ਆਸਾ ਮਹਲਾ ੫ ॥
ਆਪੁਨੀ ਭਗਤਿ ਨਿਬਾਹਿ ॥
ਠਾਕੁਰ ਆਇਓ ਆਹਿ ॥੧॥ ਰਹਾਉ ॥
ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ ਬਸਾਹਿ ॥੧॥
ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ ॥੨॥
ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ ॥੩॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਆਸਾ  ਅੰਗ ੪੦੭ (407)

ਹੇ ਮੇਰੇ ਮਾਲਕ! ਮੈਂ ਤਾਂਘ ਕਰ ਕੇ ਤੇਰੀ ਸਰਨ ਵਿਚ ਆਇਆ ਹਾਂ, ਮੈਨੂੰ ਆਪਣੀ ਭਗਤੀ ਸਦਾ ਦੇਈ ਰੱਖ ।

ਮੈਨੂੰ ਆਪਣਾ ਕੀਮਤੀ ਨਾਮ ਦੇਈ ਰੱਖ, ਤਾਕਿ ਮੇਰਾ ਜੀਵਨ ਸਫਲ ਹੋ ਜਾਏ, ਆਪਣੇ ਚਰਨ ਮੇਰੇ ਹਿਰਦੇ ਵਿਚ ਵਸਾਈ ਰੱਖ । ਇਹੀ ਮੇਰੇ ਵਾਸਤੇ ਮੁਕਤੀ ਹੈ, ਤੇ ਇਹੀ ਮੇਰੇ ਵਾਸਤੇ ਜੀਵਨ-ਚੱਜ ਹੈ ਜੁਗਤਿ ਹੈ ਕਿ ਮੈਨੂੰ ਆਪਣੇ ਸੰਤਾਂ ਦੀ ਸੰਗਤਿ ਵਿਚ ਰੱਖੀ ਰੱਖ । ਮੇਹਰ ਕਰ, ਤੇਰੇ ਗੁਣਾਂ ਵਿਚ ਚੁੱਭੀ ਲਾ ਕੇ ਮੈਂ ਤੇਰਾ ਨਾਮ ਸਿਮਰਦਾ ਰਹਾਂ ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਾਂ ।


26 ਜੂਨ, 1745 : ਭਾਈ ਤਾਰੂ ਸਿੰਘ ਦੀ ਖੋਪਰੀ ਲਾਹ ਕੇ ਸ਼ਹਾਦਤ

ਧਰਮ, ਕੌਮ ਤੇ ਮਾਨਵਤਾ ਦੀ ਭਲਾਈ ਲਈ ਮੌਤ ਨੂੰ ਹੱਸ ਕੇ ਕਬੂਲ ਕਰਨ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ। ਇਸੇ ਪ੍ਰੰਪਰਾ ਵਿਚ ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਦੇ ਕੇ ਅਹਿਮ ਯੋਗਦਾਨ ਪਾਇਆ। ਭਾਈ ਤਾਰੂ ਸਿੰਘ ਅਠਾਰ੍ਹਵੀਂ ਸਦੀ ਦੇ ਇਤਿਹਾਸ ਦੇ ਸ਼ਹੀਦਾਂ ਵਿਚੋਂ ਇਕ ਮਹਾਨ ਸਿੱਖ ਸ਼ਹੀਦ ਹਨ।

ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪੂਹਲਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੰਧੂ ਜੱਟਾਂ ਦੇ ਘਰ ਹੋਇਆ। ਪਿੰਡ ਵਿਚ ਆਪ ਆਪਣੀ ਮਾਤਾ ਜੀ ਤੇ ਭੈਣ ਜੀ ਨਾਲ ਰਹਿੰਦਿਆਂ ਖੇਤੀਬਾੜੀ ਕਰਦਿਆਂ ਸਾਦਾ ਤੇ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ। ਆਪਦੇ ਮਾਤਾ ਜੀ ਤੇ ਭੈਣ ਜੀ ਵੀ ਬਹੁਤ ਮਿਹਨਤੀ ਸਨ।

ਇਸ ਸਮੇਂ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਤਾਂ ਜ਼ੁਲਮ ਦੀ ਹੱਦ ਹੀ ਕਰ ਦਿੱਤੀ। ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣੇ ਵੀ ਸ਼ੁਰੂ ਹੋ ਗਏ। ਜਿੱਥੇ ਵੀ ਕੋਈ ਸਿੰਘ ਮਿਲਦਾ, ਉਸ ਨੂੰ ਮਾਰ ਦਿੱਤਾ ਜਾਂਦਾ। ਅਜਿਹੇ ਸਮੇਂ ਵਿਚ ਸਿੰਘਾਂ ਨੇ ਜੰਗਲਾਂ ਵਿਚ ਨਿਵਾਸ ਕਰਨਾ ਠੀਕ ਸਮਝਿਆ ਤਾਂ ਜੋ ਉਹ ਜ਼ੁਲਮੀ ਹਕੂਮਤ ਦਾ ਟਾਕਰਾ ਕਰ ਸਕਣ।

ਅਜਿਹੇ ਹਾਲਾਤ ਵਿਚ ਉਨ੍ਹਾਂ ਸਿੰਘਾਂ ਨੂੰ ਲੰਗਰ ਲਈ ਰਸਦ-ਪਾਣੀ ਦੀ ਲੋੜ ਪੈਂਦੀ ਹੀ ਸੀ। ਭਾਈ ਤਾਰੂ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਨੇ ਮਿਲ ਕੇ ਸਿੰਘਾਂ ਦੀ ਸਹਾਇਤਾ ਰਸਦ ਤੇ ਹੋਰ ਜ਼ਰੂਰੀ ਚੀਜ਼ਾਂ ਨਾਲ ਕਰਦੇ ਰਹੇ।

ਸਿੱਖੀ ਨਾਲ ਵੈਰ ਰੱਖਣ ਵਾਲੇ ਮੁਗਲ ਮੁਖਬਰ ਹਰਭਗਤ ਨਿਰੰਜਨੀਆਂ ਨੂੰ ਜਦੋਂ ਭਾਈ ਤਾਰੂ ਸਿੰਘ ਬਾਰੇ ਪਤਾ ਲੱਗਿਆ, ਤਾਂ ਉਸ ਨੇ ਗਵਰਨਰ ਜ਼ਕਰੀਆ ਖਾਨ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਜ਼ਕਰੀਆ ਖਾਨ ਤੋਂ ਇਹ ਬਰਦਾਸ਼ਤ ਨਾ ਹੋਇਆ ਤੇ ਤੁਰੰਤ ਹੀ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ।

ਭਾਈ ਤਾਰੂ ਸਿੰਘ ਨੂੰ ਸਿੰਘਾਂ ਦੀ ਸਹਾਇਤਾ ਕਰਨ ਦੇ ਜ਼ੁਰਮ ਵਿਚ ਬਹੁਤ ਅੱਤਿਆਚਾਰ ਸਹਿਣ ਕਰਨੇ ਪਏ ਪਰ ਉਹ ਜ਼ਰਾ ਵੀ ਸਿੱਖੀ ਸਿਦਕ ਤੋਂ ਨਾ ਡੋਲੇ। ਜ਼ਕਰੀਆਂ ਖਾਨ ਨੇ ਭਾਈ ਤਾਰੂ ਸਿੰਘ ਨੂੰ ਆਪਣਾ ਧਰਮ ਛੱਡ ਕੇ ਮੁਸਲਮਾਨ ਬਣਨ ਲਈ ਕਿਹਾ ਤੇ ਅਜਿਹਾ ਨਾ ਮੰਨਣ ‘ਤੇ ਕੇਸ ਕਤਲ ਕਰਨ ਦਾ ਹੁਕਮ ਦਿੱਤਾ। ਪਰ ਭਾਈ ਤਾਰੂ ਸਿੰਘ ਨੇ ਕਿਹਾ ਕਿ ਮੈਂ ਸਿਰ ਕਟਵਾ ਸਕਦਾ ਹਾਂ, ਪਰ ਸਿੱਖੀ ਨਹੀਂ ਛੱਡ ਸਕਦਾ।

ਜ਼ਕਰੀਆ ਖਾਨ ਨੇ ਜੱਲਾਦ ਨੂੰ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਦਾ ਹੁਕਮ ਦਿੱਤਾ ਤਾਂ ਵੀ ਪਰ ਭਾਈ ਤਾਰੂ ਸਿੰਘ ਅਡੋਲ ਰਹੇ।

ਜਦੋਂ ਜੱਲਾਦ ਰੰਬੀ ਨਾਲ ਭਾਈ ਸਾਹਿਬ ਦੀ ਖੋਪਰੀ ਉਤਾਰ ਰਿਹਾ ਸੀ ਤਾਂ ਆਪ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ। ਏਨਾਂ ਕੁਝ ਹੁੰਦਿਆਂ ਵੀ ਆਪਦੇ ਮੂੰਹੋਂ ਸੀ ਨਾ ਨਿਕਲੀ ਅਤੇ ਅਡੋਲ ਬਣੇ ਰਹੇ, ਅਤੇ ਅੰਤ ਉਹ ਇਤਨੇ ਤਸੀਹੇ ਝੱਲਦਿਆਂ ਸ਼ਹਾਦਤ ਪਾ ਗਏ।

ਭਾਈ ਤਾਰੂ ਸਿੰਘ ਜੀ ਦੀ ਇਸ ਅਦੁੱਤੀ ਸ਼ਹਾਦਤ ਨੂੰ ਅਸੀਂ ਆਪਣੀ ਨਿੱਤ ਦੀ ਅਰਦਾਸ ਵਿਚ ਯਾਦ ਕਰਦੇ ਹਾਂ।