ਸਲੋਕੁ ॥

ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥

 ਮਹਲਾ ੫ – ਗੁਰੂ ਅਰਜਨ ਸਾਹਿਬ ਜੀ
 ਰਾਗ ਗਉੜੀ  ਅੰਗ ੨੫੯ (259)

ਕਿਸੇ ਹੋਰ ਨਾਲ ਰੋਸ ਨ ਕਰੋ, ਕੋਈ ਗੁੱਸਾ ਨ ਕਰੋ । ਇਸ ਬੇਲੋੜੇ ਰੋਸ ਦੀ ਬਜਾਏ ਆਪਣੇ ਆਪ ਨੂੰ ਵਿਚਾਰੋ ਕਿ ਕਿਸੇ ਨਾਲ ਝਗੜਨ ਵਿਚ ਆਪਣਾ ਕੀ ਭਲਾ ਹੈ ?

ਜੇ ਅਸੀਂ ਜਗਤ ਵਿਚ ਧੀਰਜ ਧਰ ਕੇ ਨਿਮਾਣੇ ਸੁਭਾਅ ਵਾਲੇ ਬਣ ਕੇ ਰਹੇ, ਤਾਂ ਸਤਿਗੁਰੂ ਦੀ ਸਿੱਖਿਆ ਨੂੰ ਅਪਨਾਉਣ ਨਾਲ ਇਸ ਸੰਸਾਰ-ਸਮੁੰਦਰ ਦੀ ਦੁੱਖ-ਤਕਲੀਫਾਂ ਅਤੇ ਝਗੜੇ-ਝਮੇਲਿਆਂ ਵਿਚੋਂ ਬੱਚ ਕੇ ਸਫ਼ਲਤਾ ਨਾਲ ਪਾਰ ਲੰਘ ਜਾਵਾਂਗੇ ।


27 ਜਨਵਰੀ, 1620 : ਗੁਰੂ ਹਰਗੋਬਿੰਦ ਸਾਹਿਬ ਤੇ ਬਾਦਸ਼ਾਹ ਜਹਾਂਗੀਰ ਦੀ ਮੁਲਾਕਾਤ

ਜਨਵਰੀ, 1613 ਵਿਚ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਕਿਲ੍ਹੇ ਵਿਚ 12 ਸਾਲ ਵਾਸਤੇ ਕੈਦ ਕਰਨ ਦਾ ਹੁਕਮ ਦੇ ਦਿੱਤਾ ਸੀ, ਪਰ 5-ਕੁ ਸਾਲ ਬਾਅਦ ਉਸਨੂੰ ਗਲਤੀ ਦਾ ਅਹਿਸਾਸ ਹੋਣ ਪਿੱਛੋਂ ਉਸਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ । 1619 ਵਿਚ ਗਵਾਲੀਅਰ ਕਿਲ੍ਹੇ ‘ਚੋਂ ਰਿਹਾਈ ਸਮੇਂ ਗੁਰੂ ਹਰਗੋਬਿੰਦ ਸਾਹਿਬ ਨੇ 52 ਬੰਦੀ ਹਿੰਦੂ ਪਹਾੜੀ ਰਾਜਿਆਂ ਦੀ ਰਿਹਾਈ ਵੀ ਕਰਵਾਈ ।

ਗੁਰੂ ਸਾਹਿਬ ਵੱਖ-ਵੱਖ ਨਗਰਾਂ ’ਚੋਂ ਹੁੰਦੇ ਹੋਏ ਗੋਇੰਦਵਾਲ ਪੁੱਜੇ ਤਾਂ ਉਨ੍ਹੀਂ ਦਿਨੀਂ ਮੁਗ਼ਲ ਬਾਦਸ਼ਾਹ ਜਹਾਂਗੀਰ ਕਸ਼ਮੀਰ ਜਾ ਰਿਹਾ ਸੀ। ਉਸ ਨੇ 27 ਜਨਵਰੀ, 1620 ਦੇ ਦਿਨ ਗੋਇੰਦਵਾਲ ਤੋਂ ਬਿਆਸ ਦਰਿਆ ਦਾ ਪੱਤਣ ਪਾਰ ਕੀਤਾ । ਇੱਥੇ ਗੁਰੂ ਜੀ ਅਤੇ ਜਹਾਂਗੀਰ ਵਿਚਕਾਰ ਪਹਿਲੀ ਮੁਲਾਕਾਤ ਹੋਈ । ਜਹਾਂਗੀਰ ਨੇ ਆਪਣੇ ਕੀਤੇ ਦਾ ਅਫਸੋਸ ਜ਼ਾਹਰ ਕੀਤਾ ਅਤੇ ਰਿਸ਼ਤੇ ਸੁਧਾਰ ਲਏ ।


.