ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ ॥ ਕਹੁ ਨਾਨਕ ਏਕੈ ਭਾਰੋਸਉ ਬੰਧਨ ਕਾਟਨਹਾਰੁ ਗੁਰੁ ਮੇਰੋ ॥
…
ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਕਾਨੜਾ ਅੰਗ ੧੩੦੩ (1303)
ਜੇਕਰ ਸਾਡਾ ਮਨ, ਪਰਿਵਾਰ (ਪੁੱਤਰ-ਧੀ, ਇਸਤ੍ਰੀ ਆਦਿ) ਅਤੇ ਮਾਇਆ ਦੇ ਮੋਹ, ਵਿਚ ਆਤਮਕ ਜੀਵਨ ਵਲੋਂ ਰੁਕਿਆ ਪਿਆ ਹੈਂ, ਅਤੇ ਸਭ ਦਾਤਾਂ ਦੇਣ ਵਾਲੇ ਦਾਤਾਰ ਨੂੰ ਭੁਲਾ ਰਿਹਾ ਹੈ ।
ਕੇਵਲ ਇੱਕ ਗੁਰੂ ਉਤੇ ਹੀ ਭਰੋਸਾ ਰੱਖੋ ਕਿਉਂਕਿ ਪਿਆਰਾ ਗੁਰੂ ਹੀ ਮਾਇਆ ਦੇ ਸਾਰੇ ਬੰਧਨ ਕੱਟਣ ਦੀ ਸਮਰੱਥਾ ਵਾਲਾ ਹੈ ।
26 ਨਵੰਬਰ, 1709 : ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਣਾ ‘ਤੇ ਕਬਜ਼ਾ
26 ਨਵੰਬਰ, 1705 ਦੀ ਸਵੇਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਿੱਖ ਫ਼ੌਜਾਂ ਨੇ ਸਮਾਣੇ ‘ਤੇ ਹੱਲਾ ਬੋਲ ਦਿਤਾ। ਸ਼ਹਿਰ ਦੇ ਮੁਗ਼ਲ ਹਾਕਮ ਉਸ ਵੇਲੇ ਬੇਖ਼ਬਰ ਸਨ। ਸਿੱਖਾਂ ਨੇ ਇੱਕੋ ਹੱਲੇ ਵਿੱਚ ਹੀ ਸ਼ਹਿਰ ਦਾ ਇੱਕ ਦਰਵਾਜ਼ਾ ਤੋੜ ਦਿਤਾ।
ਮੁਗਲ ਫ਼ੌਜਾਂ ਨੇ ਮੁਕਾਬਲਾ ਕੀਤਾ ਪਰ ਕੁਝ ਹੀ ਘੰਟਿਆਂ ਵਿਚ ਨਗਰ ਅਤੇ ਇਸ ਦੇ ਕਿਲ੍ਹੇ ‘ਤੇ ਸਿੱਖਾਂ ਦਾ ਕਬਜ਼ਾ ਹੋ ਚੁਕਾ ਸੀ। ਸਮਾਣੇ ਉੱਤੇ ਕਬਜ਼ਾ ਕਰਨ ਮਗਰੋਂ ਬੰਦਾ ਸਿੰਘ ਬਹਾਦਰ ਨੇ ਐਲਾਨ ਕੀਤਾ ਕਿਸੇ ਵੀ ਨਿਰਦੋਸ਼ ਬੰਦੇ ਨੂੰ ਕੁਝ ਨਹੀਂ ਕਿਹਾ ਜਾਵੇਗਾ ਅਤੇ ਸਿਰਫ਼ ਜ਼ਾਲਮ ਹਾਕਮਾਂ ਅਤੇ ਜੱਲਾਦਾਂ ਨੂੰ ਹੀ ਸਜ਼ਾ ਦਿਤੀ ਜਾਵੇਗੀ।