ਸਲੋਕੁ ਮਃ ੨ ॥

ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥
ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥

 ਮਹਲਾ ੨ – ਗੁਰੂ ਅੰਗਦ ਦੇਵ ਜੀ
 ਰਾਗ ਸੂਹੀ  ਅੰਗ ੭੮੭ (787)

ਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ ਭਾਵ, ਮਨ ਨੂੰ ਜਗਤ ਦੇ ਧੰਧਿਆਂ ਵਿਚ ਨਹੀਂ ਫਸਾ ਦੇਂਦੇ, ਜਿਨ੍ਹਾਂ ਇਹ ਸਮਝ ਲਿਆ ਹੈ ਕਿ ਇਥੋਂ ਚਲੇ ਹੀ ਜਾਣਾ ਹੈ। ਪਰ, ਨਿਰੇ ਦੁਨੀਆ ਦੇ ਕੰਮ-ਧੰਦੇ ਨਿਜਿੱਠਣ ਵਾਲੇ ਬੰਦੇ ਇਸ ਸੰਸਾਰ ਤੋਂ ਆਖ਼ਰ ਤੁਰ ਜਾਣ ਦਾ ਖ਼ਿਆਲ ਭੀ ਨਹੀਂ ਕਰਦੇ ।


29 ਜੂਨ, 1933 : ਅੰਗਰੇਜ਼ ਹਕੂਮਤ ਦੇ ਮੁਖ਼ਬਰ ਕਿਰਪਾਲ ਸਿੰਘ ਦਾ ਕਤਲ

ਗ਼ਦਰ ਲਹਿਰ ਦੇ ਖ਼ਿਲਾਫ਼ ਮੁਖਬਰੀ ਕਰਨ ਵਾਲੇ, ਅੰਗਰੇਜ਼ੀ ਸਰਕਾਰ ਦੇ ਸਭ ਤੋਂ ਵੱਡੇ ਮੁਖ਼ਬਰ ਕਿਰਪਾਲ ਸਿੰਘ ਦਾ 29 ਜੂਨ, 1933 ਵਾਲੇ ਦਿਨ ਕਤਲ ਹੋਇਆ।


29 ਜੂਨ, 1973 : ਆਜ਼ਾਦੀ ਘੁਲਾਟੀਏ ਭਾਈ ਦਾਨ ਸਿੰਘ ਵਛੋਆ ਦਾ ਅਕਾਲ-ਚਲਾਣਾ

ਅੰਗਰੇਜ਼ੀ ਰਾਜ ਦੀ ਗੁਲਾਮੀ ਤੋਂ ਮੁਕਤੀ ਲਈ ਸੰਘਰਸ਼ ਕਰਨ ਵਾਲੇ ਆਜ਼ਾਦੀ ਘੁਲਾਟੀਏ ਭਾਈ ਦਾਨ ਸਿੰਘ ਵਛੋਆ 29 ਜੂਨ, 1973 ਨੂੰ ਸਦੀਵੀ ਵਿਛੋੜਾ ਦੇ ਗਏ।

ਉਹ 7 ਨਵੰਬਰ, 1921 ਹਰਿਮੰਦਰ ਸਾਹਿਬ ਦੀਆਂ ਚਾਬੀਆਂ ਦੇ ਮੋਰਚੇ ‘ਚ ਗ੍ਰਿਫਤਾਰ ਹੋਏ। 1923 ਤੋਂ 1926 ਤੱਕ ਗੁਰੂ ਕੇ ਬਾਗ ਦੇ ਮੋਰਚੇ ਵਿਚ ਸ਼੍ਰੋਮਣੀ ਕਮੇਟੀ ਦੇ ਪਹਿਲੇ ਜਥੇ ਨਾਲ ਸੈਂਟਰਲ ਜੇਲ੍ਹ ‘ਚ ਵੀ ਰਹੇ। ਸਿਵਲ ਨਾ-ਫੁਰਮਾਨੀ ਲਹਿਰ ਦੌਰਾਨ ਇੱਕ ਸਾਲ ਲਈ ਜੇਲ੍ਹ ਕੱਟੀ।

ਮੁਲਕ ਦੀ ਅਜ਼ਾਦੀ ਪਿੱਛੋਂ ਉਹ ਐਮ. ਐਲ਼ ਏ. ਚੁਣੇ ਗਏ, ਆਪਣੇ ਪਿੰਡ ਵਛੋਆ ‘ਚ ਮਿਡਲ ਸਕੂਲ ਤੇ ਹਸਪਤਾਲ ਬਣਵਾਇਆ।