ਸਿਰੀਰਾਗੁ ਮਹਲਾ ੩ ॥

ਭਾਈ ਰੇ ਗੁਰਮਤਿ ਸਾਚਿ ਰਹਾਉ ॥
ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥

 ਮਹਲਾ ੩ – ਗੁਰੂ ਅਮਰਦਾਸ ਜੀ
 ਸਿਰੀ ਰਾਗ  ਅੰਗ ੩੦ (30)

ਹੇ ਭਾਈ, ਚਲੋ! ਗੁਰੂ ਦੀ ਸਿੱਖਿਆ ਲੈ ਕੇ ਗੁਰਮਤਿ ਦੇ ਸੱਚ-ਸਿਧਾਂਤ ਵਿਚ ਟਿੱਕ ਜਾਈਏ । ਜੀਵਨ ਵਿਚ ਸੱਚੀ ਕਿਰਤ ਦੀ ਨੇਕ ਕਮਾਈ ਕਰਨ ਦੇ ਨਾਲੋ-ਨਾਲ ਸੱਚੇ ਗਿਆਨ ਦੀ ਪ੍ਰਾਪਤੀ ਵੀ ਕਰ ਲਈਏ ।


25 ਸਤੰਬਰ, 1923 : ਜੈਤੋਂ ਦੇ ਮੋਰਚੇ ਲਈ ਸਿੰਘਾਂ ਦੇ ਜੱਥੇ ਰੋਜ਼ਾਨਾ ਜਾਣੇ ਸ਼ੁਰੂ ਹੋਏ

ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ, ਗੁਰਦੁਆਰਾ ਸੁਧਾਰ ਲਹਿਰ ਦਾ ਪੱਖੀ ਹੋਣ ਕਰਕੇ ਅਤੇ ਮਹਾਰਾਜਾ ਪਟਿਆਲਾ ਨਾਲ ਚਲੇ ਵਿਵਾਦ ਕਾਰਣ 9 ਜੁਲਾਈ, 1923 ਨੂੰ ਗੱਦੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਗਿਆ। ਇਸ ਦੇ ਵਿਰੋਧ ਵਿਚ ਕੌਮ ਨੇ ਆਵਾਜ਼ ਉਠਾਈ, ਜਲਸੇ ਹੋਏ ਅਤੇ ਜਲੂਸ ਕਢੇ ਗਏ।

ਜੈਤੋ ਦੇ ਸਥਾਨਕ ਸਿੰਘਾਂ ਨੇ ਗੁਰਦੁਆਰਾ ਗੰਗਸਰ ਵਿਖੇ ਅਖੰਡ-ਪਾਠ ਰਖ ਦਿੱਤਾ। ਜਦੋਂ ਸਰਕਾਰ ਨੇ ਵਿਘਨ ਪਾਇਆ ਤਾਂ ਜੈਤੋਂ ਦਾ ਮੋਰਚਾ ਤੇਜ਼ ਹੋ ਗਿਆ, ਜਿਸ ਵਿਚ 25 ਸਤੰਬਰ, 1923 ਤੋਂ ਹਰ ਰੋਜ਼ ਅਕਾਲ-ਤਖ਼ਤ ਤੋਂ ਪਹਿਲਾਂ 25-25 ਅਤੇ ਬਾਅਦ ਵਿਚ 500-500 ਸਿੰਘਾਂ ਦੇ ਜੱਥੇ ਜਾਣੇ ਸ਼ੁਰੂ ਹੋਏ। ਇਨ੍ਹਾਂ ਸਿੰਘਾਂ ਨੂੰ ਪਕੜ ਕੇ ਰਾਜਸਥਾਨ ਵਿਚ ਜਾਂ ਦੂਰ ਦੁਰਾਡੇ ਜੰਗਲਾਂ ਵਿਚ ਛੱਡ ਦਿੱਤਾ ਜਾਂਦਾ। ਕਈ ਮਹੀਨੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ।

ਇਸ ਦੌਰਾਨ 21 ਫਰਵਰੀ, 1924 ਨੂੰ ਜੈਤੋ ਪਹੁੰਚੇ ਜੱਥੇ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪਰ ਜਦੋਂ ਜੱਥਾ ਨ ਰੁਕਿਆ ਤਾਂ ਗੋਲੀ ਚਲਾ ਦਿੱਤੀ ਗਈ, ਜਿਸ ਕਾਰਨ ਲੱਗਭਗ ਸੌ ਸਿੱਖ ਸ਼ਹੀਦ ਹੋ ਗਏ, ਪਰ ਫਿਰ ਵੀ ਮੋਰਚਾ ਜਾਰੀ ਰਿਹਾ।

ਨਤੀਜੇ ਵੱਜੋਂ ਸਰਕਾਰ ਨੂੰ ਝੁਕਣਾ ਪਿਆ ਅਤੇ 7 ਜੁਲਾਈ, 1925 ਨੂੰ ਗੁਰਦੁਆਰਾ ਐਕਟ ਪਾਸ ਹੋਇਆ।