ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥: ਭਗਤ ਫ਼ਰੀਦ ਜੀ
ਸਲੋਕ ਅੰਗ ੧੩੭੮ (1378)
ਭਗਤ ਫਰੀਦ ਜੀ ਸਮਝਾਉਂਦੇ ਹਨ ਕਿ ਸਾਨੂੰ ਇਸ, ਨਿਮਾਣੀ ਜਿਹੀ, ਮਿੱਟੀ ਨੂੰ ਵੀ ਮਾੜਾ ਨਹੀਂ ਆਖਣਾ ਚਾਹੀਦਾ, ਕਿਉਂਕਿ ਮਿੱਟੀ ਦੀ ਬਰਾਬਰੀ ਤਾਂ ਕੋਈ ਕਰ ਹੀ ਨਹੀਂ ਸਕਦਾ ।
ਜਿਊਂਦੇ ਮਨੁੱਖਾਂ ਦੇ ਤਾਂ ਪੈਰਾਂ ਹੇਠ ਹੁੰਦੀ ਹੈ, ਪਰ ਉਸ ਦੇ ਮਰਨ ਤੋਂ ਬਾਅਦ ਉਸ ਦੇ ਉੱਤੇ ਹੋ ਜਾਂਦੀ ਹੈ, ਅਰਥਾਤ ਉਸ ਦਾ ਮ੍ਰਿਤ ਸਰੀਰ ਵੀ ਮਿੱਟੀ ਵਿੱਚ ਹੀ ਰੱਲ ਜਾਂਦਾ ਹੈ।
ਭਗਤ ਫਰੀਦ ਜੀ ਇਸ ਸਲੋਕ ਰਾਹੀਂ ਸਾਨੂੰ ਆਪਣੀ ਬੇਲੋੜੀ ਹਉਮੈ ਨੂੰ ਤਿਆਗ ਕੇ ਨਿਮਰਤਾ ਵਿੱਚ ਜਿਉਣ ਦੀ ਸਿਖਿਆ ਦੇ ਰਹੇ ਹਨ।
27 ਮਾਰਚ, 1714 : ਗੁਰਦਾਸਪੁਰ ਦੇ ਪਿੰਡ ‘ਕਿੜੀ ਅਫਗਾਨਾਂ’ ਦੀ ਜ਼ਾਲਿਮ ਪਠਾਣਾਂ ਤੋਂ ਮੁਕਤੀ
ਜ਼ਿਲ੍ਹਾ ਗੁਰਦਾਸਪੁਰ ਦੇ, ਬਿਆਸ ਦਰਿਆ ਕਿਨਾਰੇ ਲਗਦੇ, ਕਾਹਨੂੰਵਾਨ ਨੇੜੇ ਪੈਂਦੇ ਪਿੰਡ ਕਿੜੀ ਅਫ਼ਗਾਨਾਂ (ਕਿੜੀ ਪਠਾਣਾਂ) ਵਿੱਚ 18ਵੀਂ ਸਦੀ ਦੇ ਦੂਸਰੇ ਦਹਾਕੇ ਵਿੱਚ ਸਿੰਘਾਂ ਦੇ ਨਗਾਰੇ ਦੀ ਚੋਟ ਨੇ ਦਿੱਲੀ ਦਾ ਮੁਗਲ ਤਖ਼ਤ ਹਿਲਾ ਦਿੱਤਾ ਸੀ।
ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਇੱਕ ਵਾਰ ਪੰਜਾਬ ਨੂੰ ਜਿੱਤਣ ਤੋਂ ਬਾਅਦ ਮੁਗਲ ਸਲਤਨਤ ਨੇ ਪੂਰੀ ਸਖਤੀ ਤੇ ਜ਼ੋਰ ਨਾਲ ਸਿੱਖਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਸੀ।
ਪਿੰਡ ਕਿੜੀ ਪਠਾਣਾਂ (ਕਿੜੀ ਅਫ਼ਗਾਨਾਂ) ਕਾਹਨੂੰਵਾਨ ਪਰਗਣੇ ਦਾ ਉੱਘਾ ਪਿੰਡ ਸੀ। ਕਿੜੀ ਅਫ਼ਗਾਨਾਂ ਦਾ ਪਹਿਲਾ ਨਾਮ ਕਿੜੀ ਪਠਾਣਾਂ ਸੀ। ਇਨ੍ਹਾਂ ਦਾ ਆਗੂ ਮੁਹੰਮਦ ਇਸਹਾਕ ਖ਼ਾਨ ਨਾਮੀ ਪਠਾਣ ਸੀ, ਜੋ ਬਹੁਤ ਹੀ ਜ਼ਾਲਮ ਤੇ ਮਗਰੂਰ ਸੀ। ਇਥੋਂ ਦੇ ਮੁਲਾਣਿਆਂ ਨੇ ਤਾਂ ਅਸਲੋਂ ਹੀ ਅੱਤ ਚੁੱਕੀ ਹੋਈ ਸੀ।
ਇਰਦ-ਗਿਰਦ ਦੇ ਪਿੰਡਾਂ ਦੇ ਸਤਾਏ ਹੋਏ ਲੋਕ ਕਾਹਨੂੰਵਾਨ ਦੇ ਪਰਗਣੇ ਦੇ ਉੱਘੇ ਸਰਦਾਰ ਜਗਤ ਸਿੰਘ ਦੀ ਜਥੇਦਾਰੀ ਵਿਚ ਆਣ ਇਕੱਠੇ ਹੋਏ। 27 ਮਾਰਚ, 1714 ਵਾਲੇ ਦਿਨ ਸਰਦਾਰ ਜਗਤ ਸਿੰਘ ਆਪਣੇ ਭਰਾਵਾਂ ਅਤੇ ਸਿੱਖਾਂ ਦੇ ਜਥੇ ਨੂੰ ਨਾਲ ਲੈ ਕੇ ਪਹਿਰ ਦਿਨ ਚੜ੍ਹੇ ਪਿੰਡ ਕਿੜੀ ਪਠਾਣਾਂ ‘ਤੇ ਜਾ ਪਿਆ ਤੇ ਬਿਨਾਂ ਰੋਕ-ਟੋਕ ਪਠਾਣਾਂ ਦੀ ਗੜ੍ਹੀ ਵਿਚ ਜਾ ਵੜਿਆ। ਮੁਹੰਮਦ ਇਸਹਾਕ ਖ਼ਾਨ ਤੇ ਉਸ ਦੇ ਕਈ ਸਾਥੀ ਮਾਰੇ ਗਏ, ਬਹੁਤ ਸਾਰੇ ਪਿੰਡ ਛੱਡ ਕੇ ਭੱਜ ਤੁਰੇ।
ਪਿੰਡ ਕਿੜੀ ਪਠਾਣਾਂ ਵਿੱਚ ਸਿੰਘਾਂ ਵੱਲੋਂ ਕੀਤੀ ਇਸ ਫ਼ਤਹਿ ਦੀ ਗੂੰਜ ਦਿੱਲੀ ਦਰਬਾਰ ਤੱਕ ਗਈ।