ਸੂਹੀ ਮਹਲਾ ੫ ॥
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥
ਆਪੇ ਥੰਮੈ ਸਚਾ ਸੋਈ ॥੧॥
ਹਰਿ ਹਰਿ ਨਾਮੁ ਮੇਰਾ ਆਧਾਰੁ ॥
ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥
ਸਭ ਰੋਗ ਮਿਟਾਵੇ ਨਵਾ ਨਿਰੋਆ ॥
ਨਾਨਕ ਰਖਾ ਆਪੇ ਹੋਆ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਸੂਹੀ ਅੰਗ ੭੪੪ (744)
ਜੋ ਸਦਾ ਕਾਇਮ ਰਹਿਣ ਵਾਲਾ ਮਾਲਕ ਆਪ ਹੀ ਹਰੇਕ ਜੀਵ ਨੂੰ ਸਹਾਰਾ ਦੇਂਦਾ ਹੈ । ਉਸ ਤੋਂ ਬਿਨਾ ਹੋਰ ਕੋਈ ਨਹੀਂ ਜੋ ਵਿਕਾਰਾਂ ਅਤੇ ਰੋਗਾਂ ਤੋਂ ਬਚਣ ਲਈ ਸਹਾਰਾ ਦੇ ਸਕੇ ।
ਉਸ ਮਾਲਕ ਦਾ ਨਾਮ ਹੀ ਮੇਰਾ ਆਸਰਾ ਹੈ, ਜੇਹੜਾ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ, ਜਿਸ ਦੀ ਹਸਤੀ ਦਾ ਪਾਰਲਾ ਬੰਨਾ ਕੋਈ ਨਹੀਂ ਲੱਭ ਸਕਦਾ ।
ਉਹ ਮਾਲਕ ਉਸ ਦੇ ਸਾਰੇ ਰੋਗ ਮਿਟਾ ਦੇਂਦਾ ਹੈ, ਉਸ ਨੂੰ ਨਵਾਂ ਨਿਰੋਆ ਕਰ ਦੇਂਦਾ ਹੈ, ਜਿਸ ਕਿਸੇ ਦਾ ਰਾਖਾ ਮਾਲਕ ਆਪ ਬਣ ਜਾਂਦਾ ਹੈ ।
25 ਮਈ, 1606 : ਜਹਾਂਗੀਰ ਦਾ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਹੂਕਮ
ਜਹਾਂਗੀਰ ਵੱਲੋਂ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਲੈਕੇ ਅਹਦੀਆ 25 ਮਈ, 1606 ਨੂੰ ਗੋਇੰਦਵਾਲ ਸਾਹਿਬ ਪੁਜਾ ।
25 ਮਈ, 1675 – ਭਾਈ ਕਿਰਪਾ ਰਾਮ, ਕਸ਼ਮੀਰੀ ਬ੍ਰਾਹਮਣਾ ਨਾਲ ਗੁਰੂ ਤੇਗਬਹਾਦਰ ਜੀ ਕੋਲ ਅਨੰਦਪੁਰ ਪੁੱਜੇ
ਕਸ਼ਮੀਰੀ ਬ੍ਰਾਹਮਣਾ ਨੂੰ ਨਾਲ ਲੈ ਕੇ, 25 ਮਈ, 1675 ਵਾਲੇ ਦਿਨ ਭਾਈ ਕਿਰਪਾ ਰਾਮ, ਗੁਰੂ ਤੇਗਬਹਾਦਰ ਜੀ ਕੋਲ ਆਨੰਦਪੁਰ ਸਾਹਿਬ ਪੁੱਜੇ ।
ਉਹਨਾਂ ਨੇ ਗੁਰੂ ਤੇਗਬਹਾਦਰ ਜੀ ਅਗੇ ਫਰਿਆਦ ਕੀਤੀ ਕਿ ਮੁਗਲ ਹਕੂਮਤ ਆਮ ਪ੍ਰਜਾ ਉਤੇ ਕਿਤਨਾਂ ਜ਼ੁਲਮ ਕਰ ਰਹੀ ਹੈ ਅਤੇ ਜਬਰਨ ਇਸਲਾਮ ਮਜ਼ਹਬ ਕਬੂਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ ।
25 ਮਈ, 1739 : ਲੁਟੇਰੇ ਨਾਦਰਸ਼ਾਹ ਨੂੰ ਸਿੱਖਾਂ ਨੇ ਘੇਰ ਕੇ ਲੁੱਟ ਦਾ ਮਾਲ ਖੋਹਿਆ, ਬੰਦੀ ਰਿਹਾਅ ਕਰਵਾਏ
ਲੁੱਟ ਦਾ ਮਾਲ ਲੈਕੇ ਜਾ ਰਹੇ ਨਾਦਰ ਸ਼ਾਹ ਨੂੰ ਸਿੱਖਾਂ ਨੇ 25 ਮਈ, 1739 ਨੂੰ ਘੇਰ ਕੇ ਬਹੁਤ ਸਾਰਾ ਮਾਲ-ਅਸਬਾਬ ਖੋਹ ਲਿਆ। ਇਸ ਲੁੱਟ ਕੇ ਸਮਾਨ ਵਿੱਚ 70 ਕਰੋੜ ਦਾ ਸੋਨਾ, 20 ਕਰੋੜ ਨਗਦ, ਹਜਾਰ ਹਾਥੀ ਘੋੜੇ ਸਨ।
ਕੇਵਲ ਇਤਨਾਂ ਹੀ ਨਹੀਂ ਨਾਦਰਸ਼ਾਹ ਦੇ ਕੋਲੋਂ ਬੰਦੀ ਰਿਹਾਅ ਕੀਤੇ, ਜਿਨ੍ਹਾਂ ਵਿੱਚ 10,000 ਹਜ਼ਾਰ ਤੋਂ ਵੱਧ ਬੱਚੇ ਤੇ ਔਰਤਾਂ ਵੀ ਸਨ । ਇਹਨਾਂ ਸਾਰੇ ਬੰਦੀਆਂ ਨੂੰ ਸਿੱਖਾਂ ਨੇ ਬਾਇਜ਼ਤ ਆਪਣੇ ਆਪਣੇ ਘਰੋਂ-ਘਰੀਂ ਪਹੁੰਚਾਇਆ ।