍ਹਾਂ ਵਿਚ ਭੇਜ ਦਿੱਤਾ ਜਾਂਦਾ ਸੀ।

29 ਅਕਤੂਬਰ, 1922 ਨੂੰ ਇਕ ਰੇਲਗੱਡੀ ਕੈਦੀ ਸਿੰਘਾਂ ਨਾਲ ਭਰ ਕੇ ਅੰਮ੍ਰਿਤਸਰ ਤੋਂ ਅਟਕ ਕਿਲ੍ਹੇ ਵੱਲ ਰਵਾਨਾ ਹੋਈ। ਸਿੰਘਾਂ ਨੂੰ ਪਤਾ ਲੱਗਾ ਕੇ ਇਸ ਰੇਲ ਗੱਡੀ ਵਿੱਚ ਸਵਾਰ ਕੈਦੀ ਸਿੰਘ ਕਈ ਦਿਨਾਂ ਤੋਂ ਭੁੱਖੇ ਹਨ। ਗੁਰਦੁਆਰਾ ਪੰਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਨੇ ਕੈਦੀ ਸਿੰਘਾਂ ਨੂੰ ‘ਹਸਨ ਅਬਦਾਲ’ (ਪੱਛਮੀ ਪੰਜਾਬ) ਦੇ ਰੇਲਵੇ ਸਟੇਸ਼ਨ ‘ਤੇ ਰੋਕ ਕੇ ਗੁਰੂ ਕਾ ਲੰਗਰ ਛਕਾਉਣ ਦਾ ਫ਼ੈਸਲਾ ਕੀਤਾ। ਇਸ ਰੇਲ ਗੱਡੀ ਨੇ ਬਿਨਾਂ ਰੁਕੇ ਹੀ ਅੱਗੇ ਨਿਕਲ ਜਾਣਾ ਸੀ।

ਸਿੱਖ ਸੰਗਤਾਂ ਨੇ ਹਸਨ ਅਬਦਲ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਜਦੋਂ ਗੱਡੀ ਵਿੱਚ ਸਵਾਰ ਸਿੰਘਾਂ ਨੂੰ ਲੰਗਰ ਛਕਾਉਣ ਦੇ ਲਈ ਰੇਲ ਗੱਡੀ ਰੋਕਣ ਦੇ ਲਈ ਕਿਹਾ ਤਾਂ, ਸਟੇਸ਼ਨ ਮਾਸਟਰ ਨੇ ਆਪਣੀ ਅਸਮਰਥਤਾ ਦਰਸਾਉਂਦੇ ਹੋਏ ਕਿਹਾ ਕਿ ਉਪਰੋਂ ਸਰਕਾਰ ਵੱਲੋਂ ਆਏ ਹੁਕਮਾਂ ਮੁਤਾਬਿਕ ਕੈਦੀ ਸਿੰਘਾਂ ਵਾਲੀ ਰੇਲ ਗੱਡੀ ਰੋਕੀ ਨਹੀਂ ਜਾ ਸਕਦੀ। ਸਿੰਘਾਂ ਨੇ ਕਿਹਾ ਕਿ ਜੇ ਸਾਡੇ ਗੁਰੂ ਦੀ ਮਰਜ਼ੀ ਚਲੀ ਤਾਂ ਗੱਡੀ ਰੁਕੇਗੀ ਵੀ ਅਤੇ ਸਿੰਘ ਪ੍ਰਸ਼ਾਦਾ ਵੀ ਛਕਣਗੇ।

ਸੋ ਇਸ ਲੰਗਰ ਛਕਾਉਣ ਦੇ ਸੰਕਲਪ ਦੇ ਨਾਲ ਸੰਗਤ ਰੇਲ ਪਟੜੀ ਉੱਪਰ ਬੈਠ ਗਈ। ਜਦੋਂ ਗੱਡੀ ਇਹਨਾਂ ਸੰਗਤਾਂ ਉੱਤੇ ਆ ਚੜ੍ਹੀ ਤਾਂ ਮੂਹਰਲੇ ਸਿੰਘ ਸ਼ਹੀਦ ਹੋ ਗਏ। ਇਨ੍ਹਾਂ ਮਰਜੀਵੜੇ ਸ਼ਰਧਾਲੂਆਂ ਵਿਚੋਂ ਸ਼ਹੀਦ ਭਾਈ ਕਰਮ ਸਿੰਘ ਅਤੇ ਸ਼ਹੀਦ ਭਾਈ ਪ੍ਰਤਾਪ ਸਿੰਘ ਨੇ ਰੇਲ ਗੱਡੀ ਨੂੰ ਰੋਕਣ ਲਈ ਸ਼ਹੀਦੀ ਦੇ ਕੇ ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਕੀਤੀ ਅਰਦਾਸ ਦੇ ਪ੍ਰਣ ਨੂੰ ਪੂਰਾ ਕੀਤਾ।