ਧਨਾਸਰੀ ਮਹਲਾ ੧ ॥
ਚੋਰੁ ਸਲਾਹੇ ਚੀਤੁ ਨ ਭੀਜੈ ॥
ਜੇ ਬਦੀ ਕਰੇ ਤਾ ਤਸੂ ਨ ਛੀਜੈ ॥
ਚੋਰ ਕੀ ਹਾਮਾ ਭਰੇ ਨ ਕੋਇ ॥
ਚੋਰੁ ਕੀਆ ਚੰਗਾ ਕਿਉ ਹੋਇ ॥੧॥
…ਮਹਲਾ ੧ – ਗੁਰੂ ਨਾਨਕ ਦੇਵ ਜੀ
ਰਾਗ ਧਨਾਸਰੀ ਅੰਗ ੬੬੨ (662)
ਕੋਈ ਚੋਰ ਜੇਕਰ ਹਾਕਮ ਦੀ, ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ, ਖ਼ੁਸ਼ਾਮਦ ਕਰੇ ਤਾਂ ਉਸ ਨੂੰ ਇਹ ਯਕੀਨ ਨਹੀਂ ਬਣ ਸਕਦਾ। ਜੇ ਉਹ ਚੋਰ ਹਾਕਮ ਦੀ ਬਦ-ਖ਼ੋਈ ਕਰੇ ਤਾਂ ਭੀ ਉਹ ਰਤਾ ਭਰ ਨਹੀਂ ਘਾਬਰਦਾ ।
ਕੋਈ ਵੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ । ਜੇਹੜਾ ਮਨੁੱਖ ਮੰਦੇ ਕੰਮਾਂ ਕਰਕੇ ਸਮਾਜ ਦੀਆਂ ਨਜ਼ਰਾਂ ਵਿਚ ਬੁਰਾ ਮੰਨਿਆ ਗਿਆ, ਉਹ ਖ਼ੁਸ਼ਾਮਦਾਂ ਜਾਂ ਬਦ-ਖ਼ੋਈਆਂ ਨਾਲ ਹੋਰਨਾਂ ਦੇ ਸਾਹਮਣੇ ਚੰਗਾ ਨਹੀਂ ਬਣ ਸਕਦਾ ।
ਭਾਵ ਕੇਵਲ ਮੰਦੇ ਕੰਮ ਛੱਡ ਕੇ ਗੁਰੂ ਵਾਲੇ ਸੱਚੇ ਮਾਰਗ ਉਤੇ ਚੱਲਣ ਨਾਲ ਹੀ ਜੀਵਨ ਨੂੰ ਸਫ਼ਲ ਕੀਤਾ ਜਾ ਸਕਦਾ ਹੈ ।
27 ਅਗਸਤ, 1638 : ਭਾਈ ਬਿਧੀ ਚੰਦ ਦਾ ਅਕਾਲ ਚਲਾਣਾ
ਭਾਈ ਬਿਧੀ ਚੰਦ ਆਪਣੇ ਨਾਨਕੇ ਪਿੰਡ ਸਰਹਾਲੀ ਰਹਿੰਦਿਆ ਗਲਤ ਸੰਗਤ ਵਿਚ ਪੈ ਜਾਣ ਕਰ ਕੇ ਚੋਰ ਬਣ ਗਏ। ਭਾਈ ਅਦਲੀ ਜੀ ਨੇ ਬਿਧੀ ਚੰਦ ਨੂੰ ਮਾੜਾ ਧੰਦਾ ਛਡ ਕੇ ਗੁਰੂ ਵਾਲਾ ਬੰਨਣ ਲਈ ਪ੍ਰੇਰਿਆ ਤੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਲ ਭੇਜ ਦਿਤਾ। ਦਰਬਾਰ ਲਗਿਆ ਹੋਇਆ ਸੀ, ਗੁਰੂ ਸਾਹਿਬ ਪ੍ਰਵਚਨ ਕਰ ਰਹੇ ਸਨ।
ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰ ਕੀਆ ਚੰਗਾ ਕਿਉ ਹੋਇ॥
ਗੁਰੂ ਸਾਹਿਬ ਨੇ ਕਿਹਾ ਕਿ “ਮਨੁੱਖ ਨੂੰ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ! ਮੰਦੇ ਕੰਮ ਤਾਂ ਇਸ ਸੰਸਾਰ ਦੀਆਂ ਗੱਲਾਂ ਹਨ ਪਰ ਅਜਿਹੇ ਵਿਅਕਤੀ ਅਪਰਾਧੀ ਹੋਣ ਦੇ ਕਾਰਣ ਆਤਮਕ ਤੌਰ ਤੇ ਪਸ਼ਚਾਤਾਪ ਵਿੱਚ ਸੜਦੇ ਰਹਿੰਦੇ ਹਨ।”
ਜਦੋਂ ਬਿਧੀ ਨੇ ਇਹ ਪ੍ਰਵਚਨ ਸੁਣੇਂ ਤਾਂ ਉਸਨੂੰ ਆਪਣੇ ਕੀਤੇ ਉੱਤੇ ਬਹੁਤ ਪਛਤਾਵਾ ਹੋਇਆ ਅਤੇ ਉਸਨੇ ਬੁਰੇ ਕੰਮ ਛੱਡ ਕੇ ਗੁਰੂ ਘਰ ਦਾ ਸੱਚਾ ਸੇਵਕ ਬਣ ਗਿਆ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਭਾਈ ਸੁਭਾਗ ਜੀ ਨੇ ਪੰਜ ਇਰਾਕੀ ਘੋੜੇ ਪੇਸ਼ ਕੀਤੇ ਤੇ ਗੁਰੂ ਸਾਹਿਬ ਨੇ ਇਕ ਬਾਬਾ ਗੁਰਦਿਤਾ ਜੀ ਨੂੰ, ਇਕ ਬਾਬਾ ਸੂਰਜਮਲ ਨੂੰ ਤੇ ਇਕ ਭਾਈ ਬਿਧੀਚੰਦ ਨੂੰ ਦਿਤਾ ਤੇ ਦੋ ਆਪਣੇ ਪਾਸ ਰਖੇ।
ਜਦੋਂ ਭਾਈ ਦਿਆਲ ਤੇ ਬਖਤ ਮੱਲ ਨੇ ਕਾਬਲੀ ਸੰਗਤਾਂ ਵਲੋਂ ਸੁਗਾਤਾਂ ਭੇਟ ਕੀਤੀਆਂ ਤਾਂ ਉਨ੍ਹਾ ਨੇ ਗੁਰੂ ਸਾਹਿਬ ਨੂੰ ਦਸਿਆ ਭਾਈ ਕਰੋੜੀ ਜੀ ਵੀ ਦੋ ਘੋੜੇ ਦਿਲਬਾਗ ਤੇ ਗੁਲਬਾਗ ਆਪਜੀ ਨੂੰ ਭੇਟਾ ਕਰਨ ਲਈ ਲਿਆ ਰਹੇ ਸੀ ਪਰ ਲਾਹੌਰ ਵਿਖੇ ਸ਼ਾਹਜਹਾਂ ਦੇ ਨੋਕਰ ਅਨਾਇਤ ਖਾਨ ਨੇ ਖੋਹ ਲਏ।
ਗੁਰੂ ਸਾਹਿਬ ਨੇ ਉਨ੍ਹਾ ਨੂੰ ਧੀਰਜ ਦਿੰਦਿਆ ਕਿਹਾ ਕੀ ਇਨ੍ਹਾ ਦੀ ਭੇਟਾ ਸਾਨੂੰ ਪੁਜ ਗਈ ਹੈ। ਬਿਧੀਚੰਦ ਆਪੇ ਵਾਪਸ ਲੈ ਆਵੇਗਾ। ਐਸਾ ਹੀ ਹੋਇਆ ਕਿ ਭਾਈ ਬਿਧੀ ਚੰਦ ਨੇ ਬੜੀ ਸਿਆਣਪ ਨਾਲ ਘੋੜੇ ਵਾਪਿਸ ਲੈ ਆਂਦੇ। ਗੁਰੂ ਸਾਹਿਬ ਨੇ ਉਨ੍ਹਾ ਨੂੰ ਗਲੇ ਨਾਲ ਲਗਾਇਆ ਤੇ ਬਚਨ ਕੀਤੇ :
ਬਿਧੀ ਚੰਦ ਛੀਨਾਂ ! ਗੁਰੂ ਦਾ ਸੀਨਾਂ !
ਗੁਰੂ ਸੇਵਾ ਵਿਚ ਆਪਣੀ ਜ਼ਿੰਦਗੀ ਸਫ਼ਲ ਕਰਦੇ ਹੋਏ ਹੀ 27 ਅਗੱਸਤ, 1638 ਭਾਈ ਬਿਧੀ ਚੰਦ ਦਾ ਦਿਓਨਗਰ ਵਿਚ ਅਕਾਲ ਚਲਾਣਾ ਹੋਇਆ।