ਮਃ ੫ ॥
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਗਉੜੀ ਰਾਗ ਅੰਗ ੩੧੮ (318)
ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ – ਜੋ ਮਨੁੱਖ ਸੋਹਣੇ-ਸੋਹਣੇ ਬਾਰੀਕ ਕੱਪੜੇ ਪਾ ਕੇ ਬੜੀ ਆਕੜ ਤੇ ਹੰਕਾਰ ਨਾਲ ਵਿਚਰਦੇ ਹਨ ਉਹ ਮੂਰਖ-ਗਵਾਰ ਜਿਹੇ ਹੀ ਹਨ। ਕਿਉਂਕਿ ਜਦ ਮਰਨ ਪਿੱਛੋਂ ਇਹ ਕੱਪੜੇ ਕਿਸੇ ਦੇ ਨਾਲ ਨਹੀਂ ਜਾਂਦੇ, ਏਥੇ ਹੀ ਸੜ ਕੇ ਸੁਆਹ ਹੀ ਹੋ ਜਾਂਦੇ ਹਨ ਤਾਂ ਇਹਨਾਂ ਦਾ ਮਾਣ ਕਿਉਂ ਕਰਨਾ ।
ਅਰਥਾਤ ਸੱਭ ਸੰਸਾਰਿਕ ਵਸਤਾਂ ਤੇ ਪ੍ਰਾਪਤੀਆਂ ਕੇਵਲ ਸਾਡੇ ਜੀਉਂਦੇ ਦੇ ਹੀ ਸਾਥੀ ਹਨ, ਕੁੱਝ ਵੀ ਸਦੀਵੀ ਨਹੀਂ ਹੈ ।
25 ਅਕਤੂਬਰ, 1922 : ਰਸਾਲਦਾਰ ਅਨੂਪ ਸਿੰਘ ਦੀ ਜਥੇਦਾਰੀ ਹੇਠ ਸੌ ਫੌਜੀ ਸਿੱਖ ਪੈਨਸ਼ਨਰਾਂ ਦਾ ਜੱਥਾ ਗੁਰੂ ਕਾ ਬਾਗ ਮੋਰਚੇ ਪਹੁੰਚਿਆ
ਗੁਰਦੁਆਰਾ ਗੁਰੂ ਕਾ ਬਾਗ ਦੇ ਮਹੰਤ ਸੁੰਦਰ ਦਾਸ ਬਹੁਤ ਹੀ ਘਟੀਆ ਆਚਰਣ ਵਾਲਾ ਸੀ ਪਰ ਉਸਨੂੰ ਅੰਗਰੇਜ਼ ਸਰਕਾਰ ਦੀ ਪੂਰੀ ਸ਼ਹਿ ਮਿਲਦੀ ਸੀ। 8 ਅਗਸਤ, 1922 ਨੂੰ ਗੁਰੂਘਰ ਦੇ ਲੰਗਰ ਲਈ ਖੇਤਾਂ ‘ਚੋਂ ਬਾਲਣ ਲਈ ਲੱਕੜਾਂ ਕੱਟਣ ਗਏ ਸਿੰਘਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਕਰਕੇ ਛੇ-ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਮਸਲੇ ‘ਤੇ ‘ਗੁਰੂ ਕਾ ਬਾਗ ਮੋਰਚਾ’ ਆਰੰਭ ਹੋ ਗਿਆ। ਰੋਜ਼ਾਨਾ ਹੀ ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ।
25 ਅਕਤੂਬਰ, 1922 ਨੂੰ ਰਸਾਲਦਾਰ ਅਨੂਪ ਸਿੰਘ ਜੀ ਜਥੇਦਾਰੀ ਹੇਠ ਸੌ ਫੌਜੀ ਸਿੱਖ ਪੈਨਸ਼ਨਰਾਂ ਦਾ ਜੱਥਾ ਗਿਆ। ਦੂਰ ਦੂਰ ਤੋਂ ਹਿੰਦੂ-ਮੁਸਲਮਾਨ ਸਿਰੜੀ ਸਿੰਘਾਂ ਦੇ ਇਸ ਮੋਰਚੇ ਨੂੰ ਵੇਖਣ ਲਈ ਆਉਂਦੇ ਤੇ ਸਰਕਾਰ ਨੂੰ ਫਿਟਕਾਰਾਂ ਪਾਉਂਦੇ ਜਾਂਦੇ ਸਨ।
ਗ੍ਰਿਫ਼ਤਾਰ ਹੋਣ ਵਾਲੇ ਸਿੰਘਾਂ ਨੂੰ ਸਰਕਾਰ ਭੁੱਖਣ-ਭਾਣੇ ਲਿਜਾ ਕੇ ਦੂਰ ਦੂਰ ਦੇ ਜੇਲ੍ਹ ਖਾਨਿਆਂ ਵਿੱਚ ਸੁੱਟਦੀ ਰਹੀ। ਇਸੇ ਤਰ੍ਹਾਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ ਜੋ ਕਿ 17 ਨਵੰਬਰ, 1922 ਤਕ ਚੱਲਿਆ। ਅੰਤ ਮੋਰਚਾ ਫ਼ਤਿਹ ਹੋਇਆ। ਇਸ ਮੋਰਚੇ ਦੌਰਾਨ 839 ਸਿੰਘ ਜ਼ਖਮੀ ਅਤੇ 5605 ਸਿੰਘ ਗ੍ਰਿਫ਼ਤਾਰ ਹੋਏ ਜਿਨ੍ਹਾਂ ਵਿਚ 200 ਫੌਜੀ ਪੈਨਸ਼ਨੀਏ ਵੀ ਸਨ। ਇਸ ਮੋਰਚੇ ਨਾਲ ਗੁਰਦੁਆਰਾ ਸੁਧਾਰ ਲਹਿਰ ਨੂੰ ਬੜਾ ਬਲ ਮਿਲਿਆ।