ਨਟ ਪੜਤਾਲ ਮਹਲਾ ੫

ਕੋਊ ਹੈ ਮੇਰੋ ਸਾਜਨੁ ਮੀਤੁ ॥
ਹਰਿ ਨਾਮੁ ਸੁਨਾਵੈ ਨੀਤ ॥
ਬਿਨਸੈ ਦੁਖੁ ਬਿਪਰੀਤਿ ॥
ਸਭੁ ਅਰਪਉ ਮਨੁ ਤਨੁ ਚੀਤੁ ॥ ਰਹਾਉ ॥
ਕੋਈ ਵਿਰਲਾ ਆਪਨ ਕੀਤ ॥
ਸੰਗਿ ਚਰਨ ਕਮਲ ਮਨੁ ਸੀਤ ॥
ਕਰਿ ਕਿਰਪਾ ਹਰਿ ਜਸੁ ਦੀਤ ॥
ਹਰਿ ਭਜਿ ਜਨਮੁ ਪਦਾਰਥੁ ਜੀਤ ॥
ਕੋਟਿ ਪਤਿਤ ਹੋਹਿ ਪੁਨੀਤ ॥
ਨਾਨਕ ਦਾਸ ਬਲਿ ਬਲਿ ਕੀਤ ॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਰਾਗ ਨਟ-ਨਾਰਾਇਣ  ਅੰਗ ੯੮੦ (980)

ਹੇ ਭਾਈ! ਕੋਈ ਵਿਰਲਾ ਹੀ ਲੱਭਦਾ ਹੈ ਇਹੋ ਜਿਹਾ ਸੱਜਣ ਮਿੱਤਰ, ਜਿਹੜਾ ਸਦਾ ਸੱਚੇ ਮਾਲਕ ਦਾ ਨਾਮ ਸੁਣਾਂਦਾ ਰਹੇ । ਨਾਮ ਦੀ ਬਰਕਤਿ ਨਾਲ ਹੀ ਭੈੜੇ ਪਾਸੇ ਦੀ ਬਿਰਤੀ ਦਾ ਦੁੱਖ ਦੂਰ ਹੋ ਜਾਂਦਾ ਹੈ ।

ਹੇ ਭਾਈ! ਜੇ ਕੋਈ ਹਰਿ-ਨਾਮ ਸੁਣਾਣ ਵਾਲਾ ਸੱਜਣ ਮਿਲ ਪਏ, ਤਾਂ ਉਸ ਤੋਂ ਮੈਂ ਆਪਣਾ ਮਨ ਆਪਣਾ ਤਨ ਆਪਣਾ ਚਿੱਤ ਸਭ ਕੁਝ ਸਦਕੇ ਕਰ ਦਿਆਂ ।

ਕੋਈ ਵਿਰਲਾ ਹੀ ਲੱਭਦਾ ਹੈ ਇਹੋ ਜਿਹਾ ਜਿਸ ਨੂੰ ਮਾਲਕ ਨੇ ਆਪਣਾ ਬਣਾ ਲਿਆ ਹੁੰਦਾ ਹੈ, ਜਿਸ ਨੇ ਉਸਦੇ ਸੋਹਣੇ ਚਰਨਾਂ ਨਾਲ ਆਪਣਾ ਮਨ ਜੋੜ ਰੱਖਿਆ ਹੁੰਦਾ ਹੈ, ਜਿਸ ਨੂੰ ਮਾਲਕ ਨੇ ਕਿਰਪਾ ਕਰ ਕੇ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦਿੱਤੀ ਹੁੰਦੀ ਹੈ ।

ਨਾਮ ਜਪ ਕੇ ਆਪਣਾ ਅਤਿ-ਕੀਮਤੀ ਮਨੁੱਖਾ ਜਨਮ ਕਾਮਯਾਬ ਬਣਾ ਲਈਦਾ ਹੈ, ਜਿਸ ਕਰਕੇ ਕਰੋੜਾਂ ਵਿਕਾਰੀ ਵੀ ਨਿਰਮਲ ਹੋ ਜਾਂਦੇ ਹਨ । ਨਾਮ ਜਪਣ ਵਾਲੇ ਅਜਿਹੇ ਗੁਰਮੁਖਾਂ ਤੋਂ ਮੈਂ ਆਪਣੇ ਆਪ ਨੂੰ ਸਦਕੇ ਕਰਦਾ ਹਾਂ, ਕੁਰਬਾਨ ਕਰਦਾ ਹਾਂ ।


26 ਅਪ੍ਰੈਲ, 1635 : ਗੁਰੂ ਹਰਗੋਬਿੰਦ ਜੀ ਦੀ ਮੁਗਲਾਂ ਨਾਲ ਕਰਤਾਰਪੁਰ ਵਿਚ ਚੌਥੀ ਜੰਗ

ਕਰਤਾਰਪੁਰ (ਹੁਣ ਜ਼ਿਲ੍ਹਾ ਜਲੰਧਰ) ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦਾ ਪਠਾਨ ਕਮਾਂਡਰ ਪੈਂਦੇ ਖਾਨ ਦੀ ਸਿੱਖਾਂ ਅਤੇ ਗੁਰੂ ਸਾਹਿਬ ਨਾਲ ਮਾਮੂਲੀ ਗੱਲਾਂ ‘ਤੇ ਤਕਰਾਰ ਕਾਰਨ ਗੱਦਾਰੀ ਕਰ ਮੁਗਲ ਫੌਜ ਨਾਲ ਜਾ ਮਿਲਿਆ। ਪੈਂਦੇ ਖਾਨ ਅਤੇ ਕਾਲੇ ਖਾਨ (ਜੋ ਕਿ ਮੁਖਲਸ ਖਾਨ ਦਾ ਭਰਾ ਸੀ) ਨੇ ਮੁਗਲ ਫੌਜ ਨਾਲ ਮਿਲ ਕੇ 26 ਅਪ੍ਰੈਲ 1635 ਨੂੰ ਕਰਤਾਰਪੁਰ ਵਿਖੇ ਗੁਰੂ ਸਾਹਿਬ ‘ਤੇ ਹਮਲਾ ਕਰ ਦਿੱਤਾ।

ਕਰਤਾਰਪੁਰ ਵਿਚ ਸਿੱਖਾਂ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਸੀ, ਜੋ ਕਿ ਬਹੁਤ ਹੀ ਜੋਸ਼ ਅਤੇ ਬਹਾਦਰੀ ਨਾਲ ਲੜੇ। (ਗੁਰੂ) ਤੇਗਬਹਾਦਰ ਜੀ, ਗੁਰਦਿੱਤਾ ਜੀ ਅਤੇ ਭਾਈ ਬਿਧੀ ਚੰਦ ਨੇ ਬਹਾਦਰੀ ਦੇ ਅਦਭੁਤ ਕਾਰਨਾਮੇ ਦਿਖਾਏ। ਪੈਂਦੇ ਖਾਨ ਅਤੇ ਕਾਲੇ ਖਾਨ ਦੋਂਵੇਂ ਹੀ ਮਾਰੇ ਗਏ। ਬਹੁਤ ਸਾਰੇ ਸਿੱਖ ਵੀ ਇਸ ਜੰਗ ਵਿੱਚ ਸ਼ਹੀਦੀ ਪਾ ਗਏ।

ਕਰਤਾਰਪੁਰ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਕੀਰਤਪੁਰ ਵੱਲ ਨੂੰ ਚਲੇ ਗਏ ਜੋ ਕਿ ਰਾਜਾ ਤਾਰਾ ਚੰਦ ਦੇ ਰਾਜ ਅਧੀਨ ਸੀ।