ਸਲੋਕ ਮਃ ੧ ॥
ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥
ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥ਮਹਲਾ ੧ – ਗੁਰੂ ਨਾਨਕ ਦੇਵ ਜੀ
ਰਾਗ ਮਲ੍ਹਾਰ ਅੰਗ ੧੨੯੧ (1291)
ਉਹ ਕਾਗ਼ਜ ਤੇ ਕਲਮ ਧੰਨ ਹੈ, ਮੁਬਾਰਿਕ ਹੈ, ਉਹ ਦਵਾਤ ਤੇ ਸਿਆਹੀ ਵੀ ਧੰਨ ਹੈ, ਮੁਬਾਰਿਕ ਹੈ। ਉਹ ਲਿਖਣ ਵਾਲਾ ਵੀ ਧੰਨ ਹੈ, ਮੁਬਾਰਿਕ ਹੈ ਜਿਸਨੇ ਸਤਿਗੁਰੂ ਦਾ ਸੱਚਾ ਨਾਮ ਲਿਖਾਇਆ ਹੈ, ਸਤਿਗੁਰੂ ਦੀ ਸਿਫ਼ਤਿ-ਸਾਲਾਹ ਲਿਖੀ ਹੈ ।
25 ਅਗਸਤ, 1636 : ਭਾਈ ਗੁਰਦਾਸ ਜੀ ਦਾ ਅਕਾਲ ਚਲਾਣਾ
ਭਾਈ ਗੁਰਦਾਸ ਜੀ ਦੀ ਵਿਦਿਆ ਅਤੇ ਪਾਲਣਾ ਦਾ ਪ੍ਰਬੰਧ ਗੁਰੂ ਅਮਰਦਾਸ ਜੀ ਨੇ ਕੀਤਾ ਸੀ। ਵੈਸੇ ਭਾਈ ਗੁਰਦਾਸ ਜੀ ਦੁਨਆਵੀ ਰਿਸ਼ਤੇਦਾਰੀ ਦੇ ਲਿਹਾਜ਼ ਦੇ ਨਾਲ ਗੁਰੂ ਅਮਰਦਾਸ ਜੀ ਦੇ ਭਤੀਜੇ ਲਗਦੇ ਸਨ ਅਤੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਸਨ।
ਸਤਿਗੁਰ ਗੁਰੂ ਅਮਰਦਾਸ ਜੀ ਦੀ ਰਹਿਨੁਮਾਈ ਹੇਠ ਆਪ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾਵਾਂ ਦਾ ਗਿਆਨ ਹਾਸਲ ਕੀਤਾ। ਆਗਰਾ ਅਤੇ ਕਾਂਸ਼ੀ ਵਿਖੇ ਰਹਿ ਕੇ ਆਪ ਨੇ ਗੁਰਮਤਿ ਦਾ ਪ੍ਰਚਾਰ ਕੀਤਾ।
ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਪਾਵਨ ਬੀੜ ਦੀ ਲਿਖਾਵਾਈ ਦਾ ਮਾਣ ਭਾਈ ਗੁਰਦਾਸ ਜੀ ਨੂੰ ਦਿੱਤਾ ਸੀ।
ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ 25 ਅਗਸਤ, 1636 ਵਾਲੇ ਦਿਨ ਭਾਈ ਗੁਰਦਾਸ ਜੀ 74 ਸਾਲ ਦੀ ਉਮਰੇ ਅਕਾਲ ਚਲਾਣਾ ਕਰ ਗਏ।
25 ਅਗਸਤ, 1860 : ਜਨਮ ਬਾਬਾ ਗੁਰਦਿੱਤਾ ਜੀ, ਕਾਮਾ-ਗਾਟਾ-ਮਾਰੂ
25 ਅਗਸਤ 1860 ਵਾਲੇ ਦਿਨ ਗਦਰੀ ਬਾਬੇ, ਬਾਬਾ ਗੁਰਦਿੱਤ ਸਿੰਘ ਜੀ ਦਾ ਜਨਮ ਸਰਹਾਲੀ ਕਲਾਂ,ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਦਾਰ ਹੁਕਮ ਸਿੰਘ ਦੇ ਗ੍ਰਹਿ ਵਿਖੇ ਹੋਇਆ।
4 ਅਪ੍ਰੈਲ, 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਹੁਣਾਂ ਦੀ ਅਗਵਾਈ ਹੇਠ ਗੁਰੂ ਨਾਨਕ ਜਾਹਜ਼ (ਕਾਮਾ ਗਾਟਾ ਮਾਰੂ) ਹਾਂਗਕਾਂਗ ਤੋਂ ਕਨੈਡਾ ਦੇ ਲਈ ਰਵਾਨਾ ਹੋਇਆ ਸੀ।
25 ਅਗਸਤ, 1922 : ਗੁਰੂ ਕੇ ਬਾਗ਼ ਮੋਰਚੇ ਉਤੇ ਲਾਠੀਚਾਰਜ
25 ਅਗਸਤ, 1922 ਨੂੰ ਮੱਸਿਆ ਦੀ ਰਾਤ ਵਾਲਾ ਦਿਨ ਸੀ ਅਤੇ ‘ਗੁਰੂ ਕੇ ਬਾਗ਼’ ਦੇ ਮੋਰਚੇ ਦਾ ਇਕੱਠ ਏਨਾ ਜ਼ਿਆਦਾ ਹੋ ਗਿਆ ਕਿ ਐਡੀਸ਼ਨਲ ਸੁਪਰੀਟੈਂਡੈਂਟ ਆਫ਼ ਪੁਲਿਸ, ਐਸ. ਜੀ. ਐਮ. ਬੈੱਟੀ ਨੂੰ ਸਿੱਖ ਸੰਗਤਾਂ ਦੀ ਭੀੜ ਨੂੰ ਤਿੱਤਰ-ਬਿੱਤਰ ਕਰਨ ਦੇ ਲਈ ਲਾਠੀਚਾਰਜ ਦਾ ਹੁਕਮ ਦੇਣਾ ਪਿਆ।