ਆਪੁ ਵੰਞਾਏ ਤਾ ਸਭ ਕਿਛੁ ਪਾਏ ॥
ਗੁਰ ਸਬਦੀ ਸਚੀ ਲਿਵ ਲਾਏ ॥ਮਹਲਾ ੩ – ਗੁਰੂ ਅਮਰਦਾਸ ਜੀ
ਰਾਗ ਮਾਝ ਅੰਗ ੧੧੬ (116)
ਜੇਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ, ਹਉਮੈ, ਕਰੋਧ, ਲਾਲਚ, ਭੇਦਭਾਵ, ਮਮਤਾ ਆਦਿ ਦੂਰ ਕਰਦਾ ਹੈ, ਉਹ ਉੱਚ ਆਤਮਕ ਜੀਵਨ ਵਾਲਾ ਹਰੇਕ ਗੁਣ ਗ੍ਰਹਿਣ ਕਰ ਲੈਂਦਾ ਹੈ । ਐਸੇ ਸਿੱਖ ਨੂੰ ਆਪਣੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਚੰਗੇ ਗੁਣ ਧਾਰਨ ਕਰਨ ਦੀ ਲਗਨ ਲੱਗ ਜਾਂਦੀ ਹੈ ।
27 ਨਵੰਬਰ, 1764 : ਸਿੱਖਾਂ ਦੀ ਅਹਿਮਦ ਸ਼ਾਹ ਦੁਰਾਨੀ ਨਾਲ ਜੰਗ
ਮਾਰਚ 1764 ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਇਕ ਵਾਰ ਫੇਰ ਪੰਜਾਬ ਵੱਲ ਮੂੰਹ ਕੀਤਾ। ਉਹ ਸਿੱਖਾਂ ਨੂੰ ਨਫ਼ਰਤ ਕਰਦਾ ਸੀ ਪਰ ਸਿੱਖਾਂ ਦੀ ਬਹਾਦਰੀ ਤੋਂ ਡਰਦਾ ਵੀ ਸੀ। 18 ਹਜ਼ਾਰ ਦੁੱਰਾਨੀ ਤੇ 12 ਹਜ਼ਾਰ ਬਲੋਚੀ ਫ਼ੌਜ ਲੈ ਕੇ ਅਹਿਮਦ ਸ਼ਾਹ ਅਕਤੂਬਰ 1764 ਵਿੱਚ ਪੰਜਾਬ ਨੂੰ ਚੱਲ ਪਿਆ।
ਜਦ ਸਰਦਾਰ ਚੜ੍ਹਤ ਸਿੰਘ ਨੂੰ ਅਹਿਮਦ ਸ਼ਾਹ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਲਾਹੌਰ ਵੱਲ ਨੂੰ ਚਲ ਪਿਆ ਪਰ ਚੜ੍ਹਤ ਸਿੰਘ ਨੂੰ ਅਹਿਮਦ ਸ਼ਾਹ ਦੀਆਂ ਫ਼ੌਜਾਂ ਦੀ ਸੂਹ ਮਿਲ ਗਈ।
27 ਨਵੰਬਰ, 1764 ਨੂੰ ਚੜ੍ਹਤ ਸਿੰਘ ਨੇ ਅਚਾਨਕ ਅਹਿਮਦ ਸ਼ਾਹ ਤੇ ਹਮਲਾ ਕਰ ਦਿੱਤਾ। ਇਸ ਅਚਾਨਕ ਹਮਲੇ ਵਿੱਚ ਅਹਿਮਦ ਸ਼ਾਹ ਉਸਦੀ ਫ਼ੌਜ ਦਾ ਬਹੁਤ ਜਾਨੀ-ਮਾਲੀ ਨੁਕਸਾਨ ਹੋਇਆ ਅਤੇ ਉਸਦਾ ਇਕ ਜਰਨੈਲ ਅਹਿਮਦ ਖ਼ਾਨ ਬਲੀਦੀ ਤੇ ਉਸ ਦਾ ਪੁੱਤਰ ਮਾਰੇ ਗਏ।