ਸਿਰੀਰਾਗੁ ਮਹਲਾ ੪ ॥

ਹਰਿ ਹਰਿ ਹਰਿ ਰਸੁ ਆਪਿ ਹੈ ਆਪੇ ਹਰਿ ਰਸੁ ਹੋਇ ॥
ਆਪਿ ਦਇਆ ਕਰਿ ਦੇਵਸੀ ਗੁਰਮੁਖਿ ਅੰਮ੍ਰਿਤੁ ਚੋਇ ॥
ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ ॥

 ਮਹਲਾ ੪ – ਗੁਰੂ ਰਾਮਦਾਸ ਜੀ
 ਸਿਰੀ ਰਾਗ  ਅੰਗ ੪੧ (41)

ਪਰਮਾਤਮਾ ਆਪ ਹੀ ਸਭ ਜੀਵਾਂ ਦੀ ਜਿੰਦ ਦਾ ਸਹਾਰਾ ਨਾਮ-ਰਸ ਹੈ। ਉਹ ਆਪ ਹੀ ਮਿਹਰ ਕਰ ਕੇ ਇਹ ਨਾਮ-ਰਸ ਦੇਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀਆਂ ਦੇ ਛੱਤੇ ਵਿਚੋਂ ਸ਼ਹਿਦ ਚੋਂਦਾ ਹੈ, ਤਿਵੇਂ ਹੀ ਗੁਰੂ ਦੀ ਸਰਨ ਪਿਆਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਸਾਡੇ ਹਿਰਦੇ ਦੇ ਅੰਦਰ ਚੋਂਦਾ ਹੈ।

ਜਿਸ ਮਨੁੱਖ ਦੇ ਮਨ ਵਿਚ ਉਹ ਨਾਮ-ਰਸ ਆ ਵੱਸਦਾ ਹੈ, ਉਸ ਦਾ ਸਾਰਾ ਸਰੀਰ, ਉਸ ਦਾ ਮਨ ਹਰਿਆ ਹੋ ਕੇ ਖਿੜ ਪੈਂਦਾ ਹੈ ।


26 ਅਗਸਤ, 1661 : ਪਿਆਰੇ ਭਾਈ ਦਇਆ ਸਿੰਘ ਦਾ ਜਨਮ

ਅਨੰਦਪੁਰ ਵਿਖੇ, 1699 ਦੀ ਵਿਸਾਖੀ ਦੇ ਦਿਹਾੜੇ, ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਤੇ ਹਾਜ਼ਰ ਹੋਣ ਵਾਲੇ ਪੰਜ ਪਿਆਰਿਆਂ ਵਿਚੋਂ ਸਭ ਤੋਂ ਪਹਿਲੇ ਸਿੱਖ ਭਾਈ ਦਇਆ ਸਿੰਘ (ਦਯਾ ਰਾਮ) ਸ਼ਨ। ਉਹਨਾਂ ਦਾ ਜਨਮ 26 ਅਗਸਤ, 1661 ਵਾਲੇ ਦਿਨ ਭਾਈ ਸੁੱਧਾ ਸੋਬਤੀ, ਵਾਸੀ ਸਿਆਲਕੋਟ, ਦੇ ਘਰ ਹੋਇਆ।

ਭਾਈ ਦਯਾ ਰਾਮ, 16 ਸਾਲ ਦੀ ਉਮਰ ਵਿਚ, 1677 ਵਿਚ ਅਨੰਦਪੁਰ ਸਾਹਿਬ ਆਏ ਅਤੇ ਉਦੋਂ ਤੋਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਹੀ ਰਹਿ ਪਏ। ਉਹਨਾਂ ਨੂੰ 31 ਸਾਲ ਗੁਰੂ ਸਾਹਿਬ ਦੀ ਸੰਗਤ ਵਿਚ ਰਹਿਣ ਦਾ ਮਾਣ ਹਾਸਿਲ ਹੋਇਆ। ਉਹ ਭੰਗਾਣੀ, ਨਦੌਣ ਅਤੇ ਹੋਰ ਜੰਗਾਂ ਵਿਚ ਸ਼ਾਮਿਲ ਵੀ ਹੋਏ ਸੀ। ਖੰਡੇ ਦੀ ਪਾਹੁਲ ਲੈਣ ਮਗਰੋਂ ਦਯਾ ਰਾਮ ਦਾ ਨਾਂ ਭਾਈ ਦਇਆ ਸਿੰਘ ਰੱਖਿਆ ਗਿਆ।

ਦਸੰਬਰ 1705 ਦੀ ਰਾਤ ਨੂੰ ਜਦ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ ਤਾਂ ਭਾਈ ਦਇਆ ਸਿੰਘ ਗੁਰੂ ਸਾਹਿਬ ਦੇ ਨਾਲ ਹੀ ਸੀ। ਚਮਕੌਰ ਦੀ ਜੰਗ ਵਿਚ ਵੀ ਉਹ ਗੁਰੂ ਸਾਹਿਬ ਦੇ ਅੰਗ-ਸੰਗ ਸੀ। 1706 ਵਿਚ ਜਦੋਂ ਗੁਰੂ ਸਾਹਿਬ ਦੱਖਣ ਵੱਲ ਤਲਵੰਡੀ ਸਾਬੋ ਗਏ ਤਾਂ ਵੀ ਭਾਈ ਦਇਆ ਸਿੰਘ ਨਾਲ ਹੀ ਸਨ।

ਔਰੰਗਜ਼ੇਬ ਨੂੰ ਗੁਰੂ ਸਹਿਬ ਦੀ ਚਿੱਠੀ ਪਹੁੰਚਾਉਣ ਦੀ ਸੇਵਾ ਵੀ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਦੇ ਰਲ ਕੇ ਨਿਭਾਈ ਸੀ।

1708 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਸਮੇਂ ਭਾਈ ਦਇਆ ਸਿੰਘ ਵਿਛੋੜਾ ਨਾ ਸਹਿ ਸਕੇ ਅਤੇ ਇਸ ਤੋਂ ਥੋੜ੍ਹੇ ਚਿਰ ਮਗਰੋਂ ਹੀ ਉਹ ਵੀ ਅਕਾਲ ਚਲਾਣਾ ਕਰ ਗਏ।