ਕਾਨੜਾ ਮਹਲਾ ੪ ॥
ਜਪਿ ਮਨ ਗੋਬਿਦ ਮਾਧੋ ॥
ਹਰਿ ਹਰਿ ਅਗਮ ਅਗਾਧੋ ॥
ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥
ਧੁਰਿ ਹੋ ਹੋ ਲਿਖੇ ਲਿਲਾਧੋ ॥
…ਮਹਲਾ ੪ – ਗੁਰੂ ਰਾਮਦਾਸ ਜੀ
ਰਾਗ ਕਾਨੜਾ ਅੰਗ ੧੨੯੭ (1297)
ਹੇ ਮੇਰੇ ਮਨ! ਇਸ ਸੰਸਾਰ ਦੇ ਅਪਹੁੰਚ ਤੇ ਅਥਾਹ ਮਾਲਕ ਦਾ ਨਾਮ ਜਪਿ ਭਾਵ ਉਸ ਦੇ ਗੁਣਾਂ ਨੂੰ ਸਮਝ । ਜੇ ਮਨੁੱਖ ਦੇ ਮੱਥੇ ਦੇ ਭਾਗ ਭਾਵ ਜਿਸਦੀ ਸਮਝ ਇਸ ਪਾਸੇ ਲੱਗ ਜਾਂਦੀ ਹੈ ਉਸ ਨੂੰ ਹੀ ਗੁਰੂ ਦੀ ਮਤਿ ਦੀ ਰਾਹੀਂ ਸੱਚ ਲੱਭ ਪੈਂਦਾ ਹੈ।
29 ਦਸੰਬਰ, 1704 : ਖਿਦਰਾਣੇ ਦੀ ਢਾਬ ‘ਤੇ ਚਾਲ੍ਹੀ ਮੁਕਤਿਆਂ ਦੀ ਸ਼ਹੀਦੀ
ਗੁਰੂ ਗੋਬਿੰਦ ਸਿੰਘ ਜੀ ਦਸ ਸਾਥੀ ਸਿੰਘਾ ਨਾਲ ਦੀਨਾ-ਕਾਂਗਡ਼ ਤੋਂ ਚਲ ਕੇ 29 ਦਸੰਬਰ, 1704 ਦੇ ਦਿਨ ਆਪ ਪਿੰਡ ਰੂਪੇਆਣਾ ਦੇ ਬਾਹਰ ਰੋਹੀ ਕੋਲ ਪਹੁੰਚੇ ਤਾਂ ਮਾਝੇ ਤੋਂ ਆ ਰਿਹਾ ਸਿੰਘਾਂ ਦਾ ਇਕ ਜੱਥਾ ਆਪ ਨੂੰ ਮਿਲ ਗਿਆ ਜਿਸ ਵਿਚ ਇਕ ਬੀਬੀ ਮਾਈ ਭਾਗ ਕੌਰ ਵੀ ਸੀ । ਇਨ੍ਹਾਂ ਨਾਲ ਚਰਚਾ ਚਲ ਹੀ ਰਹੀ ਸੀ ਕਿ ਇਕ ਸੂਹੀਆ ਖ਼ਬਰ ਲਿਆਇਆ ਕਿ “ਸਰਹੰਦ ਦੀ ਫ਼ੌਜ ਇਸ ਇਲਾਕੇ ਦੇ ਨੇਡ਼ੇ ਆ ਪੁੱਜੀ ਹੈ ।” ਗੁਰੂ ਸਾਹਿਬ ਨੇ ਸਾਥੀ ਸਿੰਘਾਂ ਨੂੰ ਘੋਡ਼ਿਆਂ ‘ਤੇ ਸਵਾਰ ਹੋ ਕੇ ਅੱਗੇ ਕੂਚ ਕਰਨ ਦਾ ਹੁਕਮ ਦਿੱਤਾ । ਗੁਰੂ ਸਾਹਿਬ ਦੇ ਜਾਣ ਪਿੱਛੋਂ ਮਾਈ ਭਾਗ ਕੌਰ ਸਾਥੀਆਂ ਨੂੰ ਵੰਗਾਰਿਆ – “ਸ਼ੇਰੋ! ਹੰਭਲਾ ਮਾਰੋ! ਹੁਣ ਵਾਪਸ ਘਰਾਂ ਵੱਲ ਨ ਪਰਤੀਏ, ਸਗੋਂ ਇਸ ਔਖੀ ਘੜੀ ਵਿਚ ਗੁਰੂ ਸਾਹਿਬ ਦਾ ਸਾਥ ਦੇਈਏ!” ਏਹ ਸੁਣਦੇ ਹੀ ਸਾਰੇ ਸਿੰਘ ਜੈਕਾਰਾ ਛੱਡ ਕੇ ਉਸੇ ਪਾਸੇ ਵਲ ਚਲ ਪਏ ਜਿਧਰ ਗੁਰੂ ਸਾਹਿਬ ਗਏ ਸਨ ।
ਜਦੋਂ ਉਹ ਖਿਦਰਾਣੇ ਦੀ ਢਾਬ ਦੇ ਕੰਢੇ ਪਹੁੰਚੇ ਤਾਂ ਉਦੋਂ ਤਕ ਗੁਰੂ ਸਾਹਿਬ ਢਾਬ ਲੰਘ ਕੇ ਨੇਡ਼ੇ ਦੀ ਇਕ ਟਿੱਬੀ ‘ਤੇ ਜਾ ਠਹਿਰੇ ਸਨ । ਢਾਬ ਨੇੜੇ ਖੜ੍ਹਾ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਟਿੱਬੀ ਉਤੇ ਹੱਲਾ ਬੋਲਣ ਦੀ ਤਿਆਰੀ ਕਰ ਹੀ ਰਿਹਾ ਸੀ ਕਿ ਅਚਾਨਕ, ਮਾਈ ਭਾਗੋ ਦੀ ਕਮਾਨ ਹੇਠ, ਸਿੰਘਾਂ ਨੇ ਹੱਲਾ ਬੋਲ ਦਿਤਾ । ਸਰਹਿੰਦੀ ਫ਼ੌਜ ਦੀ ਅਜਿਹੀ ਵੱਢ-ਟੁੱਕ ਹੋਈ ਕਿ ਵਜ਼ੀਰ ਖਾਂ ਨੂੰ ਫ਼ੌਜ ਨੂੰ ਪਿੱਛੇ ਹਟਣ ਦਾ ਹੁਕਮ ਦੇਣਾ ਪਿਆ । ਸ਼ਾਮ ਪੈਣ ਤੋਂ ਪਹਿਲਾਂ-ਪਹਿਲਾਂ ਸਰਹਿੰਦ ਦੀਆਂ ਫ਼ੌਜਾਂ ਉੱਥੋਂ ਕਾਫ਼ੀ ਦੂਰ ਖਿਸਕ ਗਈਆਂ ।
ਜਦੋਂ ਗੁਰੂ ਸਾਹਿਬ ਟਿੱਬੀ ਤੋਂ ਚੱਲ ਕੇ ਖਿਦਰਾਣੇ ਦੀ ਢਾਬ ਦੇ ਕੰਢੇ ‘ਤੇ ਪਰਤੇ ਤਾਂ ਉਸ ਵੇਲੇ ਤਕ 37 ਸਿੰਘ ਚੜ੍ਹਾਈ ਕਰ ਚੁੱਕੇ ਸਨ । ਗੁਰੂ ਸਾਹਿਬ ਨੇ ਭਾਈ ਮਾਨ ਸਿੰਘ ਨਿਸ਼ਾਨਚੀ ਨੂੰ ਸ਼ਹੀਦਾਂ ਦੀਆਂ ਲਾਸ਼ਾਂ ਇਕੱਠੀਆਂ ਕਰਨ ਦੀ ਸੇਵਾ ਬਖ਼ਸ਼ੀ ਅਤੇ ਆਪ ਜ਼ਖਮੀ ਸਿੰਘਾਂ ਕੋਲ ਬੈਠ ਗਏ । ਮਾਈ ਭਾਗ ਕੌਰ ਨੂੰ ਖੱਬੇ ਪੱਟ ਵਿਚ ਗੋਲੀ ਲੱਗੀ ਸੀ, ਅਤੇ ਤਿੰਨ ਸਿੰਘਾਂ ਦੇ ਜ਼ਖ਼ਮ ਬਡ਼ੇ ਡੂੰਘ ਸਨ, ਸੋ ਬਚਣ ਦੀ ਕੋਈ ਆਸ ਨਹੀਂ ਸੀ । ਗੁਰੂ ਸਾਹਿਬ ਨੇ ਇਨ੍ਹਾਂ ਜ਼ਖਮੀ ਸਿੰਘਾਂ ਅਤੇ ਮਾਈ ਭਾਗ ਕੌਰ ਦੇ ਮੂੰਹ ਵਿਚ ਜਲ ਪਾਇਆ ।
ਗੁਰੂ ਸਾਹਿਬ ਨੇ ਸ਼ਹੀਦ ਸਿੰਘਾਂ ਨੂੰ ‘ਚਾਲ੍ਹੀ ਮੁਕਤੇ’ ਸੱਦਿਆ ਅਤੇ ‘ਦਸ ਹਜ਼ਾਰੀ’, ‘ਵੀਹ ਹਜ਼ਾਰੀ’, ‘ਪੰਜਾਹ ਹਜ਼ਾਰੀ’ ਆਦਿ ਨਾਮ ਦਿੱਤੇ । ਇਨ੍ਹਾਂ ਦਾ ਆਪਣੇ ਹੱਥੀਂ ਅੰਤਿਮ ਸੰਸਕਾਰ ਕੀਤਾ । ਇਤਿਹਾਸ ਵਿਚ ਇਹ ਬਹਾਦਰ ਯੋਧੇ ‘ਮੁਕਤਸਰ ਦੀ ਜੰਗ ਦੇ ਚਾਲ੍ਹੀ ਮੁਕਤੇ’ ਦਰਜ਼ ਹੋਏ ।