ਸਲੋਕੁ ਮਃ ੩ ॥
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍ਹ ॥
ਨਾਨਕ ਸਤੀਆ ਜਾਣੀਅਨਿ੍ਹ ਜਿ ਬਿਰਹੇ ਚੋਟ ਮਰੰਨਿ੍ਹ ॥੧॥ਮਹਲਾ ੩ – ਗੁਰੂ ਅਮਰਦਾਸ ਜੀ
ਰਾਗ ਸੂਹੀ ਅੰਗ ੭੮੭ (787)
ਉਹ ਇਸਤ੍ਰੀਆਂ ਸਤੀ ਹੋ ਗਈਆਂ ਨਹੀਂ ਆਖੀਦੀਆਂ ਜੋ ਪਤੀ ਦੀ ਲੋਥ ਦੇ ਨਾਲ ਸੜ ਮਰਦੀਆਂ ਹਨ ।
ਜੋ ਪਤੀ ਦੀ ਮੌਤ ਦੇ ਵਿਛੋੜੇ ਦੀ ਹੀ ਸੱਟ ਨਾਲ, ਬਿਰਹਾ ਵਿਚ ਮਰੇ ਸਮਾਨ ਹੋ ਜਾਣ, ਉਹਨਾਂ ਨੂੰ ਸਤੀ ਹੋ ਗਈਆਂ ਸਮਝਣਾ ਚਾਹੀਦਾ ਹੈ ।
28 ਜੂਨ, 1839 : ਮਹਾਰਾਜਾ ਰਣਜੀਤ ਸਿੰਘ ਦਾ ਸਸਕਾਰ
ਮਹਾਰਾਜਾ ਰਣਜੀਤ ਸਿੰਘ ਦੇ 27 ਜੂਨ, 1839 ਨੂੰ ਬੇਵਕਤੀ ਅਕਾਲ ਚਲਾਣੇ ਪਿੱਛੋਂ ਉਨ੍ਹਾ ਦਾ ਸਸਕਾਰ ਲਾਹੌਰ ਵਿਖੇ 28 ਜੂਨ, 1839 ਨੂੰ ਕਰ ਦਿੱਤਾ ਗਿਆ।
28 ਜੂਨ, 1916 : ਜਨਮ ਸ਼੍ਰੋਮਣੀ ਕਵੀਸ਼ਰ – ਕਰਨੈਲ ਸਿੰਘ ਪਾਰਸ
ਕਰਨੈਲ ਸਿੰਘ ਪਾਰਸ ਦਾ ਜਨਮ 28 ਜੂਨ, 1916 ਨੂੰ ਪਿੰਡ ਮਹਿਰਾਜ (ਬਠਿੰਡਾ) ਵਿਖੇ ਹੋਇਆ। ਗੁਰਸਿੱਖ ਪਰਿਵਾਰ ਵਿਚ ਜਨਮ ਹੋਣ ਕਾਰਨ ਉਹ ਸਿੱਖੀ ਦੇ ਮੂਲ ਸਿਧਾਂਤਾਂ ਨਾਲ ਜੁੜੇ ਹੋਏ ਸਨ।
ਮਾਲਵੇ ਦੀ ਧਰਤੀ ਦੇ ਇਸ ਕਵੀਸ਼ਰ ਨੇ ਕਿੱਸਿਆਂ, ਕਵੀਸ਼ਰੀਆਂ, ਸ਼ਹੀਦੀ ਸਾਕਿਆਂ, ਪ੍ਰਸੰਗਾਂ ਆਦਿ ਰਾਹੀਂ ਜਿੱਥੇ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਨੂੰ ਉਭਾਰਿਆ, ਉੱਥੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵੀ ਵਿਸ਼ੇਸ਼ ਯੋਗਦਾਨ ਪਾਇਆ। ਇਸ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਾਰਸ ਨੂੰ 1984 ਦੌਰਾਨ ਸ਼੍ਰੋਮਣੀ ਕਵੀਸ਼ਰ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ।
ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਅਰੰਭੀ ਕਵੀਸ਼ਰੀ ਪਰੰਪਰਾ ਪਾਰਸ ਦੀ ਮੌਲਿਕ ਪ੍ਰਤਿਭਾ ਨਾਲ ਮੇਲ ਖਾਂਦੀ ਸੀ। ਇਸ ਲਈ ਪਾਰਸ ਨੇ ਸਿੱਖ ਇਤਿਹਾਸ ਦੇ ਜਜ਼ਬਿਆਂ ਅਤੇ ਕੁਰਬਾਨੀਆਂ ਨੂੰ ਲੋਕਾਈ ਅੱਗੇ ਕਵੀਸ਼ਰੀ ਰਾਹੀਂ ਪੇਸ਼ ਕੀਤਾ। ਉਸਨੇ ਸਿੱਖ ਇਤਿਹਾਸ ਦੇ ਮਹਾਨ ਯੋਧਿਆਂ ਦੀਆਂ ਸਿਫ਼ਤਾਂ ਰਾਹੀਂ ਜਨ-ਸਾਧਾਰਨ ਨੂੰ ਅਡੋਲ ਬਣਾਉਣ ਲਈ ਕਵੀਸ਼ਰੀ ਨੂੰ ਸਟੇਜਾਂ ’ਤੇ ਬਹੁਤ ਸ਼ਿੱਦਤ ਨਾਲ ਨਿਭਾਇਆ।
ਸਿੱਖ ਗੁਰੂਆਂ ਅਤੇ ਕੌਮ ਦੇ ਵਾਰਿਸਾਂ ਦੇ ਜੀਵਨ ਨੂੰ ਦ੍ਰਿਸ਼ਟਮਾਨ ਕਰਨ ਲਈ ਉਸਨੇ ਮੌਲਿਕ ਕਾਵਿ-ਬਿਰਤਾਂਤਕਾਰੀ ਜੁਗਤਾਂ ਸਿਰਜੀਆਂ। ਉਹ ਕਵੀਸ਼ਰੀ ਨਾਲ ਜਿੱਥੇ ਲੋਕਾਂ ਦਾ ਮਨੋਰੰਜਨ ਕਰਦਾ ਸੀ, ਉੱਥੇ ਉਨ੍ਹਾਂ ਅੰਦਰ ਪਈ ਸੰਘਰਸ਼ਮਈ ਚੇਤਨਾ ਨੂੰ ਵੀ ਜਗਾਉਂਦਾ ਸੀ। ਉਸਨੇ ਗੁਰੂਆਂ ਦੇ ਜੀਵਨ ਨੂੰ ਧਾਰਮਿਕ ਪ੍ਰਸੰਗਾਂ ਰਾਹੀਂ ਨਿਭਾਇਆ। ਉਸਨੇ ਕਵੀਸ਼ਰੀ ਰਾਹੀਂ ਪੰਜਾਬੀ ਲੋਕ-ਸਮੂਹ ਅੰਦਰ ਸਿੱਖ-ਨੈਤਿਕਤਾ ਅਤੇ ਸਿੱਖ-ਸੁਰਤ ਨੂੰ ਪੇਸ਼ ਕੀਤਾ।
ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤ ਨੂੰ ਪਾਰਸ ਨੇ ਸਿੱਖ ਪ੍ਰਸੰਗਾਂ ਵਿਚ ਪੇਸ਼ ਕਰਦੇ ਹੋਏ ਮਨੁੱਖਤਾ ਨੂੰ ਲੁੱਟ ਰਹਿਤ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੱਤਾ। ਲੋਕਾਈ ਵਿਚ ਬਰਾਬਰੀ, ਹੰਕਾਰ ਦਾ ਤਿਆਗ, ਭਾਈਚਾਰਕ ਸਾਂਝ, ਈਰਖਾ ਤੋਂ ਮੁਕਤੀ, ਜਾਤ-ਪਾਤ ਰਹਿਤ ਸਮਾਜ ਦੇ ਉਸਾਰ ਲਈ ਗੁਰੂ ਸਿੱਖਿਆ ਨੂੰ ਆਧਾਰ ਬਣਾ ਕੇ ਪਾਰਸ ਨੇ ਪ੍ਰਸੰਗਾਂ ਨੂੰ ਰਚਿਆ ਅਤੇ ਸਟੇਜਾਂ ’ਤੇ ਵੀ ਪੇਸ਼ ਕੀਤਾ।
ਪਾਰਸ ਨੇ ਪ੍ਰਸੰਗ ‘ਛੋਟੇ ਸਾਹਿਬਜ਼ਾਦੇ’ ਵਿਚ ਸਿੱਖੀ ਦੇ ਸਿਧਾਂਤਾਂ ਦੀ ਸੱਚ ਲਈ ਅਡੋਲਤਾ ਨੂੰ ਜਜ਼ਬੇ ਨਾਲ ਉਭਾਰਿਆ ਹੈ। ਉਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਦਾ ਅਜਿਹਾ ਕਾਵਿ-ਪ੍ਰਸੰਗ ਤਿਆਰ ਕੀਤਾ ਜਿਹੜਾ ਸਿੱਖੀ ਨਾਲ ਜੁੜਨ ਦਾ ਮੁੱਲਵਾਨ ਸਾਧਨ ਬਣਿਆ। ਇਹ ਕਾਵਿ-ਪ੍ਰਸੰਗ ਲੋਕ ਸਮੂਹ ਦੀਆਂ ਭਾਵਨਾਵਾਂ ਨੂੰ ਟੁੰਬਦਾ ਹੋਇਆ ਵਿਅਕਤੀ ਨੂੰ ਸੰਵੇਦਨਸ਼ੀਲ ਬਣਾਉਂਦਾ ਹੈ। ਸਾਹਿਬਜ਼ਾਦਿਆਂ ਨੂੰ ‘ਹੰਸਾਂ ਦੀ ਜੋੜੀ’ ਦੇ ਚਿਹਨ ਵੱਜੋਂ ਪੇਸ਼ ਕਰਦਾ ਹੋਇਆ ਕਰਨੈਲ ਸਿੰਘ ਪਾਰਸ ਕਹਿੰਦਾ ਹੈ:
ਕਿਉਂ ਪਕੜ ਮਾਸੂਮਾਂ ਨੂੰ,
ਨੀਂ ਇਹ ਲਈ ਪੁਲਸੀਏ ਜਾਂਦੇ
ਤੱਕ ਨੂਰ ਇਲਾਹੀ ਨੂੰ,
ਨਿਉਂ ਨਿਉਂ ਪਰਬਤ ਸੀਸ ਨਿਵਾਂਦੇ
ਹੈ ਨਾਲ ਹਕੂਮਤ ਦੇ,
ਇਨ੍ਹਾਂ ਦੀ ਕੀ ਪਈ ਮਰੋੜੀ
ਕਿਉਂ ਫੜੀ ਸਿਪਾਹੀਆਂ ਨੇ,
ਭੈਣੋਂ ਇਹ ਹੰਸਾਂ ਦੀ ਜੋੜੀ।