ਸਿਰੀਰਾਗੁ ਮਹਲਾ ੧ ॥
…
ਬਾਬਾ ਹੋਰ ਮਤਿ ਹੋਰ ਹੋਰ ॥
ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥
…ਮਹਲਾ ੧ – ਗੁਰੂ ਨਾਨਕ ਦੇਵ ਜੀ
ਸਿਰੀ ਰਾਗ ਅੰਗ ੧੭ (17)
ਗੁਰਮਤਿ ਦੀ ਰਾਹ ਤੋਂ ਖੁੰਝੀ/ਭਟਕੀ ਹੋਈ ਮਤਿ ਸਾਨੂੰ ਹੋਰ-ਹੋਰ ਪਾਸੇ ਹੀ ਲੈ ਜਾਂਦੀ ਹੈ । ਗੁਰਮਤਿ ਨੂੰ ਛੱਡ ਕੇ ਜੇ ਹੋਰ ਮਨਮਤਿ ਵਾਲੇ ਕੰਮ, ਕਰਮ-ਕਾਂਡ ਆਦਿ ਸੈਂਕੜੇ ਵਾਰੀ ਵੀ ਕਰੀਏ ਤਾਂ ਵੀ ਕੁਝ ਅਰਥ ਭਰਪੂਰ ਪ੍ਰਾਪਤ ਨਹੀਂ ਹੋਵੇਗਾ, ਕਿਉਂਕਿ ਕੂੜਾ ਕਰਮ ਕਰਨ ਨਾਲ ਕੇਵਲ ਕੂੜ ਦਾ ਹੀ ਜ਼ੋਰ ਵਧਦਾ ਹੈ ।
24 ਸਤੰਬਰ, 1921 : ਦਿਹਾਂਤ – ਗਿਆਨੀ ਗਿਆਨ ਸਿੰਘ
ਗਿਆਨੀ ਗਿਆਨ ਸਿੰਘ ਸਿੱਖਾਂ ਵਿਚ ਇਕ ਲਿਖਾਰੀ ਦੇ ਤੋਰ ਤੇ ਜਾਣੇ ਜਾਂਦੇ ਹਨ। ਉਹ ਭਾਵੇਂ ਆਪ ਨਿਰਮਲੇ ਸਨ, ਪਰ ਜਦੋਂ ਉਨ੍ਹਾਂ ਨੇ ਨਾਮਧਾਰੀ, ਕੂਕਿਆਂ, ਨਿਹੰਗਾਂ, ਉਦਾਸੀਆਂ ਆਦਿ ਬਾਰੇ ਲਿਖਿਆ ਤਾਂ ਬੜੀ ਨਿਰਪੱਖਤਾ ਨਾਲ ਸਭ ਦੀ ਪ੍ਰਸ਼ੰਸਾ ਕੀਤੀ ।
ਉਨ੍ਹਾਂ ਨੇ ਅਨੇਕਾਂ ਪੁਸਤਕਾਂ ਰਚੀਆਂ ਹਨ ਪਰ ‘ਪੰਥ ਪ੍ਰਕਾਸ਼’ ਅਤੇ ‘ਤਵਾਰੀਖ ਗੁਰੂ ਖਾਲਸਾ’ ਵਧੇਰੇ ਪ੍ਰਸਿਧ ਹਨ।
ਗਿਆਨੀ ਗਿਆਨ ਸਿੰਘ ਨੇ ਸਨਾਤਨੀ ਪ੍ਰਭਾਵ ਵਾਲੀਆਂ ਕਈ ਹੋਰ ਪੁਸਤਕਾਂ ਵੀ ਲਿਖੀਆਂ ਹਨ।
99 ਸਾਲ ਦੀ ਉਮਰ ਵਿਚ, ਗਿਆਨੀ ਗਿਆਨ ਸਿੰਘ 24 ਸਤੰਬਰ, 1921 ਨੂੰ ਅਕਾਲ-ਚਲਾਣਾ ਕਰ ਗਏ ।
24 ਸਤੰਬਰ, 1924 : ਜਨਮ – ਜੱਥੇਦਾਰ ਗੁਰਚਰਨ ਸਿੰਘ ਟੌਹੜਾ
ਗੁਰਚਰਨ ਸਿੰਘ ਟੌਹੜਾ ਦਾ ਜਨਮ 24 ਸਤੰਬਰ, 1924 ਨੂੰ ਸ. ਦਲੀਪ ਸਿੰਘ ਦੇ ਘਰ ਮਾਤਾ ਬਚਿੰਤ ਕੌਰ ਦੀ ਦੁੱਖੋਂ ਪਟਿਆਲਾ ਜ਼ਿਲ੍ਹੇ ਦੇ ਟੌਹੜਾ ਪਿੰਡ ਵਿਚ ਹੋਇਆ। ਆਪ ਨੇ ਗੁਰਬਾਣੀ ਸੰਬੰਧੀ ਮੁਢਲੀ ਜਾਣਕਾਰੀ ਘਰੋਂ ਅਤੇ ਪਿੰਡ ਦੇ ਗ੍ਰੰਥੀ ਤੋਂ ਹਾਸਲ ਕੀਤੀ ਅਤੇ ਮੁਢਲੀ ਤਾਲੀਮ ਪਟਿਆਲੇ ਦੇ ਇਕ ਸਕੂਲ ਵਿਚੋਂ ਪ੍ਰਾਪਤ ਕੀਤੀ। ਆਪ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦਾ ਇਮਤਿਹਾਨ ਪਾਸ ਕੀਤਾ।
1937 ਵਿਚ ਅੰਮ੍ਰਿਤਪਾਨ ਕਰਕੇ 1938 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਕੇ ਸਿੱਖ ਰਾਜਨੀਤੀ ਵਿੱਚ ਰੁੱਝ ਗਏ । 1972 ਵਿਚ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਲਗਭੱਗ 50 ਸਾਲ ਸਿੱਖ ਧਰਮ ਅਤੇ ਪੰਜਾਬ ਦੀ ਸਿਆਸਤ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਅਤੇ ਛੇ ਵਾਰ ਰਾਜ ਸਭਾ ਦੇ ਮੈਂਬਰ ਅਤੇ ਇਕ ਵਾਰ ਲੋਕ ਸਭਾ ਦੇ ਮੈਂਬਰ ਵੀ ਰਹੇ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 27 ਵਾਰ ਪ੍ਰਧਾਨਗੀ ਕਰਨ ਵਾਲੇ ਜੱਥੇਦਾਰ ਟੌਹੜਾ ਨੇ ਸਿੱਖ ਸਮਾਜ ਵਿਚ ਵਿਦਿਆ ਦੇ ਪ੍ਰਸਾਰ ਲਈ ਉਚੇਚੇ ਉਦਮ ਕੀਤੇ ਅਤੇ ਸਕੂਲ, ਕਾਲਜ ਖੋਲ੍ਹਣ ਵਿਚ ਵਿਸ਼ੇਸ਼ ਰੁਚੀ ਲਈ।