ਮਃ ੧ ਸਲੋਕੁ ॥

ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥
ਨਾਨਕ ਅਵਰੁ ਨ ਜੀਵੈ ਕੋਇ ॥
ਜੇ ਜੀਵੈ ਪਤਿ ਲਥੀ ਜਾਇ ॥
ਸਭੁ ਹਰਾਮੁ ਜੇਤਾ ਕਿਛੁ ਖਾਇ ॥
ਰਾਜਿ ਰੰਗੁ ਮਾਲਿ ਰੰਗੁ ॥
ਰੰਗਿ ਰਤਾ ਨਚੈ ਨੰਗੁ ॥
ਨਾਨਕ ਠਗਿਆ ਮੁਠਾ ਜਾਇ ॥
ਵਿਣੁ ਨਾਵੈ ਪਤਿ ਗਇਆ ਗਵਾਇ ॥੧॥

 ਮਹਲਾ ੧ – ਗੁਰੂ ਨਾਨਕ ਦੇਵ ਜੀ
 ਰਾਗ ਮਾਝ, ਸਲੋਕ  ਅੰਗ ੧੪੨ (142)

ਉਹ ਮਨੁੱਖ ਅਸਲ ਵਿਚ ਜੀਊਂਦਾ ਹੈ, ਜਿਸ ਦੇ ਮਨ ਵਿਚ ਪਰਮਾਤਮਾ ਵੱਸ ਰਿਹਾ ਹੈ । ਬੰਦਗੀ ਵਾਲੇ ਤੋਂ ਬਿਨਾਂ ਕੋਈ ਹੋਰ ਜੀਊਂਦਾ ਨਹੀਂ ਹੈ ।

ਜੇ ਨਾਮ-ਵਿਹੂਣਾ ਵੇਖਣ ਨੂੰ ਜੀਊਂਦਾ ਭੀ ਹੈ ਤਾਂ ਉਹ ਇੱਜ਼ਤ ਗਵਾ ਕੇ ਏਥੋਂ ਜਾਂਦਾ ਹੈ, ਜੋ ਕੁਝ ਏਥੇ ਖਾਂਦਾ ਪੀਂਦਾ ਹੈ, ਹਰਾਮ ਹੀ ਖਾਂਦਾ ਹੈ । ਜਿਸ ਮਨੁੱਖ ਦਾ ਰਾਜ ਵਿਚ ਪਿਆਰ ਹੈ, ਮਾਲ ਵਿਚ ਮੋਹ ਹੈ, ਉਹ ਇਸ ਮੋਹ ਵਿਚ ਮਸਤਿਆ ਹੋਇਆ ਬੇ-ਸ਼ਰਮ ਹੋ ਕੇ ਨੱਚਦਾ ਹੈ ਭਾਵ, ਮੱਚਦਾ ਹੈ, ਆਕੜਦਾ ਹੈ ।

ਨਾਮ ਤੋਂ ਸੱਖਣੇ ਮਨੁੱਖ ਠੱਗੇ ਜਾ ਰਹੇ ਹਨ, ਲੁੱਟੇ ਜਾ ਰਹੇ ਹਨ, ਤੇ ਆਪਣੀ ਪੱਤ ਗਵਾਈ ਬੈਠੇ ਹਨ।


27 ਜੂਨ, 1839 : ਮਹਾਰਾਜਾ ਰਣਜੀਤ ਸਿੰਘ ਦਾ ਬੇਵਕਤੀ ਅਕਾਲ ਚਲਾਣਾ

ਮਹਾਰਾਜਾ ਰਣਜੀਤ ਸਿੰਘ ਦੇ 27 ਜੂਨ, 1839 ਨੂੰ ਬੇਵਕਤੀ ਅਕਾਲ ਚਲਾਣੇ ਪਿੱਛੋਂ ਖ਼ਾਲਸਾ ਰਾਜ ਦੇ ਪਤਨ ਦੀ ਗਾਥਾ ਆਪਣੇ ਆਪ ਵਿਚ ਵੱਡਾ ਦੁਖਾਂਤ ਹੈ। ਅਨੇਕਾਂ ਲਾਲਚੀ ਵਜ਼ੀਰਾਂ-ਅਮੀਰਾਂ ਵੱਲੋਂ ਸਾਜ਼ਿਸ਼ਾਂ ਅਧੀਨ ਰਾਜ ਘਰਾਣੇ ਨਾਲ ਸਬੰਧਿਤ ਵਿਅਕਤੀਆਂ ਨੂੰ ਮਰਵਾਉਣ ਦੀਆਂ ਦਰਦਨਾਕ ਕਹਾਣੀਆਂ ਹਨ।

ਇੱਕ ਸ਼ਕਤੀਸ਼ਾਲੀ ਰਾਜਾ ਹੀ ਆਪਣੀ ਸਲਤਨਤ ਨੂੰ ਆਪਣੀ ਸ਼ਕਤੀ, ਲੋਕ ਹਿਤੂ ਨੀਤੀ ਅਤੇ ਦਾਨਿਸ਼ਮੰਦ ਪ੍ਰਬੰਧਕਾਂ ਸਦਕਾ ਸਥਾਪਿਤ ਕਰਕੇ ਸੰਭਾਲ ਸਕਦਾ ਹੈ। ਲੇਕਿਨ ਜੇਕਰ ਰਾਜਾ ਆਪਣੇ ਉੱਤਰਾਧਿਕਾਰੀ ਵੀ ਸ਼ਕਤੀਸ਼ਾਲੀ ਨਹੀਂ ਬਣਾਉਂਦਾ ਤਾਂ ਉਸ ਦੇ ਮਰਨ ਪਿੱਛੋਂ ਵੱਡੀ ਤੋਂ ਵੱਡੀ ਸਲਤਨਤ ਨੂੰ ਉਸ ਦੇ ਸਕੇ-ਸਬੰਧੀ, ਅਮੀਰ-ਵਜ਼ੀਰ, ਹਰ ਤਰ੍ਹਾਂ ਦੀ ਬਗ਼ਾਵਤੀ ਸ਼ਾਜ਼ਿਸ਼ਾਂ ਕਰਕੇ ਹੜੱਪ ਸਕਦੇ ਹਨ।

ਜਿਵੇਂ 27 ਜੂਨ, 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਤੇਜ਼ੀ ਨਾਲ ਹੋਈ ਚੇਤ ਸਿੰਘ, ਸ. ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ ਦੀ ਮੌਤ, ਰਾਣੀ ਚੰਦ ਕੌਰ, ਮਹਾਰਾਜਾ ਸ਼ੇਰ ਸਿੰਘ ਦਾ ਕਤਲ ਅਤੇ ਰਾਜਾ ਧਿਆਨ ਸਿੰਘ, ਮਹਾਰਾਜਾ ਦਲੀਪ ਸਿੰਘ ਦਾ ਰਾਜ ਤਿਲਕ, ਅਜੀਤ ਸਿੰਘ ਤੇ ਲਹਿਣਾ ਸਿੰਘ ਸੰਧਾਵਾਲੀਆ ਦੇ ਕਤਲ ਅਤੇ ਮਹਾਰਾਜਾ ਕਸ਼ਮੀਰਾ ਸਿੰਘ, ਰਾਜਾ ਹੀਰਾ ਸਿੰਘ, ਕੰਵਰ ਪਿਸ਼ੌਰਾ ਸਿੰਘ, ਜਵਾਹਰ ਸਿੰਘ ਦੇ ਕਤਲ ਇਸ ਬਦਇੰਤਜ਼ਮਾਮੀ ਤੇ ਹਨੇਰਗਰਦੀ ਦੇ ਸਬੂਤ ਹਨ ਜਿਹੜੇ ਮਹਾਰਾਜਾ ਦੀ ਸਲਤਨਤ ਦੀ ਤਬਾਹੀ ਦਾ ਕਾਰਨ ਕਹੇ ਜਾ ਸਕਦੇ ਹਨ।

ਇਸ ਬੁਰਛਾਗਰਦੀ ਦੌਰਾਨ ਹਿੰਦ-ਪੰਜਾਬ ਦੇ ਯੁੱਧਾਂ ਪਿੱਛੋਂ ਅੰਗਰੇਜ਼ਾਂ ਦੀਆਂ ਜਿੱਤਾਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਅੰਗਰੇਜ਼ਾਂ ਦੇ ਅਧੀਨ ਆ ਗਿਆ। ਉਨ੍ਹਾਂ ਨੇ ਕੰਵਰ ਦਲੀਪ ਸਿੰਘ ਨੂੰ ਆਪਣਾ ਅਣ-ਐਲਾਨਿਆ ਬੰਦੀ ਬਣਾ ਕੇ ਆਪਣੀ ਮਰਜ਼ੀ ਅਨੁਸਾਰ ਸਮੁੱਚੇ ਪੰਜਾਬ ਨੂੰ ਆਪਣੇ ਭਾਰਤੀ ਰਾਜ ਵਿਚ ਸ਼ਾਮਲ ਕਰ ਲਿਆ।