ਮਃ ੫ ॥

ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥

 ਮਹਲਾ ੫ – ਗੁਰੂ ਅਰਜਨ ਸਾਹਿਬ ਜੀ
 ਗਉੜੀ ਰਾਗ  ਅੰਗ ੩੧੮

ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਹਨ ਕਿ – ਮੂਰਖ ਮਨੁੱਖ ਸੋਹਣੇ ਸੋਹਣੇ ਬਾਰੀਕ ਕੱਪੜੇ ਬੜੀ ਆਕੜ ਨਾਲ ਪਹਿਨਦੇ ਹਨ । ਪਰ ਮਰਨ ਪਿੱਛੋਂ ਤਾਂ ਇਹ ਕੱਪੜੇ ਜੀਵ ਦੇ ਨਾਲ ਨਹੀਂ ਜਾਂਦੇ, ਏਥੇ ਹੀ ਸੜ ਕੇ ਸੁਆਹ ਹੋ ਜਾਂਦੇ ਹਨ !



25 ਮਾਰਚ 1746:- ਸ਼ਹੀਦੀ ਦਿਵਸ ਭਾਈ ਸੁਬੇਗ ਸਿੰਘ , ਸ਼ਾਹਬਾਜ ਸਿੰਘ 

25 ਮਾਰਚ 1746 ਨੂੰ ਪਿਉ-ਪੁੱਤਰ ਨੇ ਮੌਤ ਨੂੰ ਸਾਹਮਣੇ ਦੇਖ ਕੇ ਵੀ ਗੁਰੂ ਦਾ ਪੱਲਾ ਨਹੀਂ ਛੱਡਿਆ। ਭਾਈ ਸੁਬੇਗ ਸਿੰਘ ਜੀ ਦਾ ਜਨਮ ਪਿੰਡ ਜੰਬਰ (ਲਾਹੌਰ) ਵਿਖੇ ਹੋਇਆ ਸੀ; ਉਹ ਅਰਬੀ ਅਤੇ ਫ਼ਾਰਸੀ ਦੇ ਬਹੁਤ ਵੱਡੇ ਵਿਦਵਾਨ ਸਨ ਅਤੇ ਮੁਗ਼ਲ ਸਰਕਾਰ ਵਿੱਚ ਇੱਕ ਉੱਚੇ ਅਹੁਦੇ ‘ਤੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦਾ ਇਕਲੌਤਾ ਹੋਣਹਾਰ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਜੀ ਸ਼ਾਮਲ ਸਨ, ਜੋ ਉਸ ਸਮੇਂ ਕੇਵਲ ੧੮ ਸਾਲ ਦੇ ਸਨ ਅਤੇ ਇੱਕ ਮਦਰੱਸੇ ਵਿੱਚ ਪੜ੍ਹਦੇ ਸਨ।

ਇਸ ਸ਼ਹਾਦਤ ਦਾ ਮੁੱਖ ਕਾਰਨ ਮੁਗ਼ਲ ਹਕੂਮਤ ਦੀ ਸਿੱਖਾਂ ਪ੍ਰਤੀ ਵਧ ਰਹੀ ਨਫ਼ਰਤ ਅਤੇ ਇਸਲਾਮ ਕਬੂਲ ਕਰਵਾਉਣ ਦੀ ਜ਼ਿੱਦ ਸੀ। ਲਾਹੌਰ ਦੇ ਗਵਰਨਰ ਯਾਹੀਆ ਖ਼ਾਨ ਨੇ ਭਾਈ ਸੁਬੇਗ ਸਿੰਘ ‘ਤੇ ਸਿੱਖਾਂ ਦੀ ਮਦਦ ਕਰਨ ਦਾ ਝੂਠਾ ਦੋਸ਼ ਲਾਇਆ ਅਤੇ ਉਨ੍ਹਾਂ ਦੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ। ਜਦੋਂ ਦੋਵਾਂ ਨੇ ਧਰਮ ਪਰਿਵਰਤਨ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਤਾਂ ਕਾਜ਼ੀ ਨੇ ਉਨ੍ਹਾਂ ਨੂੰ ਚਰਖੜੀਆਂ ‘ਤੇ ਚੜ੍ਹਾ ਕੇ ਸ਼ਹੀਦ ਕਰਨ ਦਾ ਫ਼ਤਵਾ ਦਿੱਤਾ। ੨੫ ਮਾਰਚ ਨੂੰ ਦੋਵਾਂ ਨੂੰ ਚਰਖੜੀਆਂ ‘ਤੇ ਬੰਨ੍ਹ ਕੇ ਘੁਮਾਇਆ ਗਿਆ, ਜਿਸ ਨਾਲ ਉਨ੍ਹਾਂ ਦੇ ਸਰੀਰ ਦੇ ਟੁਕੜੇ-ਟੁਕੜੇ ਹੋ ਗਏ, ਪਰ ਉਨ੍ਹਾਂ ਦੇ ਮੂੰਹੋਂ ‘ਵਾਹਿਗੁਰੂ’ ਦਾ ਜਾਪ ਨਹੀਂ ਰੁਕਿਆ।

ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਧਰਮ ਅਤੇ ਸਿਦਕ ਦੀ ਕੀਮਤ ਜਾਨ ਤੋਂ ਵੀ ਉੱਪਰ ਹੁੰਦੀ ਹੈ। ਉਨ੍ਹਾਂ ਦੀ ਕੁਰਬਾਨੀ ਨੇ ਸਿੱਖ ਕੌਮ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ ਅਤੇ ਅੱਜ ਵੀ ਅਰਦਾਸ ਵਿੱਚ ‘ਚਰਖੜੀਆਂ ਤੇ ਚੜ੍ਹਨ ਵਾਲੇ’ ਸੂਰਮਿਆਂ ਵਜੋਂ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਲਾਹੌਰ ਦਾ ਨਿਖ਼ਾਸ ਚੌਂਕ (ਜੋ ਹੁਣ ਪਾਕਿਸਤਾਨ ਵਿੱਚ ਹੈ) ਅੱਜ ਵੀ ਉਨ੍ਹਾਂ ਦੇ ਇਸ ਲਾਸਾਨੀ ਸਿਦਕ ਦੀ ਗਵਾਹੀ ਭਰਦਾ ਹੈ।