ਸੋਰਠਿ ਮਹਲਾ ੫ ॥
ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥
ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ ਅਪਣਾ ਬਿਰਦੁ ਸਮਾਰਿਆ ॥੧॥
ਹੋਈ ਰਾਜੇ ਰਾਮ ਕੀ ਰਖਵਾਲੀ ॥
ਸੂਖ ਸਹਜ ਆਨਦ ਗੁਣ ਗਾਵਹੁ ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥
ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ ॥
ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਸੋਰਠਿ ਅੰਗ ੬੨੦ (620)
ਜਿਸ ਮਨੁੱਖ ਉੱਤੇ ਸਤਿਗੁਰੂ ਨੇ ਮੇਹਰ ਦੀ ਨਿਗਾਹ ਕੀਤੀ, ਉਸ ਦੇ ਅੰਦਰਲੇ ਵਿਕਾਰ ਦੂਰ ਹੋ ਜਾਂਦੇ ਹਨ । ਇਸ ਤਰ੍ਹਾਂ ਉਹ ਆਪ ਹੀ ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਂਦਾ ਹੈ । ਉਹ ਪਾਤਿਸ਼ਾਹ ਆਪਣਾ ਇਹ ਮੁੱਢ-ਕਦੀਮਾਂ ਦਾ ਦਇਆ ਤੇ ਪਿਆਰ ਵਾਲਾ ਸੁਭਾਉ ਚੇਤੇ ਰੱਖਦਾ ਹੈ ਅਤੇ ਆਪਣੇ ਸਿੱਖ ਦੀ ਪਾਪਾਂ ਵਲੋਂ ਰਾਖੀ ਕਰਦਾ ਹੈ ।
ਉਸ ਦਾ ਮਨ ਸੁਖੀ ਹੋ ਜਾਂਦਾ ਹੈ, ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ । ਅਸੀਂ ਵੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੀਏ ਤਾਂ ਸਾਨੂੰ ਵੀ ਮਾਨਸਿਕ ਸੁਖ ਮਿਲਣਗੇ, ਅਤੇ ਆਤਮਕ ਅਡੋਲਤਾ ਬਣ ਜਾਏਗੀ ।
ਮੇਰਾ ਗੁਰੂ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ ਅਤੇ ਮੈਨੂੰ ਵੀ ਇੱਕੋ ਉਸ ਦਾ ਹੀ ਸਹਾਰਾ ਹੈ ।
ਜਿਸ ਸਦਾ ਕਾਇਮ ਰਹਿਣ ਵਾਲੇ ਸੱਚੇ-ਮਾਲਕ ਨੇ, ਸਾਰੇ ਜੀਵ ਗਿਆਨ-ਗੁਰੂ ਦੀ ਸ਼ਰਨ ਪਾ ਕੇ, ਬਖ਼ਸ਼ ਲਏ ਹਨ, ਉਹੀ ਹੁਣ ਮੇਰੀ, ਨਾਨਕ ਦੀ, ਅਰਜ਼ੋਈ ਵੀ ਸੁਣਨ ਵਾਲਾ ਹੈ ।
29 ਜੁਲਾਈ, 1923 : ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਦੇ ਹੱਕ ਵਿੱਚ ਪੰਥਕ ਅਰਦਾਸ
ਪੰਜਾਬ ਦੀ ਸਿੱਖ ਰਿਆਸਤ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਉਪਰ ਮੁੜ ਬਹਾਲ ਕਰਨ ਲਈ ਇਹ ਜੈਤੋ ਦਾ ਮੋਰਚਾ ਲਹਿਰ 1923 ਵਿਚ ਚਲਾਈ ਗਈ ਸੀ।
ਮਹਾਰਾਜਾ ਦੀ ਅਕਾਲੀਆਂ ਪ੍ਰਤੀ ਹਮਦਰਦੀ ਸੀ ਅਤੇ ਉਸ ਨੇ ਖੁੱਲ੍ਹੇ ਤੌਰ ‘ਤੇ ਗੁਰੂ ਕਾ ਬਾਗ਼ ਮੋਰਚੇ ਦੀ ਹਿਮਾਇਤ ਕੀਤੀ ਅਤੇ ਨਨਕਾਣਾ ਸਾਹਿਬ ਵਿਖੇ ਸੁਧਾਰਵਾਦੀਆਂ ਦੇ ਕਤਲ ਦੇ ਵਿਰੋਧ ਵਜੋਂ ਕਾਲੀ ਪੱਗ ਬੰਨ ਲਈ ਸੀ। ਉਸ ਦੇ ਭਾਰਤੀ ਕੌਮੀ ਨੇਤਾਵਾਂ ਨਾਲ ਸਬੰਧਾਂ ਕਰਕੇ ਅਤੇ ਆਮ ਮੁਆਮਲਿਆਂ ਵਿੱਚ ਗ੍ਰਸਤ ਹੋਣ ਕਰਕੇ ਬ੍ਰਿਟਿਸ਼ ਸਰਕਾਰ ਉਸ ਤੋਂ ਤੰਗ ਆ ਗਈ ਸੀ।
9 ਜੁਲਾਈ, 1923 ਨੂੰ ਉਸ ਨੂੰ ਆਪਣੇ ਨਾਬਾਲਗ਼ ਪੁੱਤਰ ਪ੍ਰਤਾਪ ਸਿੰਘ ਲਈ ਗੱਦੀ ਛੱਡਣ ਲਈ ਮਜਬੂਰ ਕੀਤਾ ਗਿਆ। ਭਾਵੇਂ ਬ੍ਰਿਟਿਸ਼ ਅਫ਼ਸਰਾਂ ਨੇ ਉਸਦੇ ਗੱਦੀ ਛੱਡਣ ਨੂੰ ਆਪਣੀ ਮਰਜ਼ੀ ਨਾਲ ਛੱਡਣ ਲਈ ਉਚਾਰਿਆ ਪਰ ਅਕਾਲੀਆਂ ਅਤੇ ਹੋਰ ਕੌਮੀ ਜਥੇਬੰਦੀਆਂ ਨੇ ਇਸਦੀ ਸਰਕਾਰ ਵੱਲੋਂ ਧਾਂਦਲੀ ਦੇ ਕੰਮ ਵਜੋਂ ਨਿੰਦਾ ਕੀਤੀ। ਮਾਸਟਰ ਤਾਰਾ ਸਿੰਘ ਨੇ ਵੀ ਇਸਨੂੰ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦੀ ਗੱਦੀਓਂ ਲਾਹੁਣ ਨਾਲ ਮੇਲ ਕੇ ਇਸ ਦੀ ਨਿੰਦਾ ਕੀਤੀ।
ਸਿੱਖ ਧਰਮ ਮਹਾਰਾਜਾ ਨਾਭਾ ਨੂੰ ਮੁੜ ਗੱਦੀ ਉੱਤੇ ਬਿਠਾਉਣ ਲਈ ਬਣੀ ਕਮੇਟੀ ਦੇ ਫੈਸਲੇ ਅਨੁਸਾਰ 29 ਜੁਲਾਈ, 1923 ਨੂੰ ਪੰਜਾਬ ਦੇ ਸਾਰੇ ਪ੍ਰਮੁੱਖ ਨਗਰਾਂ ਵਿੱਚ ਉਸਦੇ ਲਈ ਪੰਥਕ ਅਰਦਾਸ ਕੀਤੀ ਗਈ।