ਗੂਜਰੀ ਮਹਲਾ ੫ ॥
ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥
ਸੋ ਹਰਿ ਹਰਿ ਤੁਮ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥੧॥
ਪੂਤਾ ਮਾਤਾ ਕੀ ਆਸੀਸ ॥
ਨਿਮਖ ਨ ਬਿਸਰਉ ਤੁਮ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥
…ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗੂਜਰੀ ਅੰਗ ੪੯੬ (496)
ਹੇ ਪੁੱਤਰ! ਜਿਸ ਮਾਲਕ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, ਸਿਮਰਨ ਵਾਲੇ ਦੇ ਪਰਿਵਾਰ ਦੇ ਬਜ਼ੁਰਗਾਂ (ਪਿਤਰਾਂ) ਦੀ ਵੀ ਵਡਿਆਈ (ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ) ਹੁੰਦੀ ਹੈ।
ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਸਦਾ ਹੀ ਉਸ ਦਾ ਨਾਮ ਜਪਦਾ ਰਹਿ ।
ਤੈਨੂੰ ਮਾਂ ਦੀ ਇਹ ਅਸੀਸ ਹੈ ਕਿ — ਤੈਨੂੰ ਇਹ ਸੱਚ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲੇ, ਤੂੰ ਸਦਾ ਜਗਤ ਦੇ ਮਾਲਕ ਦਾ ਨਾਮ ਚੇਤੇ ਰੱਖੀਂ ।
28 ਅਗਸਤ, 1912 : ਕੈਨੇਡਾ ਦੀ ਧਰਤੀ ਤੇ ਪੈਦਾ ਹੋਣ ਵਾਲੇ ਪਹਿਲੇ ਸਿੱਖ ਬੱਚੇ ਦਾ ਜਨਮ ਗ਼ਦਰੀ ਬਲਵੰਤ ਸਿੰਘ ਖੁਰਦਪੁਰ ਦੇ ਘਰ
ਗ਼ਦਰੀ ਯੋਧੇ ਅਤੇ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਪਰਿਵਾਰ ਦੇ ਕੈਨੇਡਾ ਆਉਣ ਨਾਲ ਪੰਜਾਬੀ ਪਰਿਵਾਰਾਂ ਦੀ ਕੈਨੇਡਾ ਵਿਚ ਆਮਦ ਦਾ ਮੁੱਢ ਬੱਝਿਆ।
28 ਅਗਸਤ, 1912 ਨੂੰ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਗ੍ਰਹਿ ਵਿਖੇ ਬੀਬੀ ਕਰਤਾਰ ਕੌਰ ਦੀ ਕੁੱਖੋਂ ਜਨਮਿਆ ਬੱਚਾ ਹਰਦਿਆਲ ਸਿੰਘ – ਕੈਨੇਡਾ ਦੀ ਧਰਤੀ ਤੇ ਪੈਦਾ ਹੋਣ ਵਾਲਾ ਪਹਿਲਾ ਸਿੱਖ ਬੱਚਾ ਅਤੇ ਅਣਵੰਡੇ ਭਾਰਤ ਤੋਂ ਪਰਵਾਸ ਕਰਕੇ ਆਏ ਪਰਿਵਾਰ ਦਾ ਪਹਿਲਾ ਬਾਲਕ ਵੀ ਬਣਿਆ।
ਪਰਿਵਾਰ ਦੇ ਇਸ ਆਰਜ਼ੀ ਪ੍ਰਵਾਸ ਮਗਰੋਂ ਵੀ ਭਾਈ ਸਾਹਿਬ ਨੇ ਕੈਨੇਡਾ ‘ਚ ਇਮੀਗ੍ਰੈਂਟ ਪਰਿਵਾਰਾਂ ਲਈ ਬੂਹੇ ਖੋਲ੍ਹਣ ਵਾਸਤੇ ਲੰਮਾ ਸੰਘਰਸ਼ ਕੀਤਾ, ਜਿਸ ਲਈ ਇਤਿਹਾਸ ਸਦਾ ਹੀ ਆਪ ਜੀ ਦਾ ਰਿਣੀ ਰਹੇਗਾ।
ਹੁਣ ਤੋਂ ਇੱਕ ਸਦੀ ਪਹਿਲਾਂ ਜਦੋਂ ਕੈਨੇਡਾ ਵਿੱਚ ਮਨੁੱਖੀ ਅਧਿਕਾਰਾਂ ਦਾ ਸ਼ੋਸ਼ਣ ਹੋ ਰਿਹਾ ਸੀ ਅਤੇ ਪਰਵਾਸੀ ਲੋਕਾਂ ਨੂੰ ਸਸਕਾਰ ਕਰਨ ਤੋਂ ਵੀ ਰੋਕ ਦਿੱਤਾ ਜਾਂਦਾ ਸੀ, ਲੋਕ ਲੁੱਕ- ਛਿਪ ਕੇ ਜੰਗਲ ਵਿੱਚ ਦੂਰ-ਦੁਰਾਡੇ ਬਰਫ਼ ਤੇ ਮੀਂਹ ਪੈਂਦਿਆਂ ਮਿ੍ਤਕ ਦਾ ਸਸਕਾਰ ਕਰਦੇ ਸਨ, ਉਸ ਵੇਲੇ ਭਾਈ ਬਲਵੰਤ ਸਿੰਘ ਨੇ ਹੋਰਨਾਂ ਆਗੂਆਂ ਨਾਲ ਮਿਲ ਕੇ ਸ਼ਮਸ਼ਾਨ ਭੂਮੀ ਲਈ ਕੁਝ ਜਗ੍ਹਾ ਜ਼ਮੀਨ ਖਰੀਦੀ ਅਤੇ ਸਸਕਾਰ ਕਰਨ ਦਾ ਇੰਤਜ਼ਾਮ ਕਰਕੇ ਸਭਨਾਂ ਨੂੰ ਵੱਡੀ ਰਾਹਤ ਦਿਵਾਈ।
29 ਮਾਰਚ, 1917 ਨੂੰ ਇਸ ਗ਼ਦਰੀ ਯੋਧੇ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ।