ਫਰੀਦਾ ਥੀਉ ਪਵਾਹੀ ਦਭੁ ॥
ਜੇ ਸਾਂਈ ਲੋੜਹਿ ਸਭੁ ॥
ਇਕੁ ਛਿਜਹਿ ਬਿਆ ਲਤਾੜੀਅਹਿ ॥
ਤਾਂ ਸਾਈ ਦੈ ਦਰਿ ਵਾੜੀਅਹਿ ॥ਭਗਤ ਫ਼ਰੀਦ ਜੀ
ਸਲੋਕ ਅੰਗ ੧੩੭੮ (1378)
ਭਗਤ ਫਰੀਦ ਜੀ ਆਖਦੇ ਹਨ ਕਿ ਜੇਕਰ ਤੂੰ ਆਪਣੇ ਮਾਲਕ ਨੂੰ ਹਰ ਥਾਂ ਭਾਲਦਾ ਹੈਂ, ਤਾਂ ਤੂੰ ਘਾਹ (ਪਹੇ ਦੀ ਦੱਭ) ਵਰਗਾ ਬਣ ਜਾ ।
ਲੋਕ ਕਿਸੇ ਵੱਡੇ ਬੂਟੇ ਨੂੰ ਤਾਂ ਤੋੜ ਜਾਂ ਵੱਢ ਦੇਂਦੇ ਹਨ, ਪਰ ਹੋਰ ਬਹੁਤ ਨਿੱਕੇ ਬੂਟੇ ਉਨ੍ਹਾਂ ਦੇ ਪੈਰਾਂ ਹੇਠ ਲਤਾੜੇ ਜਾਂਦੇ ਹੋਏ ਵੀ ਬਚੇ ਰਹਿੰਦੇ ਹਨ ।
ਜੇ ਤੂੰ ਇਹਨਾਂ ਨਿਮਾਣੇ ਤੇ ਨਿੱਕੇ ਬੂਟਿਆਂ ਵਰਗਾ ਹਉਮੇ-ਰਹਿਤ, ਨਿਮਰਤਾ ਵਾਲਾ ਸੁਭਾਉ ਬਣਾ ਲਏਂ, ਤਾਂ ਹੀ ਤੂੰ ਆਪਣੇ ਸੱਚੇ ਮਾਲਕ ਦੇ ਦਰ ਤੇ ਕਬੂਲ ਹੋਵੇਂਗਾ ।
26 ਮਾਰਚ, 1552 : ਗੁਰਿਆਈ – ਤੀਜੇ ਗੁਰੂ ਅਮਰਦਾਸ ਜੀ
ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਸਰੇ ਗੁਰੂ ਹਨ। ਗੁਰੂ ਅਮਰਦਾਸ ਜੀ 26 ਮਾਰਚ 1552 ਨੂੰ 73 ਸਾਲ ਦੀ ਬਿਰਧ ਉਮਰ ‘ਚ ਸਿੱਖਾਂ ਦੇ ਤੀਜੇ ਗੁਰੂ ਬਣੇ ।
ਗੁਰਸਿੱਖੀ ਨੂੰ ਅਪਨਾਉਣ ਤੋਂ ਪਹਿਲਾਂ, ਅਮਰਦਾਸ ਜੀ ਵੈਸ਼ਨਵ ਪਰੰਪਰਾ ਦਾ ਪਾਲਣ ਕਰਦੇ ਸਨ । ਆਪਣੇ ਭਤੀਜੇ ਦੀ ਪਤਨੀ ਬੀਬੀ ਅਮਰੋ ਤੋਂ ਗੁਰਬਾਣੀ ਸੁਣ ਕੇ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਤੁਰੰਤ ਹੀ ਦੂਜੇ ਗੁਰੂ ਅੰਗਦ ਸਾਹਿਬ ਜੀ ਦਾ ਪਤਾ ਪੁੱਛ ਕੇ ਉਨ੍ਹਾਂ ਪਾਸ ਪਹੁੰਚਣ ਲਈ ਤੁਰ ਪਏ । ਗੁਰੂ ਅੰਗਦ ਦੇਵ ਜੀ ਪਾਸ ਪਹੁੰਚ ਕੇ, ਉਹਨਾਂ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਅਤੇ ਨਿਸ਼ਕਾਮ ਭਾਵ ਨਾਲ ਸੰਗਤ ਦੀ ਸੇਵਾ ਵਿੱਚ ਰੁੱਝ ਗਏ ।
ਗੁਰੂ ਅੰਗਦ ਜੀ ਨੇ 15 ਮਾਰਚ, 1552 ਨੂੰ, ਆਪਣਾ ਅੰਤ ਸਮਾਂ ਜਾਣ ਕੇ, ਸਰੀਰ ਤਿਆਗਣ ਤੋਂ ਪਹਿਲਾਂ, ਗੁਰੂ ਅਮਰਦਾਸ ਜੀ ਨੂੰ ਗੁਰਿਆਈ ਸੌਂਪ ਦਿੱਤੀ ।
.