ਸਲੋਕੁ ਮਃ ੩ ॥

ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ ॥
ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ ॥
ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ ॥

 ਮਹਲਾ ੩ : ਗੁਰੂ ਅਮਰਦਾਸ ਜੀ
 ਰਾਗ ਗੂਜਰੀ  ਅੰਗ ੫੨੬ (516)

ਜਿਤਨਾ ਇਹ ਜਗਤ ਦਿੱਸ ਰਿਹਾ ਹੈ ਇਹ ਸਾਰਾ ਆਉਣ ਜਾਣ ਵਾਲਾ ਹੈ ਭਾਵ, ਕਦੇ ਇਕੋ ਹਾਲਤ ਵਿਚ ਨਹੀਂ ਰਹਿੰਦਾ, ਸੋ, ਕਿਸੇ ਰਾਜ ਧਨ ਮਿਲਖ ਆਦਿਕ ਤੇ ਮਾਣ ਕਰਨਾ ਮੂਰਖਤਾ ਹੈ। ਜਿਸ ਮਨੁੱਖ ਨੇ ਇਹ ਗੱਲ ਸਮਝ ਲਈ ਉਹ ਹੀ ਸੱਚੇ ਮਾਲਕ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।

ਪਰ, ਜੋ ਇਸ ਹਉਮੈ ਦੇ ਆਸਰੇ ਆਪਣੇ ਆਪ ਨੂੰ ਵੱਡਾ ਅਖਵਾਂਦਾ ਹੈ ਭਾਵ, ਮਾਣ ਕਰਦਾ ਹੈ, ਉਹ ਬਿਲਕੁਲ ਮੂਰਖ ਅਤੇ ਗਵਾਰ ਹੈ ।


29 ਅਪ੍ਰੈਲ, 1635 : ਗੁਰੂ ਹਰਿਗੋਬਿੰਦ ਸਾਹਿਬ ਉਤੇ ਫਗਵਾੜਾ ਵਿਚ ਮੁਗਲਾਂ ਦਾ ਹਮਲਾ

ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ 29 ਅਪ੍ਰੈਲ, 1635 ਵਾਲੇ ਦਿਨ ਫਗਵਾੜਾ ਵਿੱਚੋਂ ਲੰਘ ਰਹੇ ਸਨ। ਮੌਕਾ ਵੇਖ ਕੇ ਉਹਨਾਂ ਉਤੇ ਮੁਗਲਾਂ ਨੇ ਹਮਲਾ ਕਰ ਦਿਤਾ । ਖੂਬ ਘਮਸਾਨ ਜੰਗ ਹੋਈ ਜਿਸ ਵਿੱਚ ਮੁਗਲ ਫੌਜਾਂ ਦੀ ਜਬਰਦਸਤ ਹਾਰ ਹੋਈ ।


29 ਅਪ੍ਰੈਲ, 1685 : ਪਾਉਂਟਾ ਨਗਰ ਦੀ ਨੀਂਹ ਰੱਖੀ ਗਈ

1685 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ, ਜੰਗਲ ਅਤੇ ਦਰਿਆ ਦੇ ਦਰਮਿਆਨ ਪਾਉਂਟਾ ਨਗਰ ਵਸਾਉਣ ਦੀ ਪਲਾਨ ਬਨਾਈ। ਗੁਰੂ ਸਾਹਿਬ ਨੇ 29 ਅਪ੍ਰੈਲ ਵਾਲੇ ਦਿਨ ਇਸ ਨਗਰ ਦੀ ਨੀਂਹ ਦਿਵਾਨ ਨੰਦ ਚੰਦ ਸੰਘਾ ਕੋਲੋਂ ਰਖਵਾਈ।


29 ਅਪ੍ਰੈਲ, 1849 : ਮਹਾਰਾਣੀ ਜਿੰਦ ਕੌਰ ਚੁਨਾਰ ਦੀ ਕੈਦ ਚੋਂ ਫ਼ਰਾਰ ਹੋ ਕੇ ਕਾਠਮੰਡੂ, ਨੇਪਾਲ ਪਹੁੰਚੀ

ਮਹਾਂਰਾਣੀ ਜਿੰਦਾਂ ਕੌਰ, ਅੰਗ੍ਰੇਜ਼ਾਂ ਨੂੰ ਚਕਮਾ ਦੇ ਕੇ ਚੁਨਾਰ ਦੇ ਅਤਿ-ਸੁਰੱਖਿਆ ਵਾਲੇ ਕਿਲ੍ਹੇ ਦੀ ਕੈਦ ਵਿੱਚੋਂ 6 ਅਪ੍ਰੈਲ, 1849 ਨੂੰ ਫ਼ਰਾਰ ਹੋਣ ‘ਚ ਸਫਲ ਹੋਣ ਤੋਂ ਬਾਅਦ 29 ਅਪ੍ਰੈਲ, 1849 ਵਾਲੇ ਦਿਨ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਖੇ ਪੁੱਜੀ ਜਿੱਥੇ ਉਸ ਨੇ ਨੇਪਾਲ ਨਰੇਸ਼ ਪਾਸੋਂ ਅੰਗ੍ਰੇਜ਼ਾਂ ਦੇ ਖਿਲਾਫ਼ ਬਗਾਵਤ ਦੇ ਲਈ ਮਦਦ ਮੰਗੀ।