ਮਃ ੫ ॥
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥ਮਹਲਾ ੫ – ਗੁਰੂ ਅਰਜਨ ਸਾਹਿਬ ਜੀ
ਗਉੜੀ ਰਾਗ ਅੰਗ ੩੧੮ (318)
ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਹਨ ਕਿ – ਜੋ ਮਨੁੱਖ ਸੋਹਣੇ-ਸੋਹਣੇ ਬਾਰੀਕ ਤੇ ਮਹਿੰਗੇ ਕੱਪੜੇ ਪਾ ਕੇ ਬੜੀ ਆਕੜ ਤੇ ਹੰਕਾਰ ਨਾਲ ਵਿਚਰਦੇ ਹਨ ਉਹ ਮੂਰਖ-ਗਵਾਰ ਜਿਹੇ ਹੀ ਹਨ । ਕਿਉਂਕਿ ਜਦ ਮਰਨ ਪਿੱਛੋਂ ਇਹ ਕੱਪੜੇ ਕਿਸੇ ਦੇ ਨਾਲ ਨਹੀਂ ਜਾਂਦੇ, ਏਥੇ ਹੀ ਸੜ ਕੇ ਸੁਆਹ ਹੀ ਹੋ ਜਾਂਦੇ ਹਨ ਤਾਂ ਇਹਨਾਂ ਦਾ ਮਾਣ ਕਿਉਂ ਕਰਨਾ ।
ਅਰਥਾਤ ਸੱਭ ਸੰਸਾਰਿਕ ਵਸਤਾਂ ਤੇ ਪ੍ਰਾਪਤੀਆਂ ਕੇਵਲ ਸਾਡੇ ਜੀਉਂਦੇ ਦੇ ਹੀ ਸਾਥੀ ਹਨ, ਕੁੱਝ ਵੀ ਸਦੀਵੀ ਨਹੀਂ ਹੈ ।
25 ਮਾਰਚ, 1746 : ਚਰਖੜੀਆਂ‘ਤੇ ਚਾੜ ਕੇ ਸ਼ਹੀਦੀ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ
ਭਾਈ ਸੁਬੇਗ ਸਿੰਘ ਪਿੰਡ ਜੰਬਰ ਜਿ਼ਲਾ ਲਾਹੌਰ ਦੇ ਰਹਿਣ ਵਾਲੇ ਸਨ । ਉਹ ਬਹੁਤ ਪੜ੍ਹੇ-ਲਿਖੇ ਵਿਦਵਾਨ ਸਨ । ਭਾਈ ਸੁਬੇਗ ਸਿੰਘ ਸੂਬੇਦਾਰ ਜ਼ਕਰੀਆ ਖਾਂ ਕੋਲ ਨੌਕਰੀ ਕਰਦੇ ਸਨ ਅਤੇ ਨਾਲ-ਨਾਲ ਠੇਕੇਦਾਰੀ ਵੀ ਕਰਦੇ ਸਨ ।
ਜਨਵਰੀ, 1746 ਨੂੰ ਯਹੀਆ ਖਾਂ ਲਾਹੌਰ ਦਾ ਸੂਬੇਦਾਰ ਬਣਿਆ । ਉਸ ਸਮੇਂ ਭਾਈ ਸੁਬੇਗ ਸਿੰਘ ਉਤੇ ਸਰਕਾਰੀ ਭੇਦ ਸਿੰਘਾਂ ਨੂੰ ਪਹੁੰਚਾਉਣ ਦਾ ਇਲਜ਼ਾਮ ਲਾ ਦਿੱਤਾ ਗਿਆ । ਇਸ ਮਾਮਲੇ ਵਿਚ ਉਨ੍ਹਾਂ ਦੇ 18 ਸਾਲ ਦੇ ਜਵਾਨ ਪੁੱਤਰ ਸ਼ਾਹਬਾਜ਼ ਸਿੰਘ ਨੂੰ ਵੀ ਲਪੇਟ ਵਿੱਚ ਲੈ ਲਿਆ ਗਿਆ ਅਤੇ ਉਨ੍ਹਾਂ ਨੂੰ ਫੜ ਕੇ ਲਾਹੌਰ ਜੇਲ ਵਿੱਚ ਬੰਦ ਕਰ ਦਿੱਤਾ ਗਿਆ ।
ਭਾਈ ਸੁਬੇਗ ਸਿੰਘ ਤੇ ਉਹਨਾਂ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਨੂੰ ਇਸਲਾਮ ਕਬੂਲ ਕਰਨ ਲਈ ਵਾਰ-ਵਾਰ ਕਿਹਾ ਗਿਆ ਪਰ ਉਨ੍ਹਾਂ ਨੇ ਇਸਲਾਮ ਕਬੂਲ ਕਰਨ ਤੋ ਇਨਕਾਰ ਦਿੱਤਾ ਅਤੇ 25 ਮਾਰਚ, 1746 ਨੂੰ ਦੋਨਾਂ ਨੂੰ ਚਰਖੜੀਆਂ ‘ਤੇ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ ।
.