ਭੂਲੇ ਮਾਰਗੁ ਜਿਨਹਿ ਬਤਾਇਆ ॥
ਐਸਾ ਗੁਰੁ ਵਡਭਾਗੀ ਪਾਇਆ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਬਿਲਾਵਲੁ  ਅੰਗ ੮੦੪ (804)

ਜੀਵਨ ਦੇ ਸੱਚੇ ਰਸਤੇ ਤੋਂ ਖੁੰਝੇ ਜਾ ਰਹੇ, ਭਟਕੇ ਹੋਏ ਮਨੁੱਖ ਨੂੰ, ਜੋ ਜ਼ਿੰਦਗੀ ਦਾ ਸਹੀ ਗੁਰਮਤਿ ਰਾਹ ਸਮਝਾ ਦੇਂਦਾ ਹੈ ਇਹੋ ਜਿਹਾ ਗੁਰੂ ਬੜੇ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ।

ਗੁਰਮਤਿ ਅਨੁਸਾਰ ਚੰਗੇ ਗੁਣ ਧਾਰਨ ਕਰ ਕੇ, ਜੀਵਨ ਜਿਊਣ ਦੀ ਕੋਸ਼ਿਸ਼ ਕਰਨ ਨਾਲ ਹੀ ਇਹ ‘ਵੱਡੇ ਭਾਗ’ ਬਣਾਏ ਜਾ ਸਕਦੇ ਹਨ।


28 ਨਵੰਬਰ, 1696 : ਜਨਮ – ਸਾਹਿਬਜ਼ਾਦਾ ਜ਼ੋਰਾਵਰ ਸਿੰਘ

ਸਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦਾ ਜਨਮ 28 ਨਵੰਬਰ, 1696 ਨੂੰ, ਆਨੰਦਪੁਰ ਸਾਹਿਬ ਵਿਖੇ, ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤੋ ਜੀ ਦੀ ਕੁੱਖੋ ਹੋਇਆ।

ਆਨੰਦਪੁਰ ਛੱਡਣ ਪਿੱਛੋਂ, ਸਰਸਾ ਨਦੀ ਦੇ ਕੰਢੇ, ਗੂਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਗੁਰੂ ਜੀ ਦੇ ਮਾਤਾ ਗੁਜਰੀ ਜੀ ਦੋਵੇਂ ਛੋਟੇ ਸਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਆਪਣੇ ਘਰੇਲੂ ਰਸੋਈਏ ਗੰਗੂ ਬ੍ਰਹਾਮਣ ਸਮੇਤ, ਬਾਕੀ ਸਿੰਘਾਂ ਨਾਲੋਂ ਨਿਖੜ ਗਏ । ਗੰਗੂ ਉਨ੍ਹਾਂ ਨੂੰ ਆਪਣੇ ਘਰ ਪਿੰਡ ਸਹੇੜੀ ਲੈ ਆਇਆ।

ਮਾਤਾ ਜੀ ਦੇ ਪਾਸ ਬਹੁਤ ਸਾਰੀ ਨਕਦੀ ਤੇ ਹੋਰ ਕੀਮਤੀ ਸਮਾਨ ਵੇਖ ਕੇ ਬੇਈਮਾਨ ਹੋ ਗਿਆ । ਅਗਲੇ ਦਿਨ ਗੰਗੂ ਦੀ ਸੂਹ ਤੇ ਸੂਬੇ ਦੇ ਹੁਕਮ ਤੇ ਮੋਰਿੰਡਾ ਥਾਣੇ ਦੀ ਪੁਲਸ ਨੇ ਮਾਤਾ ਜੀ ਤੇ ਦੋਵੇਂ ਸਾਹਿਬਜ਼ਾਦੇ ਫੜ ਲਏ ਗਏ ਤੇ ਤਿੰਨਾਂ ਨੂੰ ਸਰਹੰਦ ਦੇ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ।

ਵਜੀਦ ਖਾਂ ਸੂਬਾ ਸਰਹੰਦ ਨੇ ਹੁਕਮ ਕੀਤਾ ਕਿ ਉਹ ਇਸਲਾਮ ਕਬੂਲ ਕਰ ਲੈਣ ਜਾਂ ਮੌਤ ਲਈ ਤਿਆਰ ਹੋ ਜਾਣ। ਕਾਜ਼ੀਆਂ ਨੇ ਉਨ੍ਹਾਂ ਨੂੰ ਇਸਲਾਮ ਕਬੂਲਣ ਲਈ ਬਹੁਤ ਲਾਲਚ ਅਤੇ ਡਰਾਵੇ ਦਿੱਤੇ ਪਰ ਸਾਹਿਬਜ਼ਾਦੇ ਡਟੇ ਰਹੇ।

ਆਖਰ ਦੋਵਾਂ ਸਹਿਬਜ਼ਾਦਿਆ ਨੂੰ ਦੀਵਾਰ ਵਿੱਚ ਚਿਣ ਕੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਉਦੋਂ ਸਾਹਿਬਜ਼ਾਦਾ ਜੋਰਾਵਰ ਸਿੰਘ ਸਿਰਫ਼ ਸੱਤ ਸਾਲਾਂ ਦੇ ਸਨ ।