28 ਜਨਵਰੀ, 1530 : ਸਿਧ ਗੋਸ਼ਟਿ – ਅਚਲ ਵਟਾਲਾ ਵਿੱਚ ਸਿਧਾਂ ਨਾਲ ਚਰਚਾ

ਰਾਵੀ ਦੇ ਕੰਡੇ ‘ਤੇ ਵਸਾਏ ਆਪਣੇ ਪਿੰਡ ਕਰਤਾਰਪੁਰ ਵਿਚ ਰਹਿੰਦਿਆਂ ਇਕ ਵਾਰ ਗੁਰੂ ਨਾਨਕ ਸਾਹਿਬ ਅਚਲ ਵਟਾਲਾ ਵੀ ਗਏ। ਉਨ੍ਹਾਂ ਦਿਨਾਂ ਅਚਲ ਵਟਾਲਾ ਵਿਚ ਸਿੱਧ ਜੋਗੀਆਂ ਦਾ ਬੜਾ ਵੱਡਾ ਡੇਰਾ ਸੀ। ਉਸ ਦਿਨ 28 ਜਨਵਰੀ 1530 ਦੀ ਤਾਰੀਖ਼ ਸੀ ਸ਼ਿਵਰਾਤਰੀ ਦਾ ਮੇਲਾ ਲੱਗਿਆ ਹੋਇਆ ਸੀ। ਉੱਥੇ ਕੁਝ ਗਵੱਈਏ ਵੀ ਆਏ ਹੋਏ ਸਨ। ਉਨ੍ਹਾਂ ਨੂੰ ਪਤਾ ਲਗਾ ਕਿ ਜਿਸ ਬਾਬਾ ਨਾਨਕ ਜੀ ਦੀ ਰਚੀ ਬਾਣੀ ਦਾ ਕੀਰਤਨ ਘਰ-ਘਰ ਵਿਚ ਹੁੰਦਾ ਹੈ, ਉਹ ਅਚਲ ਵਟਾਲੇ ਆਏ ਹੋਏ ਹਨ। ਉਨ੍ਹਾਂ ਨੇ ਗੁਰੂ ਜੀ ਦੇ ਸ਼ਬਦਾਂ ਦਾ ਕੀਰਤਨ ਸ਼ੁਰੂ ਕਰ ਦਿਤਾ। ਕੀਰਤਨ ਸੁਣ ਕੇ ਲੋਕ ਉੱਥੇ ਜੁੜਨੇ ਸ਼ੁਰੂ ਹੋ ਗਏ। ਜਦੋਂ ਲੋਕਾਂ ਨੂੰ ਪਤਾ ਲਗਾ ਕਿ ਗੁਰੂ ਸਾਹਿਬ ਵੀ ਉੱਥੇ ਹਨ ਤਾਂ ਸਾਰੀ ਖ਼ਲਕਤ ਉਨ੍ਹਾਂ ਗਵੱਈਆਂ ਨੂੰ ਛੱਡ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇਕੱਠੀ ਹੋ ਗਈ।

ਜਦੋਂ ਸਿੱਧਾਂ ਨੂੰ ਪਤਾ ਲਗਾ ਕਿ ਸਾਰੇ ਸ਼ਰਧਾਲੂ ਤਾਂ ਗੁਰੂ ਸਾਹਿਬ ਵਲ ਜਾ ਰਹੇ ਹਨ ਤਾਂ ਉਹ ਬਹੁਤ ਖਿਝੇ ਅਤੇ ਇਕੱਠੇ ਹੋ ਕੇ ਗੁਰੂ ਸਾਹਿਬ ਵਲ ਆਏ। ਸਿੱਧਾਂ ਨੇ ਆ ਕੇ ਗੁਰੂ ਸਾਹਿਬ ਨਾਲ ਚਰਚਾ ਸ਼ੁਰੂ ਕਰ ਦਿਤੀ। ਉਨ੍ਹਾਂ ਕਿਹਾ ਕਿ “ਗੁਰੂ ਸਾਹਿਬ ਤੁਸੀਂ ਉਦਾਸੀ ਭੇਖ ਛੱਡ ਕੇ ਗ੍ਰਹਿਸਤੀ ਕਿਉਂ ਹੋ ਗਏ ਹੋ? ਇਹ ਤਾਂ ਜਿਵੇਂ ਕੋਈ ਦੁੱਧ ਵਿਚ ਕਾਂਜੀ ਪਾ ਦੇਵੇ। ਕਾਂਜੀ ਪਾਇਆਂ ਦੁੱਧ ਨੇ ਖ਼ਰਾਬ ਤਾਂ ਹੋਣਾ ਹੀ ਹੈ।” ਗੁਰੂ ਨਾਨਕ ਸਾਹਿਬ ਨੇ ਜਵਾਬ ਦਿਤਾ :

“ਜੇ ਭਾਂਡੇ ਸਾਫ਼ ਹੋਣ ਤਾਂ ਦੁਧ ਨਹੀਂ ਫਿੱਟਦਾ। ਇੰਞ ਹੀ ਜੇ ਕਰ ਮਨ ਤੇ ਬੁਧ ਸਾਫ਼ ਰਹਿਣ ਤਾਂ ਇਨਸਾਨ ਰੱਬ ਦਾ ਨਾਂ ਜਪ ਕੇ ਮੁਕਤੀ ਹਾਸਿਲ ਕਰਦਾ ਹੈ। ਦੂਜੇ ਪਾਸੇ ਜੋਗੀ ਤਾਂ ਸੰਸਾਰੀਆਂ ਦੀ ਦੌਲਤ ਤੇ ਹੀ ਪਲਦੇ ਹਨ। ਉਨਾਂ ਦੀਆਂ ਬਿਰਤੀਆਂ ਠੀਕ ਨਹੀ ਰਹਿ ਸਕਦੀਆਂ।”

ਸਿੱਧਾਂ ਨੇ ਫੇਰ ਸਵਾਲ ਕੀਤਾ ਕਿ “ਰਿੜਕਣ ਵਾਲੀ ਮੱਖਣ ਕੱਢਣਾ ਚਾਹੁੰਦੀ ਸੀ ਪਰ ਮੱਖਣ ਨਹੀਂ ਨਿਕਲਿਆ ਤੇ ਘਿਓ ਨਹੀਂ ਬਣਿਆ। ਇਸ ਵਿਚ ਕਸੂਰ ਕਿਸ ਦਾ ਹੈ: ਭਾਂਡੇ ਦਾ, ਦੁੱਧ ਦਾ ਜਾਂ ਫਿਰ ਰਿੜਕਣ ਵਾਲੀ ਦਾ?” ਇਸ ਦਾ ਭਾਵ ਇਹ ਸੀ ਕਿ ਰਿੜਕਣ ਵਾਲੀ ਗੁਰੂ ਹੈ, ਭਾਂਡਾ ਜੀਵ ਹੈ, ਦੁੱਧ ਰੂਹਾਨੀ ਇਲਮ ਹੈ ਅਤੇ ਘਿਓ ਰੱਬ ਦੀ ਪ੍ਰਾਪਤੀ ਹੈ। ਜੇ ਚੇਲੇ ਦਾ ਰੱਬ ਨਾਲ ਮੇਲ ਨਹੀਂ ਹੁੰਦਾ ਤਾਂ ਕਸੂਰ ਗੁਰੂ ਦਾ ਹੈ ਜਾਂ ਚੇਲੇ ਦਾ ਜਾਂ ਉਸ ਗੁਰੂ ਵਲੋਂ ਦਿਤੇ ਇਲਮ ਦਾ। ਗੁਰੂ ਸਾਹਿਬ ਨੇ ਜਵਾਬ ਦਿਤਾ :

“ਜੇ ਭਾਂਡਾ ਸਾਫ਼ ਨਾ ਹੋਵੇ ਤਾਂ ਦੁੱਧ ਫਟਣਾ ਹੀ ਹੈ।” ਭਾਵ ਇਹ ਕਿ ਭਾਂਡਾ ਤਾਂ ਹੀ ਸਾਫ਼ ਰਹਿ ਸਕਦਾ ਹੈ ਜੇ ਕਰ ਇਨਸਾਨ ਗੁਰੂ ਦੀ ਮੱਤ ’ਤੇ ਅਮਲ ਕਰੇ। ਸਿਰਫ਼ ਰੂਹਾਨੀ ਇਲਮ ਹੋਣਾ ਅਤੇ ਕਰਮ ਕਾਂਡ ਕਰਨਾ ਕਿਸੇ ਕੰਮ ਨਹੀਂ ਆ ਸਕਦਾ। ਗੁਰੂ ਦੀ ਸਿਖਿਆ ਤੇ ਅਮਲ ਕੀਤਿਆਂ ਹੀ ਰੱਬ ਨਾਲ ਮੇਲ ਹੋ ਸਕਦਾ ਹੈ।

ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥
ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥
ਏਤੁ ਦੁਆਰੈ ਧੋਇ ਹਛਾ ਹੋਇਸੀ॥
ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥
ਮਤੁ ਕੋ ਜਾਣੈ ਜਾਇ ਅਗੈ ਪਾਇਸੀ॥
ਜੇਹੇ ਕਰਮ ਕਮਾਇ ਤੇਹਾ ਹੋਇਸੀ ॥
ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ॥
ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥
ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥
ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ॥

(ਗੁਰੂ ਸਾਹਿਬ ਅਤੇ ਸਿੱਧਾਂ ਦੀ ਇਹ ਚਰਚਾ “ਸਿਧ ਗੋਸ਼ਟਿ” ਬਾਣੀ ਵਿਚ ਅੰਗ 729-30 ’ਤੇ ਦਰਜ ਹੈ)

ਜਦੋਂ ਗੁਰੂ ਸਾਹਿਬ ਦੇ ਜਵਾਬ ’ਤੇ ਸਿੱਧ ਲਾਜਵਾਬ ਹੋ ਗਏ। ਉਨ੍ਹਾਂ ਗੁਰੂ ਸਾਹਿਬ ਨੂੰ ਰਿਧੀਆਂ, ਸਿਧੀਆਂ, ਜਾਦੂ, ਮੰਤਰ, ਕਰਾਮਾਤ ਵਿਖਾਉਣ ਵਾਸਤੇ ਆਖਿਆ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਆਖਿਆ ਕਿ ਸਿਰਫ਼ ‘ਗੁਰੂ ਦਾ ਨਾਂ ਜਪਣਾ (ਯਾਨਿ ਕੁਦਰਤਿ ਨੂੰ ਹਰ ਵੇਲੇ ਯਾਦ ਰਖਣਾ)’ ਹੀ ਦੁਨੀਆਂ ਵਿਚ ਇੱਕੋ-ਇਕ ਰਿਧੀ-ਸਿਧੀ, ਜਾਦੂ-ਮੰਤਰ ਜਾਂ ਕਰਾਮਾਤ ਹੈ। ਇਸ ਤੋਂ ਵੱਧ ਕੇ ਕੋਈ ਤਾਕਤ ਨਹੀਂ।

ਇਸ ਤੇ ਸਿੱਧਾਂ ਨੇ ਆਪਣੇ ਮੰਤਰਾਂ ਤੇ ਰਿਧੀਆਂ-ਸਿਧੀਆਂ ਦੇ ਛਲ ਦੇ ਪਖੰਡ ਨਾਲ ਗੁਰੂ ਸਾਹਿਬ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਰੂਹਾਨੀਅਤ ਦੀ ਤਾਕਤ ਅੱਗੇ ਨਾਕਾਮਯਾਬ ਰਹੇ। ਅਖੀਰ ਉਨ੍ਹਾਂ ਨੇ ਗੁਰੂ ਸਾਹਿਬ ਦੀ ਹਸਤੀ ਅੱਗੇ ਸਿਰ ਝੁਕਾ ਦਿਤਾ।