ਸਲੋਕ ਮਃ ੫ ॥

ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਗਉੜੀ ਰਾਗ  ਅੰਗ ੩੧੯ (319)

ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ, ਖਾਂਦਿਆਂ ਅਤੇ ਹੋਰ ਜੀਵਨ ਦੇ ਕਾਰ-ਵਿਹਾਰ ਕਰਦਿਆਂ ਕਦੇ ਮਾਲਕ ਦਾ ਨਾਮ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿਚ ਨਾਮ ਰੂਪ ਮੰਤਰ ਵੱਸ ਰਿਹਾ ਹੈ; ਉਹ ਲੋਕ ਮੁਬਾਰਿਕ ਹਨ। ਗੁਰਮਤਿ ਅਨੁਸਾਰ ਕੇਵਲ ਉਹੀ ਮਨੁੱਖ ਪੂਰਨ ਸੰਤ ਹਨ।


27 ਅਕਤੂਬਰ, 1670 : ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ

ਖ਼ਾਲਸਾ ਰਾਜ ਦੀ ਸਥਾਪਨਾ ਕਰਨ ਵਾਲੇ, ਖ਼ਾਲਸਾ ਫ਼ੌਜ ਦੇ ਸੈਨਾਪਤੀ, ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਨੂੰ ਜੰਮੂ ਤੋਂ 130 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਕਸਬੇ ਰਾਜੌਰੀ ਵਿਖੇ ਹੋਇਆ। ਬਚਪਨ ਦਾ ਨਾਂ ਲਛਮਣ ਦੇਵ ਸੀ। ਬਚਪਨ ਤੋਂ ਹੀ ਉਸਨੂੰ ਘੋੜ-ਸਵਾਰੀ ਕਰਨ, ਸ਼ਿਕਾਰ ਖੇਡਣ ਅਤੇ ਹਥਿਆਰ ਚਲਾਉਣ ਦਾ ਬੇਹੱਦ ਸ਼ੌਕ ਸੀ।

15 ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਤਾਂ ਉਸ ਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। ਉਸ ਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ, 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਤਾਂ ਉਸਨੇ ਸਿੱਖੀ ਧਾਰਨ ਕਰ ਲਈ। ਗੁਰੂ ਜੀ ਨੇ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ।

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਸਰਹਿੰਦ ਦੀ ਇੱਟ ਨਾਲ ਇੱਟ ਵਜਾ ਕੇ ਲਿਆ। ਵਜ਼ੀਰ ਖ਼ਾਨ ਦੇ ਅੰਤ ਪਿੱਛੋਂ, ਜਿੰਮੀਦਾਰੀ ਪ੍ਰਥਾ ਦੇ ਖ਼ਾਤਮੇ ਅਤੇ ਪੰਜਾਬ ਦੇ ਖ਼ਿੱਤੇ ਵਿਚ ਇੱਕ ਆਦਰਸ਼ ਖ਼ਾਲਸਾ ਰਾਜ ਦੀ ਸਥਾਪਨਾ ਕਰਨ ਕਾਰਨ ਬੰਦਾ ਸਿੰਘ ਬਹਾਦਰ ਦਾ ਨਾਂ ਇਤਿਹਾਸ ਦੇ ਪੰਨਿਆਂ ਵਿਚ ਸੁਨਹਿਰੀ ਅਖ਼ਰਾਂ ਵਿਚ ਦਰਜ ਹੈ।