26 ਜਨਵਰੀ

ਜਨਮ : ਸਾਹਿਬਜ਼ਾਦਾ ਅਜੀਤ ਸਿੰਘ (1687)

ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ ਮਾਤਾ ਸੁੰਦਰੀ ਦੀ ਕੁੱਖੋਂ 26 ਜਨਵਰੀ, 1687 ਨੂੰ ਪਾਉਂਟਾ ਸਾਹਿਬ ਵਿਚ ਹੋਇਆ।

ਅਗਲੇ ਸਾਲ ਗੁਰੂ ਜੀ ਪਰਿਵਾਰ ਸਹਿਤ ਆਨੰਦਪੁਰ ਪਰਤ ਆਏ। ਬਾਬਾ ਅਜੀਤ ਸਿੰਘ ਨੂੰ ਸਿੱਖ-ਮਰਯਾਦਾ ਵਿਚ ਪੱਕਾ ਕਰਨ ਅਤੇ ਯੁੱਧ-ਕਲਾ ਵਿਚ ਨਿਪੁਣ ਕਰਨ ਲਈ ਗੁਰੂ ਜੀ ਨੇ ਉਚੇਚਾ ਧਿਆਨ ਦਿੱਤਾ।

ਅਜੇ ਆਪ 12 ਵਰ੍ਹਿਆਂ ਦੇ ਹੀ ਸਨ, ਤਾਂ ਗੁਰੂ ਜੀ ਨੇ 23 ਮਈ 1699 ਈ. ਨੂੰ 100 ਸਿੱਖਾਂ ਸਹਿਤ ਨੂਹ ਪਿੰਡ ਦੇ ਰੰਘੜਾਂ ਨੂੰ ਦੰਡ ਦੇਣ ਲਈ ਭੇਜਿਆ ਜਿਨ੍ਹਾਂ ਨੇ ਪੋਠੋਹਾਰ ਤੋਂ ਆਨੰਦਪੁਰ ਆ ਰਹੀ ਸੰਗਤ ਨੂੰ ਲੁਟਿਆ ਸੀ। ਇਸ ਤੋਂ ਇਲਾਵਾ ਵੀ ਸਿੱਖ ਸੰਗਤਾਂ ਉਤੇ ਹਮਲਾ ਕਰਨ ਵਾਲੇ ਰੰਘੜਾਂ ਅਤੇ ਗੁਜਰਾਂ ਦੀ ਆਪ ਨੇ ਕਈ ਵਾਰ ਸੁਧਾਈ ਕੀਤੀ ਅਤੇ ਮਜ਼ਲੂਮ ਇਸਤਰੀਆਂ ਦੀ ਪਤ ਨੂੰ ਲੁਟਣ ਵਾਲੇ ਮੁਗਲ ਅਧਿਕਾਰੀਆਂ ਨੂੰ ਸਜ਼ਾ ਦਿੱਤੀ। ਅਕਤੂਬਰ 1700 ਈ. ਵਿਚ ਹੋਈ ਨਿਰਮੋਹਗੜ੍ਹ ਦੀ ਲੜਾਈ ਵਿਚ ਵੀ ਆਪ ਨੇ ਆਪਣੀ ਯੁੱਧ-ਕਲਾ ਦਾ ਜੌਹਰ ਵਿਖਾਇਆ।

ਆਨੰਦਪੁਰ ਸਾਹਿਬ ਦਾ ਕਿਲ੍ਹਾ ਛਡਣ ਵੇਲੇ ਗੁਰੂ ਜੀ ਨੇ ਆਪ ਨੂੰ ਪਿਛਲੇ ਸੈਨਿਕ ਜੱਥੇ ਦੀ ਜ਼ਿੰਮੇਵਾਰੀ ਸੌਂਪੀ ਜਿਸ ਨੂੰ ਨਿਭਾ ਕੇ ਆਪਣੇ ਪਿਤਾ ਗੁਰੂ ਅਤੇ ਛੋਟੇ ਭਰਾ ਸਹਿਤ ਆਪ ਨੇ ਸਰਸਾ ਨਦੀ ਪਾਰ ਕਰਕੇ ਚਮਕੌਰ ਦੀ ਗੜ੍ਹੀ ਵਿਚ ਠਿਕਾਣਾ ਕੀਤਾ। ਮੁਗ਼ਲ ਸੈਨਾ ਦੁਆਰਾ ਗੜ੍ਹੀ ਨੂੰ ਘੇਰੇ ਜਾਣ ’ਤੇ ਜਦੋਂ ਦੋਹਾਂ ਧਿਰਾਂ ਵਿਚ ਗਹਿਗਚ ਲੜਾਈ ਆਰੰਭ ਹੋਈ, ਤਾਂ ਗੁਰੂ ਜੀ ਨੇ ਪੰਜ ਪੰਜ ਸਿੰਘਾਂ ਦੇ ਜੱਥੇ ਲੜਨ ਲਈ ਗੜ੍ਹੀ ਤੋਂ ਬਾਹਰ ਭੇਜਣੇ ਸ਼ੁਰੂ ਕੀਤੇ। ਉਨ੍ਹਾਂ ਵਿਚ ਇਕ ਜੱਥੇ ਨਾਲ ਬਾਬਾ ਜੀ ਨੂੰ ਵੀ ਭੇਜਿਆ ਗਿਆ। ਆਪ ਨੇ ਪਹਿਲਾ ਤੀਰਾਂ ਨਾਲ ਮੁਗ਼ਲ ਸੈਨਾ ਨੂੰ ਗੜ੍ਹੀ ਤੋਂ ਪਰੇ ਰਖਿਆ, ਫਿਰ ਭਾਲੇ ਨਾਲ ਯੁੱਧ ਕੀਤਾ। ਭਾਲੇ ਦੇ ਟੁਟਣ ਤੋਂ ਬਾਦ ਕ੍ਰਿਪਾਨ ਨਾਲ ਯੁੱਧ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ।

ਇਸ ਅਸਥਾਨ ਤੇ ਹੁਣ ਗੁਰਦੁਆਰਾ ਕਤਲਗੜ੍ਹ ਬਣਿਆ ਹੋਇਆ ਹੈ। ਬਾਬਾ ਜੀ ਨੇ ਧਰਮ ਦੀ ਰਖਿਆ ਲਈ ਨਿਛਾਵਰ ਹੋ ਕੇ ਵਿਸ਼ਵ-ਇਤਿਹਾਸ ਵਿਚ ਇਕ ਅਮਿਟ ਛਾਪ ਛੱਡੀ ਹੈ।

ਗਣਤੰਤਰ ਦਿਵਸ (ਭਾਰਤ)

ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਆਫ਼ ਇੰਡੀਆ ਐਕਟ (1935) ਦੀ ਜਗ੍ਹਾ ਉੱਤੇ ਅਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ।

ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਹ ਉਹ ਦਿਹਾੜਾ ਹੈ, ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ ਵਡੇਰਿਆਂ ਦੇ ਕੀਤੇ ਗਏ ਕੰਮਾਂ ਨੂੰ ਸ਼ੁਕਰਾਨੇ ਨਾਲ ਚੇਤੇ ਕਰਦੇ ਹਨ ਜਿਹਨਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜਤ ਮਾਣ ਅਤੇ ਸੰਵਿਧਾਨ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ।