27 ਦਸੰਬਰ, 1704 : ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ !

ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇੱਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਹਨਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗ਼ੀ ਸਿੱਧ ਕੀਤਾ। ਉਸ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਵਜ਼ੀਰ ਖਾਨ ਨੇ ਕਾਜ਼ੀ ਤੋਂ ਫਿਰ ਪੁੱਛਿਆ। ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ। ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਡਿਗ ਗਈ । ਬੱਚਿਆਂ ਦੇ ਫ਼ੁੱਲਾਂ ਵਰਗੇ ਸਰੀਰ ਇਸ ਚੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਸਨ।

ਇਸ ਤੋਂ ਬਾਅਦ 27 ਦਸੰਬਰ ਨੂੰ ਬੱਚਿਆਂ ਨੂੰ ਕਚਹਿਰੀ ਵਿੱਚ ਫਿਰ ਪੇਸ਼ ਕੀਤਾ ਗਿਆ। ਉਹਨਾਂ ਨੂੰ ਫਿਰ ਦੀਨ ਕਬੂਲਣ ਲਈ ਦਬਾਅ ਪਾਇਆ ਗਿਆ ਪਰ ਸਾਹਿਬਜ਼ਾਦਿਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਹਨਾਂ ਦੇ ਸਿਰ ਤੇ 10 ਪਾਤਸ਼ਾਹੀਆਂ ਦੇ ਮਹਾਨ ਕਾਰਜਾਂ ਦੀ ਜ਼ਿੰਮੇਵਾਰੀ ਦਾ ਭਾਰ ਆ ਪਿਆ ਸੀ ਉਹ ਇਸ ਨੂੰ ਹੇਠਾਂ ਨਹੀਂ ਗੇਰਨਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਦਾਦੇ ਦੀ ਤਰ੍ਹਾਂ ਸ਼ਹੀਦੀ ਪਾਉਣ ਦਾ ਪ੍ਰਣ ਕਰ ਲਿਆ। ਭਾਈ ਦੁੱਨਾ ਸਿੰਘ ਹੰਡੂਰੀਆ ਜੋ ਚਮਕੌਰ ਸਾਹਿਬ ਤੱਕ ਗੁਰੂ ਜੀ ਦੇ ਨਾਲ ਸੀ, ਇਸ ਤਰ੍ਹਾਂ ਲਿਖਦਾ ਹੈ-

ਜ਼ੋਰਾਵਰ ਸਿੰਘ ਐਸੇ ਭਨੈ,

ਕਿਉਂ ਭਾਈ! ਅਬ ਕਿਉਂ ਕਰ ਬਨੈ।

ਫਤੇ ਸਿੰਘ ਤਬ ਕਹਯੋ ਬਖਾਨ,

ਦਸ ਪਾਤਸ਼ਾਹੀ ਹੋਵਹਿ ਹਾਨ।

ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ। ਦੋ ਜਲਾਦਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ਵਿੱਚ ਖੰਜਰ ਖੋਭੇ ਅਤੇ ਫੇਰ ਤਲਵਾਰ ਮਾਰ ਕੇ ਸੀਸ ਧੜ ਤੋਂ ਅਲੱਗ ਕਰ ਦਿੱਤੇ। ਜਦੋਂ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਜੀ ਨੂੰ ਦਿੱਤੀ ਗਈ ਤਾਂ ਮਾਤਾ ਜੀ ਸੁਮਾਧੀ ਲੀਨ ਹੋ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲੱਗੇ ਤੁਸੀਂ ਬੱਚਿਆਂ ਤੇ ਮਿਹਰ ਦੀ ਨਜ਼ਰ ਕਰਕੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਦਿੱਤੀ ਹੈ। ਮਾਤਾ ਨੂੰ ਸੁਮਾਧੀ ਅਵਸਥਾ ਵਿੱਚ ਹੀ ਜ਼ਾਲਮਾਂ ਨੇ ਠੰਡੇ ਬੁਰਜ ਤੋ ਹੇਠਾਂ ਸੁੱਟ ਕੇ ਸ਼ਹੀਦ ਕਰ ਦਿੱਤਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਸ਼ਹੀਦੀ ਨਹੀਂ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ। ਉਹਨਾਂ ਨੂੰ ਮਾਨਸਿਕ ਤੌਰ ‘ਤੇ ਭਰਮਾਉਣ ਦਾ ਯਤਨ ਕੀਤਾ ਗਿਆ ਸੀ। ਕਈ ਵਾਰ ਮੌਤ ਦੇ ਭੈ ਵਿੱਚੋਂ ਲੰਘਾਇਆ ਗਿਆ ਸੀ ਅਤੇ ਤੜਫਾ ਤੜਫਾ ਕੇ ਸ਼ਹੀਦ ਕੀਤਾ ਗਿਆ ਸੀ।

ਇਹ ਸਾਰਾ ਤਸ਼ੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਹਨਾਂ ਨੇ ਜਬਰ ਦਾ ਮੂੰਹ ਮੋੜ ਕੇ ਦਸਾਂ ਪਾਤਸ਼ਾਹੀਆਂ ਦੀ ਸ਼ਾਨ ਨੂੰ ਕਾਇਮ ਰੱਖਿਆ ਅਤੇ ਖ਼ਾਲਸਾ ਪੰਥ ਨੂੰ ਫ਼ਤਹਿ ਦਿਵਾਈ। ਗੁਰੂ ਜੀ ਦੇ ਬੱਚਿਆਂ ਨੂੰ ਇਸ ਮਕਸਦ ਨਾਲ ਕਤਲ ਕੀਤਾ ਗਿਆ ਸੀ ਕਿ ਗੁਰਮਤਿ ਦਾ ਦੀਪਕ ਇਸ ਜਗਤ ਵਿੱਚੋਂ ਬੁਝ ਜਾਵੇਗਾ। ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਗੁਰਮਤਿ ਦੀ ਅਖੰਡ ਜੋਤੀ ਤਾਂ ਖ਼ਾਲਸੇ ਦੇ ਦਿਲਾਂ ਵਿੱਚ ਪ੍ਰਵੇਸ਼ ਕਰ ਗਈ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ, ਮੇਰਾ ਪੰਜਵਾਂ ਪੁੱਤਰ ਖਾਲਸਾ ਤਾਂ ਅਜੇ ਜ਼ਿੰਦਾ ਹੈ ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਸਿਦਕ ਦੀ ਪ੍ਰੀਖਿਆ ਦੇਣ ਸਮੇਂ ਸ਼ਹੀਦੀ ਦੇ ਸਮੇਂ ਤੋਂ ਕੁਝ ਚਿਰ ਪਹਿਲਾਂ, ਜੋ ਤਸੀਹੇ ਉਨ੍ਹਾਂ ਮਾਸੂਮ ਸਾਹਿਬਜ਼ਾਦਿਆਂ ਨੇ ਆਪਣੇ ਪਿੰਡੇ ‘ਤੇ ਹੰਢਾਏ, ਉਸ ਕਹਿਰ ਨੂੰ ਯਾਦ ਕਰਕੇ ਸਾਡੀ ਰੂਹ ਵੀ ਤੜਫਦੀ ਹੈ।