ਮਃ ੩ ॥
ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥
ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥ਮਹਲਾ ੩ : ਗੁਰੂ ਅਮਰਦਾਸ ਜੀ
ਰਾਗ ਸੋਰਠਿ ਅੰਗ ੬੪੮ (648)
ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ, ਸੰਸਾਰ ਵਿਚ ਆਏ ਉਹੀ ਲੋਕ ਕਬੂਲ ਹਨ। ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਵੀ ਗੁਰੂ ਦੇ ਘਰ, ਦਰਗਾਹ, ਵਿਚ ਆਦਰ ਪਾਂਦੇ ਹਨ ।
29 ਮਾਰਚ, 1849 : ਪੰਜਾਬ ਉੱਤੇ ਅੰਗਰੇਜ਼ਾਂ ਦੇ ਕਬਜ਼ੇ ਦਾ ਐਲਾਨ
29 ਮਾਰਚ, 1849 ਵਾਲੇ ਦਿਨ ਲਾਰਡ ਡਲਹੌਜ਼ੀ ਨੇ ਪੰਜਾਬ ਉਪਰ ਅੰਗਰੇਜ਼ ਰਾਜ ਦੇ ਕਬਜ਼ੇ ਦਾ ਐਲਾਨ ਜਾਰੀ ਕੀਤਾ।
ਇਸ ਦਿਨ ਲਾਰਡ ਡਲਹੌਜ਼ੀ ਦਾ ਵਿਦੇਸ਼ ਸਕੱਤਰ, ਹੈਨਰੀ ਮੀਅਰਜ਼ ਇਲੀਅਟ, ਛੋਟੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਦੇ ਇਕ ਦਸਤਾਵੇਜ਼ ਉੱਪਰ ਦਸਤਖਤ ਲੈਣ ਲਈ ਲਾਹੌਰ ਪਹੁੰਚਿਆ ਸੀ।
ਇਸ ਮਕਸਦ ਲਈ ਲਾਹੌਰ ਦੇ ਕਿਲ੍ਹੇ ਵਿੱਚ ਇੱਕ ਵਿਸ਼ੇਸ਼ ਦਰਬਾਰ ਆਯੋਜਿਤ ਕੀਤਾ ਗਿਆ ਸੀ। ਬ੍ਰਿਟਿਸ਼ ਫੌਜਾਂ ਦੇ ਜਰਨੈਲ, ਬਾਲ ਮਹਾਰਾਜੇ ਦਲੀਪ ਸਿੰਘ ਦੇ ਸੱਜੇ ਪਾਸੇ ਅਤੇ ਉਸਦੇ ਸਰਦਾਰ ਖੱਬੇ ਪਾਸੇ ਖੜੇ ਸਨ। ਉਸਦੀ ਬੇਵੱਸ ਮਾਂ ਰਾਣੀ ਜਿਂੰਦਾਂ ਗੈਰਹਾਜ਼ਰ ਸੀ ਕਿਉਂਕਿ ਉਹ ਗੈਰਕਾਨੂੰਨੀ ਅਤੇ ਨਜ਼ਰਬੰਦੀ ਅਧੀਨ ਸੀ।
ਖਿਡੌਣਿਆਂ ਨਾਲ ਖੇਡਣ ਦੀ ਉਮਰ ਵਾਲੇ ਮਹਾਰਾਜਾ ਦਲੀਪ ਸਿੰਘ ਨੇ ਸੌਖਿਆਂ ਹੀ, ਬਿਨਾ ਕਿਸੇ ਨਾਂਹ-ਨੁੱਕਰ ਤੋਂ, ਹੈਨਰੀ ਮੀਅਰਜ਼ ਇਲੀਅਟ ਵਲੋਂ ਪੇਸ਼ ਕੀਤੇ ਦਸਤਾਵੇਜ਼ ਉੱਪਰ ਆਪਣੇ ਦਸਤਖਤ ਕਰ ਦਿੱਤੇ ਅਤੇ ਪੰਜਾਬ ਦੇ ਰਾਜ ਅਤੇ ਤਖਤ ਤੋਂ ਆਪਣਾ ਦਾਅਵਾ ਛੱਡ ਕੇ ਇੰਗਲੈਂਡ ਦੀ ਮਹਾਰਾਣੀ ਦੀ ਅਧੀਨਗੀ ਕਬੂਲ ਕਰ ਲਈ। ਹੈਨਰੀ ਮੀਅਰਜ਼ ਇਲੀਅਟ ਵੱਲੋਂ ਦਰਬਾਰ ਵਿੱਚ ਮਹਾਰਾਜੇ ਦੇ ਦਸਖਤਾਂ ਵਾਲਾ ਇਹ ਦਸਤਾਵੇਜ਼ ਉੱਚੀ ਅਵਾਜ਼ ਵਿੱਚ ਪੜ੍ਹ ਕੇ ਸੁਣਾਇਆ ਗਿਆ।
ਇਸ ਦਸਤਾਵੇਜ਼ ਰਾਹੀਂ ਦੇਸ ਪੰਜਾਬ ਬ੍ਰਿਟਿਸ਼ ਰਾਜ ਦਾ ਹਿੱਸਾ ਬਣ ਗਿਆ ਸੀ। ਇਸਤੋਂ ਤੁਰੰਤ ਬਾਅਦ ਹੀ ਲਾਹੌਰ ਦੇ ਕਿਲ੍ਹੇ ਉੱਪਰੋਂ ਖਾਲਸਾਈ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ ਝੁਲਾ ਦਿੱਤਾ ਗਿਆ। ਅੰਗਰੇਜ਼ੀ ਮਿਲਟਰੀ ਬੈਂਡ ਵੱਲੋਂ ਜੇਤੂ ਅਤੇ ਜਸ਼ਨ ਵਾਲੀਆਂ ਧੁਨਾਂ ਵਜਾਈਆਂ ਗਈਆਂ।
ਕੁਝ ਦਿਨਾਂ ਬਾਅਦ ਹੀ ਬਾਲਕ ਦਿਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ।