ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ਨਾਂ ਤਸਵੀਸੁ ਖਿਰਾਜੁ ਨ ਮਾਲੁ ॥
ਖਉਫੁ ਨ ਖਤਾ ਨ ਤਰਸੁ ਜਵਾਲੁ ॥

 ਭਗਤ ਰਵਿਦਾਸ ਜੀ
 ਰਾਗ ਗਉੜੀ  ਅੰਗ ੩੪੫

ਭਗਤ ਰਵਿਦਾਸ ਜੀ ਦਸਦੇ ਹਨ ਕਿ – ਇਸ ਆਤਮਕ ਅਵਸਥਾ-ਰੂਪ ਨਗਰੀ ‘ਬੇਗਮ-ਪੁਰਾ’ ਵਿਚ ਮੈਂ ਵੱਸਦਾ ਹਾਂ । ਭਾਵ, ਇਸ ਅਵਸਥਾ ਵਿਚ ਕੋਈ ਗ਼ਮ, ਦੁੱਖ, ਚਿੰਤਾ, ਘਬਰਾਹਟ ਨਹੀਂ ਹੁੰਦੀ । ਇਥੇ ਕੋਈ ਜਾਇਦਾਦ ਨਹੀਂ, ਨਾ ਕੋਈ ਮਸੂਲ (ਟੈਕਸ) ਹੈ; ਇਸ ਅਵਸਥਾ ਵਿਚ ਕਿਸੇ ਪਾਪ-ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਆਤਮਿਕ ਗਿਰਾਵਟ ਨਹੀਂ ।


24 ਫਰਵਰੀ, 1378 : ਜਨਮ-ਪੁਰਬ ਭਗਤ ਰਵਿਦਾਸ ਜੀ

ਭਗਤ ਰਵਿਦਾਸ ਦਾ ਜਨਮ 24 ਫਰਵਰੀ, 1378 ਨੂੰ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕੌਸ ਦੇਵੀ ਜੀ ਦੀ ਕੁਖੋਂ ਕਾਂਸ਼ੀ, ਬਨਾਰਸ ਵਿਖੇ ਹੋਇਆ । ਉਹ ਇਕ ਸਮਾਜ ਸੁਧਾਰਕ, ਮਾਨਵਵਾਦੀ, ਧਾਰਮਿਕ ਮਨੁੱਖ, ਚਿੰਤਕ ਅਤੇ ਮਹਾਨ ਕਵੀ ਸਨ । ਉਨ੍ਹਾਂ ਦਾ ਸੰਬੰਧ ਦੁਨਿਆਵੀ ਤੌਰ ਤੇ ਕੁਟਬਾਂਢਲਾ ਚਮਾਰ ਜਾਤੀ ਨਾਲ ਸੀ ਜੋ ਉਸ ਵਕਤ ਇਕ ਅਛੂਤ ਜਾਤ ਮੰਨੀ ਜਾਂਦੀ ਸੀ ।

ਭਗਤ ਰਵਿਦਾਸ ਜੀ ਦੇ 40 ਸ਼ਬਦ, 16 ਰਾਗਾਂ ਹੇਠ, ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ । ਉਨ੍ਹਾਂ ਦੀ ਰਚਨਾ ਗੁਰੂ, ਬ੍ਰਹਮੰਡ ਅਤੇ ਕੁਦਰਤਿ ਨਾਲ ਪ੍ਰੇਮ ਦਾ ਸੁਨੇਹਾ ਦਿੰਦੀ ਹੈ ਅਤੇ ਜਾਤੀ ਪ੍ਰਥਾ ਦਾ ਵਿਰੋਧ ਕਰਦੀ ਹੈ ।


.