ਨਟ ਮਹਲਾ ੫ ॥

ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥ ਰਹਾਉ ॥
ਮੋਹਿ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ॥
ਊਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨ ਮਾਲ ॥
ਦਰਸਨ ਪਿਆਸ ਬਹੁਤੁ ਮਨਿ ਮੇਰੈ ਨਾਨਕ ਦਰਸ ਨਿਹਾਲ ॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਰਾਗ ਨਟ-ਨਾਰਾਇਣ  ਅੰਗ ੯੮੦ (980)

ਹੇ ਸਭ ਤੋਂ ਵੱਡੇ, ਸ੍ਰਿਸ਼ਟੀ ਦੇ ਪਾਲਣਹਾਰ! ਮੈਂ ਤੈਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ । ਹੇ ਦੀਨਾਂ ਦੇ ਨਾਥ! ਹੇ ਦਇਆ ਦੇ ਘਰ, ਮੇਰੇ ਮਾਲਕ! ਮੈਂ ਗੁਣ-ਹੀਨ ਹਾਂ, ਅਤੇ ਤੂੰ ਸਭ ਦਾਤਾਂ ਦੇਣ ਵਾਲਾ ਹੈਂ ।

ਹੇ ਮੇਰੇ ਮਾਲਕ! ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਤੂੰ ਹੀ ਮੇਰੀ ਜਿੰਦ ਦਾ ਮੇਰੇ ਪ੍ਰਾਣਾਂ ਦਾ ਸਹਾਰਾ ਹੈਂ । ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ, ਸੋ ਮੈਨੂੰ ਦਰਸਨ ਦੇ ਕੇ ਨਿਹਾਲ ਕਰ ।


25 ਅਪ੍ਰੈਲ, 1809 : ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦਾ ਅਹਿਦਨਾਮਾ ਹੋਇਆ

ਮਹਾਰਾਜਾ ਰਣਜੀਤ ਸਿੰਘ ਅਤੇ ਈਸਟ ਇੰਡੀਆ ਕੰਪਨੀ (ਅੰਗਰੇਜ਼ਾਂ) ਵਿਚਕਾਰ 25 ਅਪ੍ਰੈਲ, 1809 ਵਾਲੇ ਦਿਨ ਇਕ ਅਹਿਦਨਾਮੇ/ਸਮਝੌਤੇ ਉਤੇ ਦਸਤਖ਼ਤ ਹੋਏ ਜਿਸ ਅਨੁਸਾਰ ਸਤਲੁਜ ਦਰਿਆ ਨੂੰ ਦੋਹਾਂ ਰਾਜਾਂ ਦੀ ਹੱਦ ਮਿਥ ਲਿਆ ਗਿਆ। ਸਤਲੁਜ ਦਰਿਆ ਦੇ ਪੱਛਮ ਵਿਚ ਰਣਜੀਤ ਸਿੰਘ ਅਤੇ ਪੂਰਬ ਵਿਚ ਅੰਗਰੇਜ਼ਾਂ ਦਾ ਰਾਜ ਮੰਨ ਲਿਆ ਗਿਆ।