ਆਸਾ ਮਹਲਾ ੫ ਪੰਚਪਦੇ ॥

ਜਾ ਕਉ ਦ੍ਰਿਸਟਿ ਮਇਆ ਹਰਿ ਰਾਇ ॥
ਸਾ ਬੰਦੀ ਤੇ ਲਈ ਛਡਾਇ ॥
ਸਾਧਸੰਗਿ ਮਿਲਿ ਹਰਿ ਰਸੁ ਪਾਇਆ ॥
ਕਹੁ ਨਾਨਕ ਸਫਲ ਓਹ ਕਾਇਆ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਆਸਾ ਰਾਗ  ਅੰਗ ੩੭੪ (374)

ਜਦੋਂ ਕਿਸੇ ਉਤੇ ਸਤਿਗੁਰੂ-ਪਾਤਿਸ਼ਾਹ ਦੀ ਮੇਹਰ ਦੀ ਨਜ਼ਰ ਪੈਂਦੀ ਹੈ, ਉਦੋਂ ਸਤਿਗੁਰੂ ਆਪ ਹੀ ਉਸ ਨੂੰ ਵਿਕਾਰਾਂ ਦੀ ਕੈਦ ਤੋਂ ਛਡਾ ਲੈਂਦਾ ਹੈ । ਜਿਸ ਕਿਸੇ ਨੇ ਮਨੁੱਖਾ ਸਰੀਰ ਪ੍ਰਾਪਤ ਕਰ ਕੇ ਸਾਧ-ਸੰਗਤਿ ਵਿਚ ਬਹਿ-ਕੇ ਸੱਚੇ ਨਾਮ ਦਾ ਸਵਾਦ ਮਾਣਿਆ, ਉਹ ਹੀ ਇਸ ਸੰਸਾਰ ਵਿੱਚ ਕਾਮਯਾਬ ਹੁੰਦਾ ਹੈ ।


26 ਅਕਤੂਬਰ, 1620 : ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋਏ

ਗੁਰੂ ਅਰਜਨ ਦੇਵ ਜੀ ਸ਼ਹਾਦਤ ਪਿੱਛੋਂ, ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਖ਼ਿਲਾਫ, ਮੁਗ਼ਲ ਬਾਦਸ਼ਾਹ ਜਹਾਂਗੀਰ ਪਾਸ, ਬਾਹਮਣ-ਪੁਜਾਰੀ ਵਰਗ ਲਗਾਤਾਰ ਸ਼ਿਕਾਇਤਾਂ ਭੇਜ ਰਿਹਾ ਸੀ । ਨਤੀਜੇ ਵਜੋਂ ਜਨਵਰੀ, 1613 ਵਿਚ ਚੰਦ੍ਰਾਵਲ ਪਿੰਡ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਹੋਇਆ ਤੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਗੁਰੂ ਹਰਗੋਬਿੰਦ ਸਾਹਿਬ ਜੀ ਲੱਗਭਗ ਅੱਠ ਸਾਲ ਗਵਾਲੀਅਰ ਦੀ ਕੈਦ ਵਿਚ ਰਹੇ। ਉਹਨਾਂ ਨੂੰ 26 ਅਕਤੂਬਰ, 1620 ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕੀਤਾ ਗਿਆ । ਆਪਣੀ ਰਿਹਾਈ ਸਮੇਂ, ਗੁਰੂ ਸਾਹਿਬ ਨੇ ਆਪਣੇ ਨਾਲ ਕੈਦ ਰਹੇ ਕਈ ਪਹਾੜੀ ਰਾਜਿਆਂ ਨੂੰ ਵੀ ਰਿਹਾਅ ਕਰਵਾਇਆ । ਰਿਹਾਈ ਤੋਂ ਬਾਅਦ ਫਰਵਰੀ ਵਿਚ ਗੁਰੂ ਜੀ ਗੋਇੰਦਵਾਲ ਸਾਹਿਬ ਪਹੁੰਚੇ ਅਤੇ ਕੁੱਝ ਦਿਨਾਂ ਪਿੱਛੋਂ ਅਮ੍ਰਿਤਸਰ ਰਵਾਨਾ ਹੋਏ।


26 ਅਕਤੂਬਰ, 1831 : ਮਹਾਰਾਜਾ ਰਣਜੀਤ ਸਿੰਘ ਨਾਲ ਅੰਗਰੇਜ਼ੀ ਹਕੂਮਤ ਦੇ ਗਵਰਨਰ-ਜਨਰਲ ਲਾਰਡ ਵਿਲੀਅਮ ਬੈਂਟਿਕ ਦੀ ਸੰਧੀ

ਮਹਾਰਾਜਾ ਰਣਜੀਤ ਸਿੰਘ ਨਾਲ ਭਾਰਤ ਦੀ ਅੰਗਰੇਜ਼ੀ ਹਕੂਮਤ ਦੇ ਗਵਰਨਰ-ਜਨਰਲ ਲਾਰਡ ਵਿਲੀਅਮ ਬੈਂਟਿਕ ਵਲੋਂ ਸੰਧੀ 26 ਅਕਤੂਬਰ, 1831 ਨੂੰ ਹੋਈ। ਇਹ ਇਤਿਹਾਸਕ ਸੰਧੀ ਰੋਪੜ (ਰੂਪ-ਨਗਰ) ਵਿਖੇ ਸਤਲੁਜ ਦਰਿਆ ਦੇ ਕੰਢੇ ਕੀਤੀ ਗਈ।