ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥
ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥੯੬॥

 ਭਗਤ ਕਬੀਰ ਜੀ
 ਸਲੋਕ  ਅੰਗ ੧੩੬੯ (1369)

ਭਗਤ ਕਬੀਰ ਜੀ ਅਨੁਸਾਰ ਜਿਨ੍ਹਾਂ ਨੇ ਪਰਮਾਤਮਾ ਨੂੰ ਮਿੱਤਰ ਨਹੀਂ ਬਣਾਇਆ ਅਰਥਾਤ ਸੱਚੀ ਸਾਂਝ ਨਹੀਂ ਬਣਾਈ। ਸਗੋਂ ਆਪਣੇ ਕਈ ਚੇਲੇ-ਚਾਟੜੇ ਬਣਾ ਲਏ। ਇਹੋ ਜਿਹੇ ਲੋਕਾਂ ਨੇ ਸੱਚੇ ਮਾਲਕ ਨੂੰ ਮਿਲਣ ਲਈ ਉੱਦਮ ਤਾਂ ਜ਼ਰੂਰ ਕੀਤਾ ਸੀ, ਪਰ ਉਹਨਾਂ ਦਾ ਮਨ ਰਾਹ ਵਿਚ ਹੀ ਅਟਕ ਗਿਆ ਜਾਪਦਾ ਹੈ।

ਭਗਤ ਜੀ ਇਹ ਸਮਝਾਉਣਾ ਚਾਹੁੰਦੇ ਹਨ ਕਿ ਆਪਣੇ ਟੀਚੇ ਦੀ ਪ੍ਰਾਪਤੀ ਲਈ ਉੱਦਮ ਕਰਨ ਦੇ ਨਾਲ-ਨਾਲ ਇਕਾਗਰ ਚਿੱਤ ਰਹਿਣਾ ਚਾਹੀਦਾ ਹੈ, ਅੱਧ ਵਿਚਾਲੇ ਰਾਹ ਵਿਚ ਮਨ ਨੂੰ ਡਾਵਾਂ-ਡੋਲ ਨਹੀਂ ਹੋਣ ਦੇਣਾ ਚਾਹੀਦਾ।


27 ਅਪ੍ਰੈਲ

27 ਅਪ੍ਰੈਲ, 1635 : ਗੁਰੂ ਹਰਗੋਬਿੰਦ ਸਾਹਿਬ ਹੱਥੋਂ ਮੁਗਲ ਕਮਾਂਡਰ ਪੈਂਦੇ ਖਾਂ ਮਾਰਿਆ ਗਿਆ

ਗੁਰੂ ਹਰਗੋਬਿੰਦ ਸਾਹਿਬ ਦੀ ਕਰਤਾਰਪੁਰ ਦੀ ਚੌਥੀ ਲੜਾਈ ਤਿੰਨ ਦਿਨ ਤਕ ਚੱਲੀ, ਜਿਸ ਵਿਚ ਮੁਗ਼ਲ ਕਮਾਂਡਰ ਪੈਂਦੇ ਖ਼ਾਨ ਆਪਣੇ ਬਹੁਤ ਸਾਰੇ ਸਿਪਾਹੀਆਂ ਦੇ ਨਾਲ 27 ਅਪ੍ਰੈਲ, 1635 ਨੂੰ ਮਾਰਿਆ ਗਿਆ।


27 ਅਪ੍ਰੈਲ 1671 : ਜਨਮ ਭਾਈ ਰੂਪਾ (ਰੂਪ ਚੰਦ)

ਭਾਈ ਰੂਪ ਚੰਦ ਦਾ ਜਨਮ, ਮੀਰੀ-ਪੀਰੀ ਦੇ ਮਾਲਕ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਸ਼ੀਰਵਾਦ ਦੁਆਰਾ ਮਾਤਾ ਸੂਰਤੀ ਜੀ ਦੀ ਕੁੱਖੋਂ ਬਾਬਾ ਸਿਧੂ ਜੀ ਦੇ ਘਰ 27 ਅਪ੍ਰੈਲ, 1671 ਵਾਲੇ ਦਿਨ ਆਪਣੇ ਨਾਨਕੇ ਪਿੰਡ ਵਡਾਘਰ, ਜ਼ਿਲ੍ਹਾ ਮੋਗਾ ਵਿਖੇ ਹੋਇਆ।

ਉਨ੍ਹਾਂ ਨੂੰ ਚਾਰ ਗੁਰੂ ਸਾਹਿਬਾਨ ਦੇ ਦਰਸ਼ਨ ਅਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਨੇ ਸੇਵਾ ਤੇ ਸਿਮਰਨ ਦੁਆਰਾ ਮਿਸਾਲ ਕਾਇਮ ਕੀਤੀ।

1634 ਵਿੱਚ ਹੋਈ ਸਿੱਖਾਂ ਅਤੇ ਮੁਗਲਾਂ ਦੀ ਜੰਗ ਵਿੱਚ ਦੋਹਾਂ ਫ਼ੌਜਾਂ ਦੇ ਸਿਪਾਹੀਆਂ ਨੂੰ ਜਲ ਛਕਾਉਣ ਦੀ ਸੇਵਾ ਕੀਤੀ।

ਦੋ ਪੁੱਤਰ ਗੁਰੁ ਦੀ ਸੇਵਾ ‘ਚ ਭੇਟ : ਦੀਨਾ ਕਾਂਗੜਾ ਪਹੁੰਚ ਕੇ ਭਾਈ ਰੂਪਾ ਨੇ ਆਪਣੇ ਦੋ ਪੁੱਤਰ (ਧਰਮ ਸਿੰਘ ਅਤੇ ਪਰਮ ਸਿੰਘ) ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟਾ ਕੀਤੇ, ਜਿਨ੍ਹਾਂ ਨੇ ਗੁਰੂ ਜੀ ਦੀ ਸੇਵਾ ਨਾਂਦੇੜ ਤਕ ਕੀਤੀ।


27 ਅਪ੍ਰੈਲ, 1711 : ਬਾਬਾ ਬੰਦਾ ਸਿੰਘ ਦੀ ਫੌਜ ਵਿੱਚ ਪੰਜ ਹਜ਼ਾਰ ਮੁਸਲਮਾਨ ਭਰਤੀ

ਬਾਬਾ ਬੰਦਾ ਸਿੰਘ ਦੀ ਲਗਾਤਾਰ ਹੋ ਰਹੀ ਜਿੱਤਾਂ ਅਤੇ ਬਹਾਦਰੀ ਦੇ ਕਾਰਨਾਮਿਆਂ ਦੀ ਧੂਮ ਚਹੁੰ ਪਾਸੇ ਫੈਲਣ ਕਾਰਣ 27 ਅਪ੍ਰੈਲ, 1711 ਵਾਲੇ ਦਿਨ ਖ਼ਾਲਸਾ ਫੌਜ ਵਿੱਚ ਪੰਜ ਹਜ਼ਾਰ ਮੁਸਲਮਾਨ ਯੋਧੇ ਭਰਤੀ ਹੋ ਗਏ।


27 ਅਪ੍ਰੈਲ, 1834 : ਹਰੀ ਸਿੰਘ ਨਲੂਏ ਦੀ ਅਗਵਾਈ ਵਿਚ ਖ਼ਾਲਸਾ ਫ਼ੌਜ ਨੇ ਅਟਕ ਦਰਿਆ ਪਾਰ ਕੀਤਾ

27 ਅਪ੍ਰੈਲ, 1834 ਵਾਲੇ ਦਿਨ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੀ ਸਫ਼ਲਤਾ ਭਰਪੂਰ ਜੰਗਨੀਤੀ ਦੇ ਨਾਲ ਖ਼ਾਲਸਾ ਫੌਜ ਨੂੰ ਦਰਿਆ ਅਟਕ ਬੇੜੀਆਂ ਰਾਹੀਂ ਪਾਰ ਕਰਵਾਇਆ।