ਸਲੋਕ ਮਃ ੪ ॥

ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ॥
ਹਉਮੈ ਮਮਤਾ ਨਾਸੁ ਹੋਇ ਦੁਰਮਤਿ ਕਢੈ ਧੋਇ ॥
ਨਾਨਕ ਅਨਦਿਨੁ ਗੁਣ ਉਚਰੈ ਜਿਨ ਕਉ ਧੁਰਿ ਲਿਖਿਆ ਹੋਇ ॥

 ਮਹਲਾ ੪ – ਗੁਰੂ ਰਾਮਦਾਸ ਜੀ
 ਰਾਗ ਕਾਨੜਾ  ਅੰਗ ੧੩੧੩ (1313)

ਹੇ ਭਾਈ! ਨਾਮ ਸਿਮਰਨ ਦੀ ਦਾਤਿ ਕੋਈ ਵਿਰਲਾ ਮਨੁੱਖ ਹੀ, ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ, ਹਾਸਲ ਕਰਦਾ ਹੈ,

ਜਦ ਅੰਦਰੋਂ ਹਉਮੈ ਅਤੇ ‘ਮੈਂ-ਮੇਰੀ’ ਭਾਵਨਾ ਦਾ ਨਾਸ ਹੋ ਜਾਂਦਾ ਹੈ, ਤਾਂ ਮਨੁੱਖ ਆਪਣੇ ਅੰਦਰੋਂ ਹੀ ਨਾਮ ਦੀ ਬਰਕਤਿ ਨਾਲ ਭੈੜੀ ਮਤਿ ਦੀ ਮੈਲ ਧੋ ਕੇ ਕੱਢ ਦੇਂਦਾ ਹੈ;

ਗੁਰੂ ਰਾਮਦਾਸ ਜੀ ਅਨੁਸਾਰ ਉਹ ਮਨੁੱਖ ਹਰ ਵੇਲੇ ਸੱਚ ਗੁਣ ਉਚਾਰਦਾ ਹੈ, ਜਿਸ ਦੇ ਭਾਗਾਂ ਵਿਚ, ਧੁਰ ਤੋਂ ਕੀਤੇ ਅਨੁਸਾਰ, ਨਾਮ ਸਿਮਰਨ ਦੇ ਸੰਸਕਾਰ ਹੁੰਦੇ ਹਨ ।


28 ਮਈ, 1948 : ਊਧਮ ਸਿੰਘ ਨਾਗੋਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ

ਮਾਝੇ ਦੀ ਧਰਤੀ ਤੇ ਜਨਮੇਂ ਸਰਦਾਰ ਊਧਮ ਸਿੰਘ ਨਾਗੋਕੇ ਇਕ ਮਹਾਨ ਪੰਥਕ ਸੇਵਕ ਦੀ ਛਵੀ ਦੇ ਮਾਲਕ ਸਨ। ਆਪ ਜੀ ਦਾ ਜਨਮ 27 ਅਪ੍ਰੈਲ, 1894 ਨੂੰ ਭਾਈ ਬੇਲਾ ਸਿੰਘ ਜੀ ਅਤੇ ਮਾਈ ਅਤਰ ਕੌਰ ਦੇ ਗ੍ਰਹਿ ਪਿੰਡ ਨਾਗੋਕੇ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਸੀ । ਨਾਗੋਕੇ ਪਿੰਡ ਵਿੱਚ ਜਨਮ ਹੋਣ ਕਾਰਣ ਆਪ ਜੀ ਨੇ ਆਪਣੇ ਨਾਂ ਦੇ ਨਾਲ ਨਾਗੋਕੇ ਜੁੜ ਗਿਆ। ਸਰਦਾਰ ਊਧਮ ਸਿੰਘ ਹੁਣਾਂ ਨੇ ਆਪਣੇ ਜੀਵਨ ਦੀ ਸ਼ੁਰੂਆਤ ਫ਼ੌਜ ਦੀ ਨੌਕਰੀ ਤੋਂ ਆਰੰਭ ਕੀਤੀ, ਪਰ 1920 ਵਿੱਚ ਆਪ ਫੌਜ ਦੀ ਨੌਕਰੀ ਛੱਡ ਕੇ ਵਾਪਿਸ ਪਿੰਡ ਪਰਤ ਆਏ ਅਤੇ ਪੰਥਕ ਸੇਵਾ ਨਿਭਾਉਣ ਦੇ ਕਰਮ ਦੇ ਨਾਲ ਆਪ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।

ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਤੋਸ਼ਾਖ਼ਾਨੇ ਦੀਆਂ ਚਾਬੀਆਂ ਦੇ ਮੋਰਚੇ ਦੌਰਾਨ ਆਪ ਨੂੰ ਛੇ ਮਹੀਨੇ ਦੇ ਲਈ ਨਜਰਬੰਦ ਕਰ ਦਿੱਤਾ ਗਿਆ। ਫਿਰ ਆਪ ਨੇ ‘ਗੁਰੂ ਕਾ ਬਾਗ਼’ ਮੋਰਚੇ ਵਿਚ ਵਧ ਚੜ ਕੇ ਹਿੱਸਾ ਲਿਆ ਅਤੇ ਇੱਕ ਸਾਲ ਦੀ ਕੈਦ ਕਟੀ । ‘ਜੈਤੋ ਦੇ ਮੋਰਚੇ’ ਵਿਚ ਦੋ ਸਾਲ ਦੀ ਸਜ਼ਾ ਹੋਈ ।

ਸਾਲ 1926 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਮਗਰੋ ਆਪ ਨੂੰ ਮੁੜ ਸ੍ਰੀ ਅਕਾਲ-ਤਖ਼ਤ ਦੇ ਜੱਥੇਦਾਰ ਵਜੋਂ ਸੇਵਾ ਸੌਂਪੀ ਗਈ । ਸਾਲ 1925 ਵਿੱਚ ਸਿੱਖ ਗੁਰਦੁਆਰਾ ਐਕਟ ਬਣਨ ਮਗਰੋਂ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਸੰਨ 1954 ਤਕ ਆਪ ਇਸ ਕਮੇਟੀ ਨਾਲ ਸੰਬੰਧਿਤ ਰਹੇ । ਇਸ ਦੌਰਾਨ ਆਪ ਸ੍ਰੀ ਦਰਬਾਰ ਸਾਹਿਬ ਕਮੇਟੀ ਦੇ ਵੀ ਮੈਂਬਰ ਰਹੇ ਅਤੇ ਉਨ੍ਹਾਂ ਦਿਨਾਂ ਵਿੱਚ ਚਲ ਰਹੀ ਗੁਰੂ ਰਾਮਦਾਸ ਨਿਵਾਸ ਦੀ ਇਮਾਰਤ ਦੀ ਉਸਾਰੀ ਦੀ ਕਰ ਸੇਵਾ ਵਿਚ ਆਪ ਨੇ ਆਪਣੀ ਸ਼ਲਾਘਾਯੋਗ ਭੂਮਿਕਾ ਨਿਭਾਈ । 28 ਮਈ 1948 ਅਤੇ ਫੇਰ 1952 ਵਿਚ ਆਪ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ।

ਸਾਲ 1920 ਵਿੱਚ ਕਾਂਗਰਸ ਵੱਲੋ ਐਲਾਨੇ ‘ਸਿਵਲ ਨਾਫ਼ਰਮਾਨੀ ਅੰਦੋਲਨ’ ਵਿੱਚ ਹਿਸਾ ਲੈਣ ਕਾਰਣ ਆਪ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ । ਸਾਲ 1929 ਵਿਚ, ਜਥੇਦਾਰ ਊਧਮ ਸਿੰਘ ਨਾਗੋਕੇ ਨੇ ਖੇਤੀ ਸੰਬੰਧੀ ਟੈਕਸ ਵਿਚ ਵਾਧਾ ਕੀਤੇ ਜਾਣ ਦੇ ਵਿਰੁੱਧ ਪੰਜਾਬ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਅਤੇ ਆਪ ਨੂੰ ਇਕ ਸਾਲ ਦੀ ਜੇਲ ਹੋਈ ।

ਸਾਲ 1935 ਵਿਚ ਆਪ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ। ਸਾਲ 1942 ਵਿੱਚ ਆਪ ਜੀ ਦੇ ਮਾਸਟਰ ਤਾਰਾ ਸਿੰਘ ਨਾਲ ਮਤ-ਭੇਦ ਹੋਣ ਮਗਰੋਂ ਆਪ ਨੇ ਆਪਣੇ ਆਪ ਨੂੰ ਮਾਸਟਰ ਜੀ ਦੇ ਧੜੇ ਤੋਂ ਵਖ ਕਰ ਲਿਆ ਅਤੇ 1948 ਵਿਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਵਿਚ ਮਾਸਟਰ ਤਾਰਾ ਸਿੰਘ ਨੂੰ ਹਰਾ ਦਿੱਤਾ ।

ਸੰਨ 1942 ਵਿਚ ‘ਭਾਰਤ ਛੋੜੋ ਅੰਦੋਲਨ’ ਵਿਚ ਹਿਸਾ ਲਿਆ ਅਤੇ ਤਿੰਨ ਵਰ੍ਹਿਆਂ ਦੀ ਸਖਤ ਜੇਲ ਦੀ ਸਜ਼ਾ ਭੁਗਤੀ । ਜੇਲ੍ਹੋਂ ਰਿਹਾਅ ਹੋਣ ਮਗਰੋਂ 1946 ਵਿਚ ਆਪ ਨੂੰ ਪੰਜਾਬ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਚੁਣ ਲਿਆ ਗਿਆ। 1947 ਵਿੱਚ ਭਾਰਤ ਆਜ਼ਾਦ ਹੋ ਗਿਆ ਅਤੇ ਆਜ਼ਾਦੀ ਤੋਂ ਮਗਰੋਂ 1952 ਵਿੱਚ ਆਪ ਨੂੰ ਭਾਰਤ ਸੇਵਕ ਸਮਾਜ ਦਾ ਮੁੱਖੀ ਥਾਪਿਆ ਗਿਆ । 1953 ਵਿੱਚ ਕੁੱਲ ਹਿੰਦ ਕਾਂਗਰਸ ਪਾਰਟੀ ਵਲੋਂ ਆਪ ਭਾਰਤ ਦੀ ਪਰਲਮੈਂਟ ਦੇ ਉੱਚ ਸਦਨ ਰਾਜ ਸਭਾ ਦੇ ਮੈਂਬਰ ਨਾਮਜ਼ਦ ਕੀਤੇ ਗਏ।

28 ਮਈ, 1948 ਵਾਲੇ ਦਿਨ ਸਰਦਾਰ ਊਧਮ ਸਿੰਘ ਨਾਗੋਕੇ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ।

ਸਰਦਾਰ ਊਧਮ ਸਿੰਘ ਨਾਗੋਕੇ ਬਾ-ਅਸੂਲ, ਬਾ-ਦਸਤੂਰ ਇਕ ਦ੍ਰਿੜ ਇਰਾਦਿਆਂ ਵਾਲੇ ਰਾਜਨੀਤਿਕ ਨੇਤਾ ਸਨ ਅਤੇ ਇਕ ਵਾਰ ਜੋ ਫ਼ੈਸਲਾ ਕਰ ਲੈਦੇ ਸੋ, ਤਾਂ ਉਸ ਤੋਂ ਕਦੇ ਪਿੱਛੇ ਨਹੀਂ ਸਨ ਹੱਟਦੇ। ਆਪ ਆਪਣੀ ਤੀਖਣ ਸੂਝ-ਬੂਝ, ਹਾਜ਼ਰ-ਜਵਾਬੀ ਅਤੇ ਆਪਣੀ ਸਦਾਚਾਰਿਕ ਦ੍ਰਿੜਤਾ ਲਈ ਹਮੇਸ਼ਾਂ ਜਾਣੇ ਜਾਂਦੇ ਰਹਿਣਗੇ।

11 ਜਨਵਰੀ, 1966 ਨੂੰ ਆਪ ਪੋਸਟਗ੍ਰੇਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਂਇਸਿਜ਼ (ਪੀ.ਜੀ.ਆਈ.) ਚੰਡੀਗੜ੍ਹ ਵਿਖੇ ਅਕਾਲ ਚਲਾਣਾ ਕਰ ਗਏ ।


28 ਮਈ, 1984 : ਸ਼੍ਰੋਮਣੀ ਅਕਾਲੀ ਦਲ ਦਾ ਕੇਂਦਰ ਸਰਕਾਰ ਦੇ ਖਿਲਾਫ਼ ਨਾ-ਮਿਲਵਰਤਣ ਦਾ ਐਲਾਨ

28 ਮਈ, 1984 ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ 3 ਜੂਨ, 1984 ਤੋਂ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਖਿਲਾਫ਼ ਨਾ-ਮਿਲਵਰਤਣ ਲਹਿਰ ਚਲਾਈ ਜਾਏਗੀ ।