ਸਲੋਕੁ ॥
ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥
ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੨੯੮ (298)
ਉਂਞ ਤਾਂ ਮੈਂ ਜਿਧਰ ਵੇਖਦਾ ਹਾਂ, ਓਧਰ ਉਹ ਮਾਲਕ ਹੀ ਵੱਸ ਰਿਹਾ ਹੈ। ਹਰ ਪਾਸੇ ਹੀ ਮੈਂ ਢੂੰਡ ਫਿਰਿਆ ਹਾਂ, ਪਰ ਕਿਤੇ ਵੀ ਮੇਰਾ ਮਨ ਵੱਸ ਵਿਚ ਨਹੀਂ ਆਉਂਦਾ। ਇਹ ਮਨ ਤਦੋਂ ਹੀ ਵੱਸ ਵਿਚ ਆਵੇਗਾ ਜਦੋਂ ਸੰਸਾਰ ਦੇ ਪਰਿਪੂਰਨ ਮਾਲਕ ਦੀ ਆਪਣੀ ਮਿਹਰ ਹੋਵੇ ।
27 ਜੁਲਾਈ, 1739 : ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਸ਼ਹੀਦੀ
ਨਾਦਰਸ਼ਾਹ ਨੇ 1739 ’ਚ ਪੰਜਾਬ ਅਤੇ ਦਿੱਲੀ ਤੇ ਹਮਲਾ ਕੀਤਾ ਅਤੇ ਬਹੁਤ ਲੁੱਟਮਾਰ ਕੀਤੀ। ਜਦੋਂ ਲੁੱਟ ਦਾ ਮਾਲ ਲੈ ਕੇ ਨਾਦਰਸ਼ਾਹ ਵਾਪਸ ਈਰਾਨ ਵੱਲ ਪਰਤ ਰਿਹਾ ਸੀ ਤਾਂ ਸਿੰਘ ਗੁਰੀਲਾ ਜੰਗ ਰਾਹੀਂ, ਕਈ ਵਾਰ ਇਸ ਪਾਸੋਂ ਲੁਟ ਦਾ ਸਮਾਨ ਵਾਪਿਸ ਖੋਹ ਲਿਆ ਕਰਦੇ ਸਨ।
ਸਿੰਘਾਂ ਦੀ ਇਸ ਗੁਰੀਲਾ ਵਿਉਂਤ ਤੋਂ ਨਾਦਰਸ਼ਾਹ ਪੂਰੀ ਤਰ੍ਹਾਂ ਦਹਿਲ ਗਿਆ। ਉਸਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੇ ਲਈ ਪੰਜਾਬ ਦੇ ਗਵਰਨਰ/ਸੂਬੇਦਾਰ ਜ਼ਕਰੀਆ ਖਾਨ ਨੂੰ ਹੁਕਮ ਜਾਰੀ ਕਰ ਦਿੱਤਾ।
ਜ਼ਕਰੀਆ ਖਾਨ ਨੇ ਸਿੱਖਾਂ ‘ਤੇ ਜ਼ੋਰ-ਜਬਰ ਅਤੇ ਜ਼ੁਲਮ ਦਾ ਅੰਨਾ ਦੌਰ ਚਲਾ ਦਿੱਤਾ। ਇਸਨੇ ਆਖਰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੇ ਲਈ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ । ਇਉਂ ਅੰਨ੍ਹੇਵਾਹ ਕਤਲੇਆਮ ਕਾਫੀ ਚਿਰ ਚੱਲਦਾ ਰਿਹਾ। ਫਿਰ ਅਚਾਨਕ ਹੰਕਾਰ ਵਿਚ ਆ ਕੇ ਜ਼ਕਰੀਆ ਖਾਨ ਨੇ ਇਹ ਐਲਾਨ ਕਰ ਦਿੱਤਾ ਕਿ ਪੰਜਾਬ ’ਚ ਉਸ ਨੇ ਸਿੱਖ ਖ਼ਤਮ ਕਰ ਦਿੱਤੇ ਹਨ।
ਜਦੋਂ ਇਹ ਆਵਾਜ਼ ਦੋ ਸੂਰਬੀਰ ਸਿੰਘ ਯੋਧਿਆਂ, ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੇ ਕੰਨ੍ਹੀ ਪਈ ਤਾਂ ਉਨ੍ਹਾਂ ਨੇ ਇਹ ਆਪਸ ਵਿੱਚ ਗਲ਼ ਕੀਤੀ ਕੇ ਅਜੇ ਤਾਂ ਅਸੀਂ ਢਾਈ ਲੱਖ ਦੇ ਕਰੀਬ ਗੁਰੂ ਕੇ ਸਿੰਘ ਜਿਊਂਦੇ ਹਾਂ, ਪਰ ਇਹ ਜ਼ਾਲਮ ਕਹਿ ਰਿਹਾ ਹੈ ਕਿ ਸਿੰਘਾਂ ਦਾ ਖੁਰਾ ਖੋਜ ਮਿਟਾ ਦਿੱਤਾ ਹੈ।
ਦੋਨਾਂ ਯੋਧਿਆਂ ਨੇ, ਲਾਹੌਰ ਸਰਕਾਰ ਦੇ ਮੁਕਾਬਲੇ ਲਾਹੌਰ ਨੂੰ ਜਾਂਦੀ ਜਰਨੈਲੀ ਸੜਕ’ਤੇ ਪਿੰਡ ਨੂਰਦੀਨ ਤੋਂ ਕੁੱਝ ਦੂਰੀ ਤੇ ਖਾਲਸਾ ਪੰਥ ਦੀ ਸਰਕਾਰ ਕਾਇਮ ਕਰਕੇ, ਟੈਕਸ ਵਸੂਲਣ ਦੇ ਲਈ ਨਾਕਾ ਲਾ ਦਿੱਤਾ ਅਤੇ ਆਪ ਦੋਨੋ ਡਿਊਟੀ ਉਤੇ ਤਾਇਨਾਤ ਹੋ ਗਏ।
ਉਨ੍ਹਾਂ ਨੇ ਟੈਕਸ ਇਕੱਠਾ ਕੀਤਾ ਅਤੇ ਖਾਲਸਾਈ ਰਿਵਾਇਤ ਤੇ ਮੁਤਾਬਿਕ ਉਥੇ ਲੰਗਰ ਵੀ ਲਗਾ ਦਿੱਤਾ। ਬਾਬਾ ਬੋਤਾ ਸਿੰਘ ਨੇ ਜ਼ਕਰੀਆ ਖਾਂ ਨੂੰ ਲਾਹਨਤਾਂ ਭਰਿਆ ਖੱਤ ਲਿਖਿਆ ਜਿਸ ਵਿਚ ਕੁੱਝ ਇਉਂ ਬਿਆਨ ਸੀ :
ਚਿੱਠੀ ਲਿਖੇ ਸਿੰਘ ਬੋਤਾ।
ਹੱਥ ਹੈ ਸੋਟਾ, ਵਿੱਚ ਰਾਹ ਖੜੋਤਾ।
ਆਨਾ ਲਾਯਾ ਗੱਡੇ ਨੂੰ, ਪੈਸਾ ਲਾਯਾ ਖੋਤਾ।
ਆਖੋ ਭਾਬੀ ਖਾਨੋ ਨੂੰ, ਯੌਂ ਆਖੇ ਸਿੰਘ ਬੋਤਾ।
27 ਜੁਲਾਈ, 1739 ਵਾਲੇ ਦਿਨ ਜ਼ਕਰੀਆ ਖਾਨ ਨੇ ਇਨ੍ਹਾਂ ਦੋ ਸਿੰਘਾਂ ਵਲੋਂ ਸਥਾਪਤ ਕੀਤੀ ਗਈ ਖਾਲਸਾ ਹਕੂਮਤ ਦਾ ਮੁਕ਼ਾਬਲਾ ਕਰਨ ਦੇ ਲਈ ਵਡੀ ਗਿਣਤੀ ਆਪਣੀ ਫੌਜ ਵਿੱਚ ਭੇਜੀ।
ਇਸ ਮੁਗ਼ਲ ਫੌਜ ਦਾ ਮੁਕਾਬਲਾ ਦੁਹਾਂ ਸਿੰਘਾਂ ਨੇ ਆਪਣੇ ਸੋਟਿਆਂ ਨਾਲ ਕੀਤਾ। 30-ਕੁ ਦੇ ਕਰੀਬ ਮੁਗਲ ਫੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫੇਰ ਵੈਰੀ ਨਾਲ ਜੂਝਦੇ ਹੋਏ ਹੀ ਇਹ ਦੋਨੋ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ।
27 ਜੁਲਾਈ, 2015 : ਭਾਰਤੀ ਰਾਸ਼ਟਰਪਤੀ ਅਤੇ ਵਿਗਿਆਨੀ ਏ. ਪੀ. ਜੇ. ਅਬਦੁਲ ਕਲਾਮ ਦਾ ਦਿਹਾਂਤ
ਅਬਦੁਲ ਕਲਾਮ ਇੱਕ ਮਹਾਨ ਭਾਰਤੀ ਵਿਗਿਆਨੀ ਸਨ, ਜਿਨ੍ਹਾ ਨੇ ਭਾਰਤ ਦੇ 11ਵੇਂ ਰਾਸ਼ਟਰਪਤੀ ਵਜੋ ਵੀ ਸੇਵਾ ਨਿਭਾਈ। ਅਬਦੁੱਲ ਕਲਾਮ ਭਾਰਤ ਦੇ ਪਹਿਲੇ ਗੈਰ-ਸਿਆਸੀ ਰਾਸ਼ਟਰਪਤੀ ਸਨ, ਜਿਨ੍ਹਾਂ ਨੂੰ ਤਕਨਾਲੋਜੀ ਅਤੇ ਵਿਗਿਆਨ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਕਾਰਨ ਇਹ ਅਹੁਦਾ ਮਿਲਿਆ ਸੀ। ਉਹ ਇੱਕ ਇੰਜੀਨੀਅਰ ਅਤੇ ਵਿਗਿਆਨੀ ਸਨ।
ਉਹ ਸਾਰੇ ਦੇਸ਼ ਵਾਸੀਆਂ ਅਤੇ ਖ਼ਾਸਕਰ ਬੱਚਿਆਂ ਦੀਆਂ ਨਜ਼ਰਾਂ ਵਿੱਚ ਬਹੁਤ ਹੀ ਹਰਮਨ-ਪਿਆਰੇ, ਸਤਿਕਾਰਤ ਅਤੇ ਨਿਪੁੰਨ ਵਿਅਕਤੀ ਰਹੇ ਹਨ। ਉਹਨਾਂ ਨੂੰ ਲੋਕ ‘ਦੀ ਮਿਜ਼ਾਇਲ ਮੈਨ ਆਫ ਇੰਡੀਆ’ ਅਤੇ ‘ਪੀਪਲਜ਼ ਪ੍ਰੇਜੀਡੇਂਟ’ ਵੀ ਕਹਿੰਦੇ ਹਨ । ਉਨ੍ਹਾਂ ਨੇ ਲਗਭਗ ਚਾਰ ਦਹਾਕਿਆਂ ਤੱਕ ਇੱਕ ਵਿਗਿਆਨੀ ਵਜੋਂ ਕੰਮ ਕੀਤਾ। ਉਹ ਇਸਰੋ ਵਰਗੀ ਕਈ ਵੱਡੀ ਸੰਸਥਾਵਾਂ ਦੇ ਪ੍ਰਸ਼ਾਸਕ ਵੀ ਰਹੇ। ਭਾਰਤ ਨੂੰ ਪ੍ਰਮਾਣੂ ਸ਼ਕਤੀ ਦਾ ਦੇਸ਼ ਬਣਾਉਣ ਵਿੱਚ ਉਹਨਾਂ ਦਾ ਇੱਕ ਮਹੱਤਵਪੂਰਨ ਯੋਗਦਾਨ ਹੈ।
27 ਜੁਲਾਈ, 2015 ਨੂੰ ਸ਼ਿਲੌਂਗ ਵਿੱਚ ਇੱਕ ਭਾਸ਼ਣ ਦੇ ਦੌਰਾਨ ਅਚਾਨਕ ਦਿਲ ਦਾ ਦੌਰਾ ਪਿਆ ਜਿਸਦੇ ਨਾਲ ਉਹ ਉਥੇ ਹੀ ਡਿੱਗ ਪਏ। ਉਹਨਾਂ ਨੂੰ ਫ਼ੌਰੀ ਤੌਰ ਉੱਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਮੁੜ ਸੁਰਜੀਤ ਨਾ ਹੋ ਸਕੇ, ਅਤੇ 83 ਵਰ੍ਹਿਆਂ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ।