ਸਲੋਕ ਕਬੀਰ ॥

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥

 ਭਗਤ ਕਬੀਰ ਜੀ
 ਰਾਗ ਮਾਰੂ  ਅੰਗ ੧੧੦੫ (1105)

ਜੋ ਮਨੁੱਖ ਇਸ ਜਗਤ-ਰੂਪੀ ਰਣ-ਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਤਾ ਹੈ, ਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ-ਜੀਵਨ ਹੀ ਮੌਕਾ ਹੈ ਜਦੋਂ ਇਹਨਾਂ ਨਾਲ ਲੜਿਆ ਜਾ ਸਕਦਾ ਹੈ, ਉਹ ਹੀ ਹੈ ਅਸਲ ਸੂਰਮਾ ।

ਉਸ ਦੇ ਦਸਮ-ਦੁਆਰ ਵਿਚ ਧੌਂਸਾ ਵੱਜਦਾ ਹੈ, ਉਸ ਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ, ਭਾਵ, ਉਸ ਦਾ ਮਨ ਗੁਰੂ-ਚਰਨਾਂ ਵਿਚ ਉੱਚੀਆਂ ਉਡਾਰੀਆਂ ਲਾਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਪਹੁੰਚ ਹੀ ਨਹੀਂ ਹੋ ਸਕਦੀ, ਉਸ ਦੇ ਹਿਰਦੇ ਵਿਚ ਗੁਰੂ-ਚਰਨਾਂ ਵਿਚ ਜੁੜੇ ਰਹਿਣ ਦੀ ਖਿੱਚ ਪੈਂਦੀ ਹੈ ।

ਹਾਂ! ਇਕ ਹੋਰ ਭੀ ਸੂਰਮਾ ਹੈ, ਉਸ ਮਨੁੱਖ ਨੂੰ ਭੀ ਸੂਰਮਾ ਹੀ ਸਮਝਣਾ ਚਾਹੀਦਾ ਹੈ ਜੋ ਗ਼ਰੀਬਾਂ ਦੀ ਖ਼ਾਤਰ ਲੜਦਾ ਹੈ, ਅਤੇ ਗ਼ਰੀਬਾਂ ਵਾਸਤੇ ਲੜਦਾ-ਲੜਦਾ ਆਪ ਟੋਟੇ-ਟੋਟੇ ਹੋ ਕੇ ਸ਼ਹੀਦ ਜ਼ਰੂਰ ਹੋ ਜਾਂਦਾ ਹੈ, ਪਰ ਜੰਗ ਦਾ ਮੈਦਾਨ ਕਦੇ ਨਹੀਂ ਛੱਡਦਾ । ਕਦੇ ਪਿਛਾਂਹ ਪੈਰ ਨਹੀਂ ਹਟਾਂਦਾ, ਆਪਣੀ ਜਿੰਦ ਬਚਾਣ ਦੀ ਖ਼ਾਤਰ ਕਦੇ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ ।


25 ਜੂਨ, 1716 : ਸ਼ਹੀਦੀ ਬਾਬਾ ਬੰਦਾ ਸਿੰਘ

ਉਝ ਤਾਂ ਸਾਰਾ ਇਤਿਹਾਸ ਹੀ ਬਹਾਦਰੀ ਦੀ ਦਾਸਤਾਨ ਨਾਲ ਭਰਿਆ ਪਿਆ ਹੈ ਪਰ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਹੀ ਨਹੀਂ ਸਗੋਂ ਸੰਸਾਰ ਦੇ ਸਮੁੱਚੇ ਇਤਿਹਾਸ ਵਿਚ ਹੀ ਲੂੰ-ਕੰਡੇ ਖੜੇ ਕਰਨ ਵਾਲੀ ਹੈ।

ਜਦੋਂ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਦੇ ਅੱਠ ਮਹੀਨੇ ਦੇ ਘੇਰੇ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 800 ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸਨੂੰ ਪਿੰਜਰੇ ਵਿਚ ਬੰਦ ਕਰਕੇ ਦਿੱਲੀ ਲਿਜਾਇਆ ਗਿਆ। 15 ਮਾਰਚ, 1716 ਨੂੰ ਸਿੱਖ ਕੈਦੀਆ ਦਾ ਕਤਲੇਆਮ ਸ਼ੁਰੂ ਹੋਇਆ ਤਕਰੀਬਨ 100 ਸਿੱਖ ਨੂੰ ਰੋਜ ਕਤਲ ਕੀਤਾ ਜਾਂਦਾ ਰਿਹਾ।

ਹਰ ਸਿਖ ਨੂੰ ਕਤਲ ਕਰਨ ਲਈ ਕੋਤਵਾਲੀ ਦੇ ਚਬੂਤਰੇ ਵਿਚ ਲਿਆਣ ਤੋਂ ਪਹਿਲੇ ਪੇਸ਼ਕਸ ਕੀਤੀ ਜਾਂਦੀ, ਜਾਨ ਬਖਸ਼ੀ, ਦੋਲਤ ਤੇ ਅਹੁਦਿਆਂ ਦੀ, ਪਰ ਇਕ ਸਿਖ ਵੀ ਲਾਲਚ ਵਿਚ ਨਹੀ ਆਇਆ।

25 ਜੂਨ, 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ ਮੁਖੀਆਂ ਦੀ ਵਾਰੀ ਆਈ। ਇਨਾਂ ਨੂੰ ਦਿੱਲੀ ਦੇ ਮਹਿਰੋਲੀ ਵਿਚ ਕੁਤੁਬ ਮੀਨਾਰ ਦੇ ਨੇੜੇ, ਕੁਤਬੂਦੀਨ ਬਖਤੀਆਰ ਕਾਕੀ ਦੀ ਦਰਗਾਹ ਵਿਚ ਲਿਆਂਦਾ ਗਿਆ। ਕਤਲ ਕਰਨ ਤੋ ਪਹਿਲਾਂ ਇਕ ਵਾਰੀ ਫਿਰ ਦੀਨ-ਏ-ਇਸਲਾਮ ਕਬੂਲ ਕਰਨ ਦੀ ਸ਼ਰਤ ਰਖੀ ਪਰ ਇਹ ਖਾਹਿਸ਼ ਉਨਾਂ ਦੀ ਦਿਲ ਵਿਚ ਹੀ ਰਹਿ ਗਈ। ਪਹਿਲਾਂ ਬਾਬਾ ਬਿਨੋਦ ਸਿੰਘ, ਬਾਬਾ ਬਾਜ ਸਿੰਘ, ਬਾਬਾ ਫਤਹਿ ਤੇ ਬਾਬਾ ਆਲੀ ਸਿੰਘ ਨੂੰ ਸ਼ਹੀਦ ਕੀਤਾ। ਫਿਰ ਬਾਬਾ ਬੰਦਾ ਸਿੰਘ ਦੇ ਮਾਸੂਮ ਪੁਤਰ ਅਜੈ ਸਿੰਘ ਨੂੰ ਉਸਦੀ ਝੋਲੀ ਵਿਚ ਪਾਕੇ ਸ਼ਹੀਦ ਕਰਨ ਦਾ ਹੁਕਮ ਕੀਤਾ ਗਿਆ।

ਬਾਬਾ ਅਜੈ ਸਿੰਘ ਨੂੰ ਨੇਜੇ ਉਪਰੋਂ ਉਛਾਲ ਕੇ ਦੋ ਟੋਟੇ ਕਰਕੇ, ਉਸ ਮਾਸੂਮ ਦਾ ਧੜਕਦਾ ਕਲੇਜਾ ਕਢ ਕੇ ਬੰਦਾ ਸਿੰਘ ਦੇ ਮੂੰਹ ਵਿਚ ਤੁੰਨਿਆ ਗਿਆ। ਉਸਦੇ ਜਿਸਮ ਦਾ ਖੂਨ ਬੰਦੇ ਸਿੰਘ ਦੇ ਮੂੰਹ ਤੇ ਮਲਿਆ ਗਿਆ।

ਬੰਦਾ ਸਿੰਘ ਨੇ ਕਿਹਾ, “ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਮਾਸੂਮਾਂ ਤੇ ਮਜਲੂਮਾਂ ਤੇ ਵਾਰ ਨਹੀ ਕਰਨਾ, ਅਗਰ ਮੇਰੇ ਪੁਤਰ ਦੀ ਜਗਹ ਤੇਰਾ ਪੁਤਰ ਵੀ ਮੇਰੀ ਝੋਲੀ ਵਿਚ ਹੁੰਦਾ ਤਾਂ ਉਸਦਾ ਵੀ ਮੈਂ ਕਤਲ ਨਾਂਹ ਹੋਣ ਦਿੰਦਾ।”

ਅਖੀਰ ਬਾਬਾ ਬੰਦਾ ਸਿੰਘ ਦੀਆਂ ਅਖਾਂ ਕਢੀਆਂ ਗਈਆਂ, ਫਿਰ ਲਤਾਂ ਤੇ ਬਾਹਾਂ ਵਡੀਆਂ, ਸਰੀਰ ਦਾ ਮਾਸ ਤਪਦੇ ਨਾਸੂਰਾਂ ਨਾਲ ਨੋਚਿਆ।

ਸ਼ਾਮ ਨੂੰ ਸ਼ਹੀਦ ਕੀਤੇ ਸਾਰੇ ਸਿੰਘਾਂ ਦਾ ਮਾਸ ਕੂੜਿਆਂ ਦੇ ਢੇਰ ਵਿਚ ਸੁਟ ਦਿਤਾ। ਕਟੇ ਸਿਰਾਂ ਵਿਚ ਭੂਸਾ ਭਰ ਕੇ ਦਰਖਤਾਂ ਤੇ ਲਟਕਾ ਦਿਤੇ ਜਾਂ ਦਰਵਾਜਿਆਂ ਤੇ ਟੰਗ ਦਿਤੇ। ਇਤਨੀ ਦਹਸ਼ਤ ਫੈਲਾਈ ਕੀ ਮੁੜ ਕੇ ਕੋਈ ਹਕੂਮਤ ਦੀ ਹੁਕਮ-ਅਦੂਲੀ ਨਾ ਕਰ ਸਕੇ।

ਪ੍ਰਸਿੱਧ ਇਤਿਹਾਸਕਾਰ ਪ੍ਰੋ: ਹਰੀ-ਰਾਮ ਗੁਪਤਾ ਲਿਖਦੇ ਹਨ :

“ਦੁਨੀਆਂ ਦੇ ਇਤਿਹਾਸ ਵਿਚ ਬੰਦਾ ਸਿੰਘ ਬਹਾਦਰ ਦਾ ਸਥਾਨ ਸਿਕੰਦਰ, ਨੇਪੋਲੀਅਨ ਅਤੇ ਚਰਚਿਲ ਨਾਲੋਂ ਕਿਤੇ ਵੀ ਘੱਟ ਨਹੀ ਬਲਕਿ ਬਹੁਤ ਅੱਗੇ ਹੈ। ਕਿਉਂਕਿ ਉਨ੍ਹਾਂ ਲੀਡਰਾਂ ਕੋਲ ਆਪਣੇ ਮੁਲਕ ਦੀ ਪੂਰੀ ਜਨ-ਸ਼ਕਤੀ, ਧੰਨ-ਸ਼ਕਤੀ ਤੇ ਰਾਜ-ਸ਼ਕਤੀ ਸੀ। ਫੋਜਾਂ ਜੰਗਜੂ ਤੇ ਯੁੱਧ ਵਿਦਿਆ ਵਿਚ ਪੂਰੀ ਤਰ੍ਹਾਂ ਨਿਪੁੰਨ ਸੀ। ਓਹ ਮੁਲਕ ਦੇ ਬਾਦਸ਼ਾਹ ਜਾਂ ਰਾਜਨੀਤਕ ਨੇਤਾ ਸਨ। ਉਨ੍ਹਾਂ ਕੋਲ ਆਧੁਨਿਕ ਹਥਿਆਰ ਸੀ ਤੇ ਪੂਰਾ ਦੇਸ਼ ਉਨ੍ਹਾਂ ਦੇ ਨਾਲ ਸੀ। ਪਰ ਜਰਨੈਲ ਬੰਦਾ ਸਿੰਘ ਬਹਾਦਰ ਕੋਲ ਸਿਰਫ਼ ਹਿੰਮਤ, ਦਲੇਰੀ, ਮਕਸਦ ਤੇ ਆਪਣੇ ਗੁਰੂ ਗੋਬਿੰਦ ਸਿੰਘ ਦਾ ਅਸ਼ੀਰਵਾਦ ਸੀ, ਜਿਸ ਨਾਲ 18’ਵੀਂ ਸਦੀ ਦੇ ਮੁਢਲੇ ਦੌਰ ਦੇ ਇਸ ਮਹਾਨ ਸੂਰਬੀਰ ਯੋਧੇ ਨੇ, 700 ਸਾਲ ਦੀ ਗੁਲਾਮੀ ਮਗਰੋਂ ਪਹਿਲੀ ਵਾਰੀ ਆਜ਼ਾਦੀ ਦਾ ਦੀਵਾ ਬਾਲ੍ਹ ਕੇ, ਇਤਿਹਾਸ ਨੂੰ ਰੋਸ਼ਨ ਕੀਤਾ।”


25 ਜੂਨ, 1889 : ਮਹਾਰਾਜਾ ਦਲੀਪ ਸਿੰਘ ਨੇ ਬਗਾਵਤ ਲਈ ਫੁਰਮਾਨ ਭੇਜਿਆ

ਮਹਾਰਾਜਾ ਦਲੀਪ ਸਿੰਘ ਨੇ 25 ਜੂਨ, 1889 ਨੂੰ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਲਈ ਦੇਸ਼-ਵਾਸੀਆਂ ਨੂੰ ਫੁਰਮਾਨ ਭੇਜਿਆ।