ਸਲੋਕੁ ॥

ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੨੮੧ (282)

ਚਤੁਰਾਈ ਛੱਡੋ ਤੇ ਉਸ ਇੱਕੋ ਰੱਬ ਨੂੰ ਸਿਮਰੋ; ਕੇਵਲ ਉਸ ਮਾਲਕ ਦੀ ਦੀ ਆਸ ਮਨ ਵਿਚ ਰੱਖੋ । ਇਸ ਤਰ੍ਹਾਂ ਸਾਡੇ ਸਾਰੇ ਦੁੱਖ ਵਹਮ ਤੇ ਡਰ ਦੂਰ ਹੋ ਸਕਦੇ ਹਨ ।


24 ਜੁਲਾਈ, 1954 : ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦਾ ਅਕਾਲ ਚਲਾਣਾ

ਬਾਬਾ ਗੁਰਦਿੱਤ ਸਿੰਘ ਸਰਹਾਲੀ ਹੁਣਾਂ ਦੀ ਅਗਵਾਈ ਹੇਠ ਗੁਰੂ ਨਾਨਕ ਜਾਹਜ਼ (ਕਾਮਾ ਗਾਟਾ ਮਾਰੂ) ਹਾਂਗਕਾਂਗ ਤੋਂ ਕਨੈਡਾ ਦੇ ਲਈ 4 ਅਪ੍ਰੈਲ, 1914 ਨੂੰ ਰਵਾਨਾ ਹੋਇਆ ਸੀ। ਇਸ ਵਿੱਚ 376 ਮੁਸਾਫ਼ਰ ਸਵਾਰ ਸਨ ਇਹ ਹਾਂਗਕਾਂਗ, ਸ਼ੰਘਾਈ, ਚੀਨ ਦੇ ਰਸਤਿਉਂ ਹੋ ਕੇ ਯੋਕੋਹਾਮਾ, ਜਪਾਨ ਵਿੱਚੋਂ ਲੰਘਦਿਆਂ ਹੋਇਆਂ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਪੁੱਜਾ ਸੀ।

ਇਹਨਾਂ ਵਿੱਚੋਂ 24 ਮੁਸਾਫਰਾਂ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਜਦਕਿ ਬਾਕੀ 352 ਮੁਸਾਫ਼ਰਾਂ ਨੂੰ ਵੈਨਕੂਵਰ ਕੈਨੇਡਾ ਦੀ ਧਰਤੀ ਉੱਤੇ ਉੱਤਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ ਅਤੇ ਜਹਾਜ਼ ਨੂੰ ਭਾਰਤ ਵਾਪਸ ਪਰਤਣ ਲਈ ਮਜ਼ਬੂਰ ਕੀਤਾ ਗਿਆ ਸੀ। ਇਨ੍ਹਾਂ ਮੁਸਾਫ਼ਰਾਂ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸ਼ਾਮਲ ਸਨ । ਕੈਨੇਡਾ ਦੇ ਨਸਲੀ ਕਾਨੂੰਨ ਦੇ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਿੱਧੇ ਪੁੱਜੇ ਮੁਸਾਫ਼ਰਾਂ ਨੂੰ ਵੀ ਸਮੁੰਦਰੀ ਪੋਰਟ ਤੇ ਰੋਕ ਕੇ ਕੈਨੇਡਾ ਦੇ ਅੰਦਰ ਪੈਰ ਧਰਨ ਦੀ ਇਜਾਜ਼ਤ ਨਾ ਦਿਤੀ । ਇਹ ਜਦੋ-ਜਹਿਦ ਕਾਫ਼ੀ ਲੰਮੀ ਚਲੀ ਪਰ ਜਦੋਂ ਫੇਰ ਵੀ ਇਜਾਜ਼ਤ ਨਾ ਮਿਲੀ ਤਾਂ ਸਿੱਖ ਵੀ ਆਪਣੇ ਹਕਾਂ ਦੇ ਲਈ ਡੱਟ ਗਏ । ਆਖਰ ਜਦੋਂ ਕੈਨੇਡਾ ਦੇ ਹਾਕਮਾਂ ਨੇ ਇਨ੍ਹਾਂ ਨੂੰ ਡਟਿਆਂ ਦੇਖਿਆ ਤਾਂ ਉਨ੍ਹਾਂ ਨੇ ਜਹਾਜ਼ ਉੱਤੇ ਫ਼ਾਇਰਿੰਗ ਤਕ ਕਰਨ ਦੀ ਧਮਕੀ ਦੇ ਦਿਤੀ ।

ਅਖ਼ੀਰ 23 ਜੁਲਾਈ, 1914 ਨੂੰ ਜਹਾਜ਼ ਕਲਕੱਤੇ ਦੇ ਲਈ ਵਾਪਸ ਪਰਤ ਪਿਆ ਅਤੇ ਦੋ ਮਹੀਨੇ ਦੇ ਲੰਬੇ ਸਫ਼ਰ ਮਗਰੋਂ ਇਹ ਜਹਾਜ਼ 26 ਸਤੰਬਰ, 1914 ਨੂੰ ਕਿਲਪੀ ਪੋਰਟ ਵਿੱਖੇ ਪੂਜਾ ਜਿੱਥੇ ਜਹਾਜ ਦੀ ਪੂਰੀ ਤਲਾਸ਼ੀ ਲੈਣ ਮਗਰੋਂ ਇਸ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ।

29 ਸਤੰਬਰ, 1914 ਨੂੰ ਜਦੋਂ ਕਾਮਾਗਾਟਾਮਾਰੂ ਜਹਾਜ਼ ਕਲਕਤੇ ਦੇ ਬਜਬਜ ਘਾਟ ਪਹੁੰਚਿਆ ਤਾਂ ਇੱਥੇ ਇੱਕ ਸਪੈਸ਼ਲ ਗੱਡੀ ਮੁਸਾਫ਼ਰਾਂ ਨੂੰ ਪੰਜਾਬ ਲਿਜਾਣ ਵਾਸਤੇ ਤਿਆਰ ਖੜੀ ਸੀ। ਮੁਸਾਫ਼ਰਾਂ ਨੇ ਇਸ ਵਿੱਚ ਬੈਠਣ ਤੋਂ ਨਾਂਹ ਕਰ ਦਿਤੀ, ਗਲ ਵਿਗੜਦੀ ਵੇਖ ਕੇ, ਬ੍ਰਿਟਿਸ਼ ਵਲੋਂ ਕਲਕੱਤਾ ਦੇ ਇਸ ‘ਬਾਜਬਾਜ ਘਾਟ’ ਤੇ ਖੜੇ ਜਹਾਜ਼ ਉੱਤੇ ਫਾਇਰਿੰਗ ਕੀਤੀ ਗਈ।

18 ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਜ਼ਖਮੀ ਵੀ ਹੋਏ। ਇੰਜ ਕਾਮਾਗਾਟਾਮਾਰੂ ਜਹਾਜ ਦੀ ਦਾਸਤਾਨ ਉਸ ਵਕਤ ਦੀ ਕੈਨੇਡੀਅਨ ਸਰਕਾਰ ਦੇ ਸਖਤ ਅਤੇ ਅਣਮਨੁੱਖੀ ਰਵੱਈਏ ਤੋਂ ਇਲਾਵਾ ਕੈਨੇਡੀਅਨ ਸਰਕਾਰ ਦੀ ਨਸਲੀ ਨੀਤੀ ਅਤੇ ਨਸਲੀ ਕਾਨੂੰਨ ਦੀ ਵੀ ਕਹਾਣੀ ਹੈ।

ਇਸ ਘਟਨਾ ਦਾ ਸਿੱਟਾ ਇਹ ਨਿਕਲਿਆ ਕੇ ਇਸ ਘਟਨਾਂ ਤੋਂ ਝੱਟ ਮਗਰੋਂ, ਗ਼ਦਰ ਪਾਰਟੀ ਵੱਲੋ ਇਕ ਕਿਸਮ ਦੇ ਜੰਗ ਦਾ ਐਲਾਨ ਕਰ ਦਿੱਤਾ ਗਿਆ।

ਉਧਰ ਪੁਲਿਸ ਦੀਆਂ ਗੋਲੀਆਂ ਤੋਂ ਬਚ ਨਿਕਲੇ ਗ਼ਦਰੀ ਬਾਬਾ ਗੁਰਦਿੱਤ ਸਿੰਘ 1920 ਤਕ ਅੰਡਰ ਗਰਾਊਂਡ ਰਹੇ। ਬਾਅਦ ਦੇ ਵਿੱਚ ਮਹਾਤਮਾ ਗਾਂਧੀ ਦੇ ਕਹਿਣ ਤੇ ਬਾਬਾ ਜੀ ਨੇ ਨਨਕਾਣਾ ਸਾਹਿਬ ਵਿਖੇ ਆਤਮ ਸਮਰਪਣ ਕਰ ਦਿੱਤਾ ਅਤੇ ਉਨ੍ਹਾਂ ਨੂੰ ਪੰਜ ਸਾਲ ਦੇ ਲਈ ਜੇਲ੍ਹ ਭੇਜ ਦਿੱਤਾ ਗਿਆ।

24 ਜੁਲਾਈ, 1954 ਨੂੰ ਬਾਬਾ ਗੁਰਦਿੱਤ ਸਿੰਘ ਜੀ ਅਕਾਲ ਚਲਾਣਾ ਕਰ ਗਏ।


24 ਜੁਲਾਈ, 1985 : ਰਾਜੀਵ-ਲੌਂਗੋਵਾਲ ਸਮਝੌਤੇ ‘ਤੇ ਦਸਤਖ਼ਤ

ਪੰਜਾਬ ਸਮੱਸਿਆ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਅਤੇ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦਰਮਿਆਨ ਇੱਕ ਲਿਖਤੀ ਸਮਝੌਤਾ 24 ਜੁਲਾਈ, 1985 ਵਾਲੇ ਦਿਨ ਹੋਇਆ।

ਇਸ ਸਮਝੌਤੇ ਨੂੰ ਰਾਜੀਵ-ਲੌਂਗੋਵਾਲ ਸਮਝੌਤੇ ਵਜੋਂ ਜਾਣਿਆ ਜਾਂਦਾ ਹੈ। ਉਸ ਸਮੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹਦਾਇਤ ਉਤੇ ਇਸ ਸਮਝੌਤੇ ਦਾ ਖਾਕਾ ਤਿਆਰ ਕਰਨ ਵਾਲੇ ਪੰਜਾਬ ਦੇ ਰਾਜਪਾਲ ਅਰਜੁਨ ਸਿੰਘ ਸਨ।

ਇਸ ਸਮਝੌਤੇ ਦੀ ਮੁੱਖ ਮੱਦਾਂ ਵਿੱਚ – ਭਾਰਤ ਸਰਕਾਰ ‘ਆਲ ਇੰਡੀਆ ਗੁਰਦੁਆਰਾ ਐਕਟ’ ਦੇ ਬਿੱਲ ਤੇ ਵਿਚਾਰ ਕਰਨ ਲਈ ਸਹਿਮਤੀ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਕੈਪੀਟਲ ਪ੍ਰੋਜੈਕਟ ਏਰੀਆ ਪੂਰੀ ਤਰ੍ਹਾਂ ਪੰਜਾਬ ਨੂੰ ਮਿਲਣਾ ਨਿਸ਼ਚਿਤ ਕੀਤਾ ਗਿਆ ਸੀ।

ਇਹ ਸਮਝੌਤਾ ਫੇਲ ਹੋ ਗਿਆ ਅਤੇ ਕਦੇ ਨੇਪਰੇ ਨਹੀਂ ਚੜਿਆ।


24 ਜੁਲਾਈ, 1991 : ਭਾਰਤ ਦੇ ਵਿੱਤ ਮੰਤਰੀ ਡਾ: ਮਨਮੋਹਨ ਸਿੰਘ ਦਾ ਪਹਿਲਾ ਬਜ਼ਟ ਦਾ ਭਾਸ਼ਨ

ਬਤੌਰ ਭਾਰਤ ਦੇ ਵਿੱਤ ਮੰਤਰੀ, ਡਾ: ਮਨਮੋਹਨ ਸਿੰਘ ਨੇ ਪਹਿਲਾ ਬਜ਼ਟ ਦਾ ਭਾਸ਼ਨ 24 ਜੁਲਾਈ, 1991 ਨੂੰ ਪੇਸ਼ ਕੀਤਾ। ਇਸ ਬੱਜਟ ਨੂੰ ਆਰਥਿਕ ਸੁਧਾਰਾਂ ਦੀ ਦ੍ਰਿਸ਼ਟੀ ਨਾਲ ਇੱਕ ਇਤਿਹਾਸਕ ਬੱਜਟ ਮੰਨਿਆਂ ਜਾਂਦਾ ਹੈ।

ਜਿਸ ਵਕਤ ਡਾ. ਮਨਮੋਹਨ ਸਿੰਘ ਨੂੰ ਪੀ.ਵੀ. ਨਰਸਿਮਹਾ ਰਾਓ ਨੇ ਆਪਣੀ ਕੈਬਨਿਟ ਵਿੱਚ ਵਿੱਤ ਮੰਤਰੀ ਬਣਾਇਆ ਉਸ ਵਕਤ ਆਰਥਿਕ ਪੈਮਾਨੇ ਉਪਰ ਭਾਰਤ ਦੀ ਮੰਦਹਾਲੀ ਆਪਣੇ ਸਿਖਰਾਂ ਉਪਰ ਸੀ। ਅਗਰ ਉਸ ਵਕਤ ਡਾ. ਮਨਮੋਹਨ ਸਿੰਘ ਵਿੱਤ ਮੰਤਰੀ ਵਜੋਂ ਭਾਰਤ ਦੀ ਕਮਾਨ ਨਾ ਸੰਭਾਲਦੇ ਤਾਂ ਭਾਰਤ ਦੀ ਆਰਥਿਕ ਮੰਦਹਾਲੀ ਵਿੱਚ ਆਰਥਿਕ ਪੱਖੋਂ ਭਾਰਤ ਲਗਪਗ ਡੁੱਬਣ ਕਿਨਾਰੇ ਉਪਰ ਸੀ।

ਆਪਣੇ ਪਹਿਲੇ ਬਜਟ ਭਾਸ਼ਣ ਦੇ ਸ਼ੁਰੂਆਤ ਵਿੱਚ ਡਾ. ਮਨਮੋਹਨ ਸਿੰਘ ਨੇ ‘ਵਿਕਟਰ ਹਿਊਗੋ’ ਦੇ ਮਸ਼ਹੂਰ ਕਥਨ (ਕੁਟੇਸ਼ਨ) ਦਾ ਜ਼ਿਕਰ ਕੀਤਾ, ਕਿ :

ਦੁਨੀਆਂ ਦੀ ਕੋਈ ਤਾਕਤ ਉਸ ਵਿਚਾਰ ਨੂੰ ਨਹੀਂ ਰੋਕ ਸਕਦੀ, ਜਿਸ ਵਿਚਾਰ ਦਾ ਸਮਾਂ ਆ ਚੁੱਕਿਆ ਹੋਵੇ !
ਵਿਕਟਰ ਹਿਊਗੋ