ਜਿਉ ਅੰਧੁਲੇ ਪੇਖਤ ਹੋਇ ਅਨੰਦ ॥ਗੂੰਗਾ ਬਕਤ ਗਾਵੈ ਬਹੁ ਛੰਦ ॥

ਪਿੰਗੁਲ ਪਰਬਤ ਪਰਤੇ ਪਾਰਿ ॥
ਹਰਿ ਕੈ ਨਾਮਿ ਸਗਲ ਉਧਾਰਿ ॥੪॥

ਮਹਲਾ ੫ ਗੁਰੂ ਅਰਜਨ ਸਾਹਿਬ ਜੀ
ਅੰਗ : ੯੧੪

ਅਰਥ: ਜਿਵੇਂ ਕੋਈ  ਮਨੁੱਖ ਜੋ ਤੁਰ ਨਹੀਂ ਸਕਦਾ ਜੇਕਰ ਉੱਚਾ ਪਹਾੜ ਪਾਰ ਕਰ ਲਵੇ, ਤਾਂ ਉਸ ਨੂੰ ਬਹੁਤ ਵੱਡੀ ਖ਼ੁਸ਼ੀ ਮਿਲਦੀ ਹੈ।

ਠੀਕ ਉਸੇ ਤਰ੍ਹਾਂ, ਅਕਾਲ ਪੁਰਖ ਦੇ ਨਾਮ, ਭਾਵ ਗੁਰਬਾਣੀ ਦੇ ਦਿਸੇ ਰਸਤੇ ਤੇ ਚੱਲਣ ਨਾਲ

ਸਾਰੇ ਲੋਕਾਂ ਦਾ ਭਲਾ ਅਤੇ ਪਾਰ-ਉਤਾਰਾ ਭਾਵ ਮਨ ਦੀ ਸ਼ਾਂਤੀ ਤੇ ਜੀਵਨ ਵਿੱਚ ਵੱਡੀ ਖੁਸ਼ੀ ਮਿਲਦੀ ਹੈ ।



24 ਸਤੰਬਰ 1924: ਜਥੇਦਾਰ ਗੁਰਚਰਨ ਸਿੰਘ ਟੋਹੜਾ ਦਾ ਜਨਮ

ਜਥੇਦਾਰ ਗੁਰਚਰਨ ਸਿੰਘ ਟੋਹੜਾ ਦਾ ਜਨਮ 24 ਸਤੰਬਰ 1924 ਨੂੰ ਜ਼ਿਲ੍ਹਾ ਪਟਿਆਲਾ ਦੇ ਪਿੰਡ ਟੋਹੜਾ ਵਿਖੇ ਇੱਕ ਸਾਧਾਰਨ ਕਿਸਾਨੀ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਰਣਜੀਤ ਸਿੰਘ ਅਤੇ ਮਾਤਾ ਦਾ ਨਾਮ ਸਰਦਾਰਨੀ ਬਲਵੰਤ ਕੌਰ ਸੀ। ਉਨ੍ਹਾਂ ਦਾ ਨਾਮ ‘ਟੋਹੜਾ’ ਉਨ੍ਹਾਂ ਦੇ ਜਨਮ ਅਸਥਾਨ ਪਿੰਡ ਟੋਹੜਾ ਦੇ ਨਾਮ ਤੋਂ ਪਿਆ, ਕਿਉਂਕਿ ਪੰਜਾਬੀ ਸਿਆਸੀ ਅਤੇ ਧਾਰਮਿਕ ਪਰੰਪਰਾ ਅਨੁਸਾਰ ਆਗੂ ਆਪਣੇ ਪਿੰਡ ਦਾ ਨਾਮ ਆਪਣੇ ਨਾਮ ਨਾਲ ਜੋੜ ਲੈਂਦੇ ਹਨ। ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਬਾਅਦ ਵਿੱਚ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਛੋਟੀ ਉਮਰ ਵਿੱਚ ਹੀ ਉਨ੍ਹਾਂ ਅੰਦਰ ਧਾਰਮਿਕ ਦਰਦ ਅਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਹੋ ਗਈ, ਜਿਸ ਕਾਰਨ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਦੁਆਰਾ ਸੁਧਾਰ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਏ।

ਜਥੇਦਾਰ ਗੁਰਚਰਨ ਸਿੰਘ ਟੋਹੜਾ ਸਿੱਖ ਧਰਮ ਦੇ ਇਤਿਹਾਸ ਅੰਦਰ ਸਿਰਮੌਰ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ। ਉਹ ਸਿੱਖਾਂ ਦੀ ਸਭ ਤੋਂ ਉੱਚੀ ਪ੍ਰਬੰਧਕੀ ਸੰਸਥਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ (SGPC) ਦੇ ਸਭ ਤੋਂ ਲੰਮੇ ਸਮੇਂ ਤੱਕ ਪ੍ਰਧਾਨ ਰਹਿਣ ਵਾਲੇ ਆਗੂ ਸਨ। ਉਹ ਪਹਿਲੀ ਵਾਰ 1973 ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਅਤੇ ਵੱਖ-ਵੱਖ ਸਮਿਆਂ ਦੌਰਾਨ ਲਗਭਗ 27 ਸਾਲ ਤੱਕ ਇਸ ਅਹੁਦੇ ‘ਤੇ ਸੇਵਾ ਨਿਭਾਈ। ਆਪਣੇ ਪ੍ਰਧਾਨਗੀ ਕਾਲ ਦੌਰਾਨ ਉਨ੍ਹਾਂ ਨੇ ਇਤਿਹਾਸਿਕ ਗੁਰਦੁਆਰਿਆਂ ਦੀ ਦੇਖ-ਰੇਖ, ਗੁਰਮਤਿ ਪ੍ਰਚਾਰ, ਸਿੱਖ ਵਿਦਿਅਕ ਅਦਾਰਿਆਂ, ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਦੀ ਸਥਾਪਨਾ ਅੰਦਰ ਬਹੁਤ ਵੱਡਾ ਯੋਗਦਾਨ ਪਾਇਆ।

ਧਾਰਮਿਕ ਸੇਵਾ ਤੋਂ ਇਲਾਵਾ ਉਨ੍ਹਾਂ ਨੇ ਰਾਜਨੀਤੀ ਦੇ ਖੇਤਰ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਉਹ 1969 ਤੋਂ ਲੈ ਕੇ ਆਪਣੇ ਜੀਵਨ ਦੇ ਅੰਤ ਤੱਕ ਲਗਭਗ 26 ਸਾਲ ਰਾਜ ਸਭਾ ਦੇ ਮੈਂਬਰ ਰਹੇ ਅਤੇ 1977 ਵਿੱਚ ਲੋਕ ਸਭਾ ਦੇ ਮੈਂਬਰ ਵੀ ਚੁਣੇ ਗਏ। ਉਨ੍ਹਾਂ ਨੇ ਦੇਸ਼ ਦੀ ਸੰਸਦ ਅੰਦਰ ਹਮੇਸ਼ਾ ਪੰਜਾਬ ਦੇ ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। 1975 ਦੀ ਐਮਰਜੈਂਸੀ ਵਿਰੁੱਧ ਅਕਾਲੀ ਦਲ ਦੇ ਮੋਰਚੇ ਵਿੱਚ ਉਨ੍ਹਾਂ ਨੇ ਅਗਵਾਈ ਕੀਤੀ ਅਤੇ 19 ਮਹੀਨੇ ਜੇਲ੍ਹ ਯਾਤਰਾ ਕੀਤੀ। ਆਪਣਾ ਪੂਰਾ ਜੀਵਨ ਪੰਥ ਅਤੇ ਪੰਜਾਬ ਦੀ ਸੇਵਾ ਵਿੱਚ ਲਗਾਉਣ ਤੋਂ ਬਾਅਦ, 1 ਅਪ੍ਰੈਲ 2004 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਅਕਾਲ ਚਲਾਣਾ ਹੋ ਗਿਆ।