ਸਲੋਕੁ ਮਃ ੧ ॥
ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥
ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥
ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥ਮਹਲਾ ੧ – ਗੁਰੂ ਨਾਨਕ ਦੇਵ ਜੀ
ਰਾਗ ਮਾਝ ਅੰਗ ੧੪੯ (149)
ਪਾਪਾਂ ਦੇ ਕਾਰਨ ਜੋ ਜੀਵ ਜੰਮਦੇ ਹਨ, ਇਥੇ ਵੀ ਪਾਪ ਕਰਦੇ ਹਨ ਤੇ ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ ਪਾਪਾਂ ਵਿਚ ਹੀ ਪਏ ਰਹਿੰਦੇ ਹਨ ।
ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ । ਜੇ ਸਤਿਗੁਰੂ ਮਿਹਰ ਕਰੇ ਤਾਂ ਇਹ ਪਾਪ ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ ।
24 ਜੂਨ, 1885 : ਮਾਸਟਰ ਤਾਰਾ ਸਿੰਘ ਦਾ ਜਨਮ
ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ, 1885 ਨੂੰ ਰਾਵਲਪਿੰਡੀ ਜ਼ਿਲ੍ਹੇ ਦੇ ਪਿੰਡ ਹਰਿਆਲ ਵਿਚ ਪਿਤਾ ਬਖ਼ਸ਼ੀ ਗੋਪੀ ਚੰਦ ਦੇ ਘਰ ਹੋਇਆ। ਇਹ ਇਕ ਹਿੰਦੂ ਖਤਰੀ ਪ੍ਰਵਾਰ ਵਿਚੋਂ ਸਨ। ਇਨ੍ਹਾਂ ਦਾ ਪਹਿਲਾ ਨਾਮ ਨਾਨਕ ਚੰਦ ਸੀ। 1902 ਵਿਚ, ਸਿੱਖੀ ਦੀ ਗੁੜ੍ਹਤੀ, ਸੰਤ ਅਤਰ ਸਿੰਘ ਦੇ ਜਥੇ ਤੋਂ ਅੰਮ੍ਰਿਤਪਾਨ ਕਰਨ ਤੇ ਮਿਲੀ, ਜਦੋਂ ਇਨ੍ਹਾਂ ਦੀ ਉਮਰ ਅਜੇ 17 ਸਾਲ ਵੀ ਨਹੀਂ ਸੀ। 1908 ਵਿਚ ਐਮ.ਏ. ਪਾਸ ਕੀਤੀ ਤੇ ਲਾਇਲਪੁਰ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਬਣਾਏ ਗਏ।
ਖ਼ਾਲਸਾ ਸਕੂਲ ਅਤੇ ਕਾਲਜਾਂ ਦੀ ਸਥਾਪਨਾ
ਅੰਗਰੇਜ਼ਾਂ ਦੇ ਆਉਣ ਤੇ ਪਾਦਰੀਆਂ ਨੇ ਮਿਸ਼ਨ ਸਕੂਲ ਖੋਲ੍ਹਣੇ ਸ਼ੁਰੂ ਕੀਤੇ ਤੇ ਇਸਾਈ ਧਰਮ ਦਾ ਪ੍ਰਚਾਰ ਜ਼ੋਰਾਂ ਨਾਲ ਕਰਨਾ ਆਰੰਭਿਆ। ਸੁਚੇਤ ਸਿੱਖਾਂ ਨੇ ਸ਼ਹਿਰਾਂ ਤੇ ਪਿੰਡਾਂ ਵਿਚ ਖ਼ਾਲਸਾ ਸਕੂਲ ਸਥਾਪਤ ਕਰਨ ਦੀ ਮੁਹਿੰਮ ਚਲਾਈ। ਇਸੇ ਤਰ੍ਹਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਵੀ ਸਥਾਪਨਾ ਹੋਈ।
ਗੁਰਦਵਾਰਾ ਸੁਧਾਰ ਲਹਿਰ
ਜਦੋਂ ਗੁਰਦਵਾਰਾ ਸੁਧਾਰ ਲਹਿਰ ਸ਼ੁਰੂ ਹੋਈ ਤੇ ਮਾਸਟਰ ਤਾਰਾ ਸਿੰਘ ਨੇ ਜੋ ਲਾਇਲਪੁਰ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਸਨ, ਅਪਣਾ ਜੀਵਨ ਖ਼ਾਲਸਾ ਪੰਥ ਨੂੰ ਸਮਰਪਿਤ ਕਰ ਦਿਤਾ। ਗੁਰਦਵਾਰਾ ਸੁਧਾਰ ਲਹਿਰ ਦਾ ਸਿਖਰ ਸੰਨ 1920 ਤੋਂ 1925 ਤਕ ਰਿਹਾ ਤੇ ਅੰਗਰੇਜ਼ ਸਰਕਾਰ, ਜੋ ਮਹੰਤਾਂ ਦੀ ਪਿੱਠ ਪੂਰਦੀ ਸੀ, ਇਸ ਦੀ ਪੂਰੇ ਜ਼ੋਰ ਤੇ ਜਬਰ ਨਾਲ ਵਿਰੋਧਤਾ ਕੀਤੀ।
ਸਿੱਖ ਨੁਮਾਇੰਦਗੀ
ਕਾਂਗਰਸ ਦੀ ਹਮੇਸ਼ਾ ਇਹੀ ਨੀਅਤ ਰਹੀ ਹੈ ਕਿ ਅਕਾਲੀ ਦਲ ਨੂੰ ਕਾਂਗਰਸ ਵਿਚ ਸ਼ਾਮਲ ਕਰ ਲਿਆ ਜਾਵੇ। ਪਰ ਮਾਸਟਰ ਤਾਰਾ ਸਿੰਘ ਅਕਾਲੀ ਦਲ ਨੂੰ ਇਕ ਵਖਰੀ, ਸਿੱਖਾਂ ਲਈ ਨੁਮਾਇਦਾ ਜਥੇਬੰਦੀ ਦੀ ਪ੍ਰੋੜਤਾ ਕਰਦੇ ਰਹੇ। ਸੰਨ 1937 ਦੀਆਂ ਚੋਣਾਂ ਵਿਚ ਮਾਸਟਰ ਜੀ ਨੇ ਕਾਂਗਰਸ ਨਾਲ ਸੀਟਾਂ ਲਈ ਸਮੌਝਤਾ ਤਾਂ ਕੀਤਾ ਪਰ ਇਹ ਚੋਣਾਂ ਅਕਾਲੀ ਦਲ ਨੇ ਆਪ ਹੀ ਲੜੀਆਂ।
ਪੰਜਾਬ ਦੀ ਵੰਡ
ਅੰਗਰੇਜ਼ਾਂ ਨੇ ਹਿੰਦੁਸਤਾਨ ਦੀ ਰਾਜ ਸੱਤਾ ਤੋਂ ਲਾਂਭੇ ਹੋਣ ਦਾ ਮਨ ਬਣਾ ਲਿਆ ਸੀ। ਇਸ ਦੇਸ਼ ਵਿਚ ਤਿੰਨ ਕੌਮਾਂ ਹਿੰਦੂ, ਮੁਸਲਮਾਨ ਤੇ ਸਿੱਖ ਸਨ। ਇਸ ਦੇਸ਼ ਦੀ ਵੰਡ ਕਿਵੇਂ ਹੋਵੇ, ਇਹ ਅੰਗਰੇਜ਼ੀ ਸਾਮਰਾਜ ਲਈ ਵੱਡੀ ਸਮੱਸਿਆ ਸੀ।
ਸੰਨ 1945 ਦੀ ਹੋਈ ਅਕਾਲੀ ਕਾਨਫ਼ਰੰਸ ਵਿਚ ‘ਆਜ਼ਾਦ ਪੰਜਾਬ’ ਦੀ ਸਕੀਮ ਦਾ ਐਲਾਨ ਕੀਤਾ ਤੇ ਪੰਜਾਬ ਦੇ ਪੁਨਰਗਠਨ ਦੀ ਮੰਗ ਰੱਖ ਦਿਤੀ। ਸਿੱਖ ਨੇਤਾ, ਕਾਂਗਰਸ ਦੇ ਪਿੱਛਲਗ ਬਣ ਕੇ ਵਿਚਰਨ, ਉਨ੍ਹਾਂ ਨੂੰ ਮੰਨਜ਼ੂਰ ਨਹੀਂ ਸੀ। ਅਪਣੀ ਆਜ਼ਾਦ ਹਸਤੀ ਰੱਖਣ ਦਾ ਵੀ ਕੋਈ ਉਪਰਾਲਾ ਨਹੀਂ ਸੀ ਬਣ ਰਿਹਾ। ਮਾਸਟਰ ਜੀ ਨੇ ਕਾਂਗਰਸ ਤੇ ਮੁਸਲਮ ਲੀਗ ਦੀ ਅੰਗਰੇਜ਼ਾਂ ਨਾਲ ਹੁੰਦੀ ਹਰ ਗੱਲਬਾਤ ਤੇ ਗੰਭੀਰਤਾ ਨਾਲ ਨਜ਼ਰਸਾਨੀ। ਸੰਨ 1945 ਵਿਚ ਸ਼ਿਮਲੇ ਵਿਚ ਲਾਰਡ ਵੇਲਜ਼ ਵਲੋਂ ਸੱਦੀ ਮੀਟਿੰਗ ਵਿਚ ਸਪੱਸ਼ਟ ਕਹਿ ਦਿਤਾ ਗਿਆ ਕਿ ਸਿੱਖ ਅੰਗਰੇਜ਼ ਦੀ ਦੱਸੀ ਹੋਈ ਸਕੀਮ ਪ੍ਰਵਾਨ ਕਰਨ ਪਰ ਸਿੱਖ ਲੀਡਰਾਂ ਨੂੰ ਇਹ ਮੰਨਜ਼ੂਰ ਨਹੀਂ ਸੀ।
ਬਰਤਾਨਵੀ ਸਰਕਾਰ ਨੇ ਮਾਰਚ, 1947 ਵਿਚ ਲਾਰਡ ਮਾਊਟਬੈਟਨ ਨੂੰ ਹਿੰਦੂਸਤਾਨ ਦਾ ਵਾਇਸਰਾਏ ਬਣਾ ਕੇ ਭੇਜਿਆ ਤੇ ਰਾਜ ਸੱਤਾ ਦੀ ਬਦਲੀ ਦਾ ਕਾਰਜ ਦਿਤਾ ਗਿਆ। ਸਿੱਖ ਨੇਤਾ, ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ 18 ਅਪ੍ਰੈਲ, 1947 ਨੂੰ ਵਾਇਸਰਾਏ ਨੂੰ ਮਿਲੇ ਤੇ ਪਾਕਿਸਤਾਨ ਬਣਾਏ ਜਾਣ ਦੀ ਸੂਰਤ ਵਿਚ, ਪੰਜਾਬ ਦੀ ਵੰਡ ਤੇ ਆਬਾਦੀ ਤੋਂ ਵੱਧ ਪ੍ਰਤੀਨਿਧਤਾ ਦੇ ਨਿਯਮ ਨੂੰ ਲਾਗੂ ਕਰਨ ਤੇ ਦਬਾਅ ਪਾਇਆ ਪਰ ਵਾਇਸਰਾਏ ਨਾ ਮੰਨਿਆ। ਮਾਸਟਰ ਤਾਰਾ ਸਿੰਘ ਨੇ ਹਰ ਪੜਾਅ ਤੇ ਯਤਨ ਕੀਤੇ ਤਾਕਿ ਸਿੱਖ ਕੌਮ ਦੇ ਹਿਤਾਂ ਦੀ ਸੁਰੱਖਿਆ ਕੀਤੀ ਜਾ ਸਕੇ ਪਰ ਨਾ ਤਾਂ ਅੰਗਰੇਜ਼ ਸਰਕਾਰ ਮੰਨੀ ਤੇ ਨਾ ਹੀ ਜਿਨਾਹ ਨੇ ਇਹ ਮੰਗ ਪ੍ਰਵਾਨ ਕੀਤੀ।
ਮੁਸਲਿਮ ਲੀਗ ਵਲੋਂ ਜਿਨਾਹ ਨੇ ਪੇਸ਼ਕਸ਼ ਕੀਤੀ ਕਿ ਸਿੱਖ ਪਾਕਿਸਤਾਨ ਦੀ ਮੰਗ ਦੀ ਹਮਾਇਤ ਕਰ ਦੇਣ ਤਾਂ ਉਹ ਉਨ੍ਹਾਂ ਨੂੰ ਪਾਕਿਸਤਾਨ ਵਿਚ ਵੱਡੀ ਰਿਆਇਤ ਦੇਣਗੇ, ਭਾਵ ਪਾਕਿਸਤਾਨ ਵਿਚ ਸਿੱਖ ਸਟੇਟ ਬਣਾਈ ਜਾ ਸਕਦੀ ਹੈ। ਮਾਸਟਰ ਤਾਰਾ ਸਿੰਘ ਨੇ ਜਿਨਾਹ ਪਾਸੋਂ ਪੁਛਿਆ ਕਿ ਸੰਤੁਸ਼ਟ ਨਾ ਹੋਣ ਤੇ ਸਿੱਖਾਂ ਨੂੰ 10 ਸਾਲ ਬਾਅਦ ਪਾਕਿਸਤਾਨ ਨਾਲੋਂ ਅੱਡ ਹੋ ਕੇ ਸੁਤੰਤਰ ਹੋਣ ਦਾ ਹੱਕ ਹੋਵੇਗਾ? ਪਰ ਇਸ ਤੇ ਜਿਨਾਹ ਦਾ ਜਵਾਬ ਨਾਂਹ ਵਿਚ ਸੀ।
ਕਾਂਗਰਸੀ ਆਗੂਆਂ ਨੇ ਭਰੋਸਾ ਦਿਤਾ ਕਿ ਨਵੇਂ ਹਿੰਦੁਸਤਾਨ ਵਿਚ ਉਹ ਖਿੱਤਾ ਸੁਨਿਸ਼ਚਤ ਹੋਵੇਗਾ ਜਿਥੇ ਉਹ ਆਪਣੀ ਬੋਲੀ, ਸਭਿਅਤਾ ਤੇ ਧਰਮ ਦੀ ਪ੍ਰਫੁਲਤਾ ਮਾਣ ਸਕਣਗੇ। ਜਿਨਾਹ ਤੇ ਤਾਂ ਇਤਬਾਰ ਕੀਤਾ ਨਹੀਂ ਸੀ ਜਾ ਸਕਦਾ ਤੇ ਅੰਗਰੇਜ਼ ਕੋਈ ਵਖਰਾ ਖਿੱਤਾ ਦੇਣਾ ਨਹੀਂ ਸੀ ਚਾਹੁੰਦੇ, ਫਿਰ ਮਾਸਟਰ ਤਾਰਾ ਸਿੰਘ ਕੋਲ ਸਿਵਾਏ ਕਾਂਗਰਸੀ ਆਗੂਆਂ ਦੇ ਭਰੋਸੇ ਤੇ ਇਤਬਾਰ ਕਰਨ ਤੋਂ ਬਿਨਾਂ ਕੁੱਝ ਹੈ ਹੀ ਨਹੀਂ ਸੀ।
ਪੰਜਾਬੀ ਸੂਬੇ ਦੀ ਮੰਗ
ਦੇਸ਼ ਦੀ ਆਜ਼ਾਦੀ ਤੋਂ ਬਾਅਦ, ਉਨ੍ਹਾਂ ਨੇ ਕਾਂਗਰਸੀ ਆਗੂਆਂ ਨੂੰ ਅਪਣੇ ਦਿਤੇ ਹੋਏ ਵਾਅਦੇ ਵੀ ਯਾਦ ਕਰਵਾਏ। ਇਕ ਬਹੁਤ ਵੱਡਾ ਰੋਸ ਮਾਰਚ ਦਿੱਲੀ ਵਿਚ ਕਰਨ ਦਾ ਪ੍ਰੋਗਰਾਮ ਉਲੀਕਆ। ਮਾਸਟਰ ਤਾਰਾ ਸਿੰਘ ਨੂੰ ਨਰੇਲਾ ਰੇਲਵੇ ਸਟੇਸ਼ਨ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਪੰਜਾਬੀ ਸੂਬੇ ਦੇ ਨਾਹਰੇ ਉਤੇ ਪਾਬੰਦੀ ਵਿਰੁਧ 24 ਹਜ਼ਾਰ ਸਿੱਖਾਂ ਨੇ ਗ੍ਰਿਫ਼ਤਾਰੀ ਦਿਤੀ।
ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੋਰਚਾ ਜਾਰੀ ਰਿਹਾ ਤੇ ਅੰਤ ਕੇਂਦਰ ਸਰਕਾਰ ਨਾ ਚਾਹੁੰਦੇ ਹੋਈ ਵੀ ਝੁਕੀ ਤੇ ਪੰਜਾਬ ਦਾ ਪੁਨਰਗਠਨ ਹੋਇਆ ਤੇ ਅਜੋਕਾ ਲਾਚਾਰ ਜਿਹਾ ਪੰਜਾਬ ਹੋਂਦ ਵਿਚ ਆਇਆ।
ਬੇਲਾਗ ਤੇ ਬੇਦਾਗ ਸ਼ਖ਼ਸੀਅਤ
‘ਮੈਂ ਉਜੱੜਾਂ, ਪੰਥ ਜੀਵੇ !’ ਦਾ ਨਾਹਰਾ ਲਾਉਣ ਵਾਲੇ ਬੇਲਾਗ, ਬੇਦਾਗ ਤੇ ਇਮਾਨਦਾਰ ਆਗੂ ਮਾਸਟਰ ਤਾਰਾ ਸਿੰਘ ਨੇ ਸਾਰੇ ਜੀਵਨ ਕਾਲ ਵਿਚ ਕੋਈ ਵੀ ਅਹੁਦਾ ਸਵੀਕਾਰ ਨਾ ਕੀਤਾ। ਉਹ ਕਿਹਾ ਕਰਦੇ ਸਨ ਕਿ ‘ਅਕਾਲੀ ਦਲ ਕਾਇਮ ਤਾਂ ਹੈ, ਜੇ ਇਸ ਦਾ ਪ੍ਰਧਾਨ ਕੋਈ ਅਹੁਦਾ ਨਹੀਂ ਕਬੂਲਦਾ। ਜਿਸ ਦਿਨ ਅਕਾਲੀ ਦਲ ਦੇ ਪ੍ਰਧਾਨ ਨੇ ਕੋਈ ਅਹੁਦਾ ਕਬੂਲ ਕਰ ਲਿਆ ਉਸ ਦਿਨ ਪੰਥ ਦੀ ਆਵਾਜ਼ ਖੇਰੂੰ-ਖੇਰੂੰ ਹੋ ਜਾਵੇਗੀ।’
ਉਹ ਅਕਸਰ ਕਹਿੰਦੇ ਸਨ ਕਿ ‘ਹਿੰਦੂਸਤਾਨ ਤੋਂ ਵੱਖ ਹੋਣ ਦਾ ਹਾਮੀ ਨਹੀਂ ਪਰ ਹਿੰਦੂਆਂ ਦਾ ਗੁਲਾਮ ਬਣ ਕੇ ਵੀ ਨਹੀਂ ਰਹਿਣਾ ਚਾਹੁੰਦੈ।’
22 ਨਵੰਬਰ, 1967 ਨੂੰ ਸੰਖੇਪ ਜਹੀ ਬਿਮਾਰੀ ਤੋਂ ਬਾਅਦ, ਮਾਸਟਰ ਤਾਰਾ ਸਿੰਘ ਚੰਡੀਗੜ੍ਹ ਦੇ ਹਸਪਤਾਲ ਵਿਚ ਚਲਾਣਾ ਕਰ ਗਏ। ਉਨ੍ਹਾ ਨੂੰ ਕੌਮ ਵਲੋਂ ਪੰਥ ਰਤਨ ਦੇ ਸਨਮਾਨ ਨਾਲ ਨਿਵਾਜਿਆ ਗਿਆ।