ਸਲੋਕ ਮਃ ੩ ॥
ਅਭਿਆਗਤ ਏਹਿ ਨ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ ॥
ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ ॥
ਅਭੈ ਨਿਰੰਜਨੁ ਪਰਮ ਪਦੁ ਤਾ ਕਾ ਭੂਖਾ ਹੋਇ ॥
ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥ਮਹਲਾ ੩ – ਗੁਰੂ ਅਮਰਦਾਸ ਜੀ
ਰਾਮਕਲੀ ਰਾਗ ਅੰਗ ੯੪੯
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਭਟਕਣਾ ਹੋਵੇ (ਭਾਵ, ਜੋ ਦਰ ਦਰ ਤੇ ਭਟਕ ਕੇ ਰੋਟੀਆਂ ਆਟਾ ਮੰਗਦੇ ਫਿਰਨ) ਉਹਨਾਂ ਨੂੰ ਰੱਬ ਨੂੰ ਮਿਲਣ ਦਾ ਚਾਰਵਾਨ (‘ਅਭਿਆਗਤ’) ਨਹੀਂ ਆਖੀਦਾ; ਅਜੇਹੇ ਬੰਦੇ ਨੂੰ ਦੇਣ ਨਾਲ ਪੁੰਨ ਭੀ ਇਹੋ ਜਿਹਾ ਹੀ ਹੁੰਦਾ ਹੈ । ਭਾਵ, ਕੋਈ ਪੁੰਨ-ਕਰਮ ਨਹੀਂ ।
ਸਭ ਤੋਂ ਉੱਚਾ ਦਰਜਾ ਹੈ ਨਿਰਭਉ ਤੇ ਮਾਇਆ-ਰਹਿਤ ਪ੍ਰਭੂ ਨੂੰ ਮਿਲਣਾ । ਜੋ ਮਨੁੱਖ ਇਸ ‘ਪਰਮ ਪਦ’ ਦਾ ਅਭਿਲਾਖੀ ਹੈ, ਉਸ ਦੀ ਲੋੜੀਂਦੀ ਖ਼ੁਰਾਕ ਕੋਈ ਵਿਰਲਾ ਬੰਦਾ ਦੇਂਦਾ ਹੈ !
.