26 ਦਸੰਬਰ, 1704 : ਛੋਟੇ ਸਾਹਿਬਜ਼ਾਦਿਆਂ ਦਾ ਕਚਹਿਰੀ ਵਿੱਚ ਦੂਸਰਾ ਦਿਨ

26 ਦਸੰਬਰ, 1704 ਨੂੰ ਛੋਟੇ ਸਾਹਿਬਜ਼ਾਦਿਆਂ ਵਜ਼ੀਰ ਖਾਂ ਦੀ ਕਚਹਿਰੀ ਅੰਦਰ ਪੇਸ਼ ਕੀਤਾ ਗਿਆ। ਵਜ਼ੀਰ ਖਾਂ ਨੇ ਸ਼ਰਾਰਤ ਨਾਲ ਕਿਲ੍ਹੇ ਦਾ ਵੱਡਾ ਦਰਵਾਜਾ ਬੰਦ ਕਰਵਾ ਦਿੱਤਾ ਅਤੇ ਛੋਟੀ ਖਿੜਕੀ ਖੋਲ੍ਹ ਦਿੱਤੀ ਤਾਂ ਕਿ ਜਦ ਛੋਟੇ ਸਾਹਿਬਜ਼ਾਦੇ ਅੰਦਰ ਆਉਣਗੇ ਤਾਂ ਉਹਨਾਂ ਦਾ ਸੀਸ ਝੁਕ ਜਾਵੇਗਾ ਅਤੇ ਅਸੀਂ ਤਾੜੀ ਮਾਰ ਕੇ ਆਖਾਂਗੇ ਕਿ “ਗੁਰੂ ਦਾ ਸਿੱਖ ਝੁੱਕ ਗਿਆ।”

ਪਰ, ਇਸਦੇ ਉਲਟ ਜਦ ਸਾਹਿਬਜ਼ਾਦੇ ਅੰਦਰ ਪ੍ਰਵੇਸ਼ ਕਰਨ ਲੱਗੇ ਤਾਂ ਪਹਿਲਾਂ ਖਿੜਕੀ ਰਾਹੀਂ ਆਪਣੇ ਪੈਰ ਰੱਖੇ ਫਿਰ ਸੀਸ ਅਤੇ ਛਾਤੀ ਤਾਨ ਕੇ ਗੱਜ ਕੇ ਫਤਹਿ ਬੁਲਾ ਦਿੱਤੀ।

ਕੋਲ ਖੜ੍ਹਾ ਸੁੱਚਾ ਨੰਦ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਕਹਿਣ ਲੱਗਾ, “ਓਏ! ਇਹ ਤੁਹਾਡੇ ਗੁਰੁ ਗੋਬਿੰਦ ਸਿੰਘ ਦਾ ਦਰਬਾਰ ਨਹੀਂ। ਇਹ ਸੂਬਾ ਸਰਹੰਦ ਵਜ਼ੀਰ ਖਾਂ ਦੀ ਕਚਹਿਰੀ ਹੈ, ਝੁੱਕ ਕੇ ਸਲਾਮ ਕਰੋ।” ਤਾਂ ਸਾਹਿਬਜ਼ਾਦਿਆਂ ਦਾ ਜੁਆਬ ਸੀ, “ਸਾਨੂੰ ਪਤਾ ਹੈ, ਪਰ ਇਹ ਗੁਰੁ ਘਰ ਦਾ ਸਿਧਾਂਤ ਹੈ ਕਿ ਜਿੱਥੇ ਵੀ ਜਾਣਾ ਹੈ ਗੱਜ ਕੇ ਫ਼ਤਹਿ ਹੀ ਬੁਲਾਉਣੀ ਹੈ।”

ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ ਕਹਿੰਦੇ ਨੇ ਜੇਕਰ ਕਿਸੇ ਦਾ ਈਮਾਨ ਡੁਲ੍ਹਾਉਣਾ ਹੋਵੇ ਤਾਂ ਤਿੰਨ ਤਰੀਕਿਆਂ ਨਾਲ ਡੁਲ੍ਹਾਇਆ ਜਾਂਦਾ ਹੈ। ਪਹਿਲਾਂ ਕਿਸੇ ਨੂੰ ਬਹੁੱਤਾ ਪਿਆਰ ਕਰ ਲਵੋ ਤਾਂ ਉਹ ਡੋਲ੍ਹ ਜਾਂਦਾ ਹੈ। ਦੂਜਾ ਲਾਲਚ ਨਾਲ ਅਤੇ ਤੀਜਾ ਡਰਾਵਾ ਦੇ ਕੇ। ਇਹ ਤਿੰਨੇ ਤਰੀਕੇ ਗੁਰੁ ਕੇ ਲਾਲਾਂ ਤੇ ਵੀ ਅਜ਼ਮਾਏ ਗਏ।

ਪਹਿਲਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਪੁਛਿਆ ਗਿਆ ਕਿ, ‘ਬੱਚਿਓ! ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਵੱਡੇ ਹੋ ਕੇ ਕੀ ਕਰੋਗੇ? ਲ਼ਾਲ ਕਹਿਣ ਲੱਗੇ: “ਵਿੱਚ ਜੰਗਲਾਂ ਜਾਵਾਂਗੇ, ਸਿੱਖਾਂ ਨੂੰ ਜੋੜ ਲਿਆਵਾਂਗੇ (ਭਾਵ ਇਕੱਠੇ ਕਰਾਂਗੇ) ਸ਼ਸਤਰ ਇਕੱਠੇ ਕਰਾਂਗੇ, ਘੋੜਿਆਂ ਉਪਰ ਚੜ੍ਹਾਂਗੇ, ਨਾਲ ਤੁਹਾਡੇ ਲੜਾਂਗੇ।” ਦਰਬਾਰੀ ਸੁੱਚਾ ਨੰਦ ਕਹਿਣ ਲੱਗੇ ਕਿ ਇਹ ਸਪੋਲੀਏ ਹਨ, ਇਹਨਾਂ ਨੂੰ ਜਿਉਂਦਿਆਂ ਨਹੀਂ ਛੱਡਣਾ ਚਾਹੀਦਾ।

ਪਰ ਫਿਰ ਇੱਕ ਵਾਰੀ ਪਿਆਰ ਨਾਲ ਕਿਹਾ ਜਾਣ ਲੱਗਾ: “ਤੁਸੀਂ ਬੜੇ ਮਾਸੂਮ ਹੋ, ਨਿੱਕੀਆਂ ਜਿੰਦਾਂ ਹੋ, ਤੁਹਾਨੂੰ ਕੋਹ-ਕੋਹ ਕੇ ਮਾਰ ਦਿੱਤਾ ਜਾਵੇਗਾ, ਇਸ ਲਈ ਜਿੰਦਗੀ ਜੀਉਣ ਲਈ ਸਿੱਖੀ ਦਾ ਤਿਆਗ ਕਰ ਦਿਉ।” ਅੱਗੋਂ ਸਾਹਿਬਜ਼ਾਦੇ ਕਹਿਣ ਲੱਗੇ: “ਦਸਮੇਸ਼ ਪਿਤਾ ਦੇ ਬੱਚੜੇ ਹਾਂ, ਭਾਗਾਂ ਵਾਲੀ ਮਾਂ ਦੇ ਜਣੇ ਹੋਏ ਹਾਂ, ਉਤੋਂ ਮੱਖਣ ਵਰਗਾ ਮਾਹੌਲ ਨਾ ਸਮਝੀਂ, ਅੰਦਰੋਂ ਫੋਲਾਦ ਦੇ ਬਣੇ ਹੋਏ ਹਾਂ।”

ਵਜ਼ੀਰ ਖਾਂ ਕਹਿਣ ਲੱਗਾ, “ਤੁਸੀਂ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ” ਤਾਂ ਗੁਰੁ ਕੇ ਲਾਲ ਕਹਿਣ ਲੱਗੇ, “ਇਹ ਸ਼ਹਾਦਤਾਂ ਦਾ ਡਰ ਕਿਸੇ ਹੋਰ ਨੂੰ ਦਈਂ, ਅਸੀਂ ਸ਼ਹੀਦੀ ਤੋਂ ਡਰਨ ਵਾਲੇ ਨਹੀਂ। ਅਸੀ ਕੌਮ ਤੋਂ ਕੁਰਬਾਨ ਹੋਣਾ ਚੰਗੀ ਤਰ੍ਹਾਂ ਜਾਣਦੇ ਹਾਂ। ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੁੜ੍ਹਤੀ ਦਿੱਤੀ ਹੈ ਕਿ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਸਲੋਕ ਵਾਰਾਂ ਤੇ ਵਧੀਕ ਮ. 1, ਪੰਨਾ 1412)

ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ, ਔਹ ਵੇਖ ਲੈ ਆਰੇ ਦੇ ਦੰਦੇ।” ਤਾਂ ਅਗੋਂ ਜਵਾਬ ਸੀ, “ਮਤੀ ਦਾਸ ਦੇ ਸਿਰ ਐ ਜ਼ਾਲਮ, ਇਹ ਦੰਦੇ ਅਜ਼ਮਾ ਕੇ ਵੇਖ ਲਏ ਨੇ।”

ਵਜ਼ੀਰ ਖਾਂ ਫਿਰ ਕਹਿਣ ਲੱਗਾ, ਸੋਚ ਫਤਹਿ ਸਿੰਘ ਸੋਚ, ਨਹੀਂ ਤਾਂ ਮੱਛੀ ਵਾਂਗੂ ਲੋਹ ਤੇ ਤਲਸਾ।” ਤਾਂ ਅਗੋਂ ਜਵਾਬ ਸੀ, “ਓਏ ਮੇਰੇ ਬਾਬੇ ਅਰਜਨ ਸਾਹਿਬ ਜੀ ਨੇ, ਇਸਤੇ ਵੀ ਅੰਗ ਤੁਲਵਾ ਕੇ ਦੇਖ ਲਏ ਨੇ।”

ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ ਦੇਗਾਂ ਵਿੱਚ ਆਲੂਆਂ ਵਾਗ ਉਬਾਲੇ ਜਾਸੋ।” ਅਗੋਂ ਜਵਾਬ ਆਇਆ, “ਓਏ ਗੁਰਸਿੱਖੀ ਲਈ ਭਾਈ ਦਿਆਲੇ ਨੇ, ਕਈ ਉਬਾਲੇ ਖਾ ਕੇ ਦੇਖ ਲਏ ਨੇ।”

ਸ਼ਾਹਿਜ਼ਾਦੇ ਕਹਿਣ ਲੱਗੇ, “ਤੂੰ ਜਿੰਨਾਂ ਮਰਜੀ ਜੁਲਮ ਕਰ ਲੈ, ਪਰ ਸਾਨੂੰ ਆਪਣੀ ਈਨ ਨਹੀਂ ਮੰਨਵਾ ਸਕਦਾ, ਅਸੀਂ ਕਿਸੇ ਵੀ ਹਾਲਤ ਵਿੱਚ ਸਿੱਖੀ ਨਹੀਂ ਛੱਡਾਂਗੇ।” ਅਸੀਂ ਸਿੱਖ ਹਾਂ ਅਤੇ ਆਪਾ ਮਿਟਾ ਕੇ ਗੁਰੁ ਦੇ ਵਿੱਚ ਲੀਨ ਹੋਵਾਂਗੇ ਕਿਉਂਕਿ ਜੋ ਸਿੱਖ ਉਸਨੇ ਆਪਣਾ ਤਨ, ਮਨ, ਧਨ ਗੁਰੂ ਨੂੰ ਹੀ ਅਰਪਣ ਕਰਨਾ ਹੈ ਅਤੇ ਸਿਰਫ ਗੁਰੁ ਪਾਤਸ਼ਾਹ ਜੀ ਦੇ ਹੁਕਿਮ ਨੂੰ ਹੀ ਸਤਿ ਸਤਿ ਕਰਕੇ ਮੰਨਣਾ ਹੈ। ਸਾਡਾ ਸਿਧਾਂਤ ਹੈ ।

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ (ਰਾਮਕਲੀ ਮ. 3, ਪੰਨਾ 918)

ਹੁਣ ਦੂਸਰਾ ਤਰੀਕਾ ਵਰਤਿਆ ਜਾਣ ਲੱਗਾ ਅਤੇ ਵਜ਼ੀਰ ਖਾਂ ਗੁਰੁ ਕੇ ਲਾਲਾਂ ਨੂੰ ਲਾਲਚ ਦੇ ਕੇ ਕਹਿਣ ਲੱਗਾ, ਕਿ ਤੁਹਾਨੂੰ ਤਖ਼ਤ ਤੇ ਤਾਜ਼ ਮਿਲੇਗਾ। ਤਾਂ ਅੱਗੋਂ ਜੁਆਬ ਸੀ, “ਜੁੱਤੀ ਦੀ ਇੱਕ ਠੋਕਰ ਨਾਲ ਤਖ਼ਤ ਤੇ ਤਾਜ਼ ਠੁਕਰਾ ਸਕਦੇ ਹਾਂ, ਪਰ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ”

ਇਹ ਸੁਣ ਕੇ ਵਜੀਰ ਖਾਂਨ ਸੜ ਬਲ ਗਿਆਂ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਭੇਜ ਕੇ ਕਾਜੀ ਨੂੰ ਬਹੁਤ ਦਰਦਨਾਕ ਮੌਤ ਦਾ ਫਤਵਾ ਲਿਖ ਕੇ ਕਲ ਹਾਜਰ ਹੋਣ ਦਾ ਹੁਕਮ ਸੁਣਾਦਾ ਹੈ ।